ਉਨਟਾਰੀਓ ਵਿਚ ਲਗਾਤਾਰ ਤੀਜੀ ਵਾਰ, ਡਗ ਫ਼ੋਰਡ ਸਰਕਾਰ
ਉਨਟਾਰੀਓ ਦੇ ਸਿਆਸੀ ਇਤਿਹਾਸ ਵਿਚ ਡਗ ਫ਼ੋਰਡ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਜਿਨ੍ਹਾਂ ਦੀ ਅਗਵਾਈ ਹੇਠ ਪੀ.ਸੀ. ਪਾਰਟੀ ਲਗਾਤਾਰ ਤੀਜੀ ਵਾਰ ਬਹੁਮਤ ਵਾਲੀ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ।

ਟੋਰਾਂਟੋ : ਉਨਟਾਰੀਓ ਦੇ ਸਿਆਸੀ ਇਤਿਹਾਸ ਵਿਚ ਡਗ ਫ਼ੋਰਡ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਜਿਨ੍ਹਾਂ ਦੀ ਅਗਵਾਈ ਹੇਠ ਪੀ.ਸੀ. ਪਾਰਟੀ ਲਗਾਤਾਰ ਤੀਜੀ ਵਾਰ ਬਹੁਮਤ ਵਾਲੀ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ। 1959 ਤੋਂ ਬਾਅਦ ਪਹਿਲੀ ਵਾਰ ਅਜਿਹਾ ਸੰਭਵ ਹੋ ਸਕਿਆ ਹੈ। ਦੂਜੇ ਪਾਸੇ ਲਿਬਰਲ ਪਾਰਟੀ ਨਾਲ ਜੱਗੋਂ ਤੇਰਵੀਂ ਹੋ ਗਈ ਅਤੇ ਐਨ.ਡੀ.ਪੀ. ਤੋਂ ਵੱਧ ਵੋਟਾਂ ਮਿਲਣ ਦੇ ਬਾਵਜੂਦ ਸੀਟਾਂ ਘੱਟ ਮਿਲੀਆਂ ਅਤੇ ਵਿਰੋਧੀ ਧਿਰ ਦਾ ਦਰਜਾ ਹੱਥ ਨਾ ਆ ਸਕਿਆ। ਇਥੋਂ ਤੱਕ ਕਿ ਲਿਬਰਲ ਆਗੂ ਬੌਨੀ ਕਰੌਂਬੀ ਆਪਣੀ ਸੀਟ ਵੀ ਹਾਰ ਗਏ। ਉਨਟਾਰੀਓ ਵਿਧਾਨ ਸਭਾ ਵਿਚ ਪੁੱਜੇ ਪੰਜਾਬੀਆਂ ਦੀ ਗਿਣਤੀ ਪੰਜ ਹੀ ਰਹੀ ਅਤੇ ਸਭਨਾਂ ਨੇ ਪੀ.ਸੀ. ਪਾਰਟੀ ਵੱਲੋਂ ਜਿੱਤ ਦਰਜ ਕੀਤੀ ਜਿਨ੍ਹਾਂ ਵਿਚ ਪ੍ਰਭਮੀਤ ਸਰਕਾਰੀਆ, ਅਮਰਜੋਤ ਸੰਧੂ, ਹਰਦੀਪ ਸਿੰਘ ਗਰੇਵਾਲ, ਨੀਨਾ ਤਾਂਗੜੀ ਅਤੇ ਦੀਪਕ ਆਨੰਦ ਸ਼ਾਮਲ ਹਨ। 124 ਸੀਟਾਂ ਵਾਲੀ ਵਿਧਾਨ ਸਭਾ ਵਿਚ ਪੀ.ਸੀ. ਪਾਰਟੀ ਨੂੰ 80, ਐਨ.ਡੀ.ਪੀ. ਨੂੰ 27, ਲਿਬਰਲ ਪਾਰਟੀ ਨੂੰ 14 ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ ਜਦਕਿ ਇਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ਵਿਚ ਗਈ।
ਪੀ.ਸੀ. ਪਾਰਟੀ ਨੂੰ 80 ਸੀਟਾਂ, ਐਨ.ਡੀ.ਪੀ. ਨੂੰ 27 ਅਤੇ ਲਿਬਰਲ ਪਾਰਟੀ ਨੂੰ 14 ਸੀਟਾਂ
ਪੀ.ਸੀ. ਪਾਰਟੀ ਦੇ ਆਗੂ ਡਗ ਫ਼ੋਰਡ ਨੇ ਜੇਤੂ ਭਾਸ਼ਣ ਦੌਰਾਨ ਕਿਹਾ ਕਿ ਟਰੰਪ ਦੀਆਂ ਟੈਰਿਫਸ ਦਾ ਟਾਕਰਾ ਕਰਨ ਵਾਸਤੇ ਅਸੀਂ ਲੋਕਾਂ ਤੋਂ ਵੱਡਾ ਫ਼ਤਵਾ ਮੰਗਿਆ ਜੋ ਮਿਲ ਚੁੱਕਾ ਹੈ। ਡੌਨਲਡ ਟਰੰਪ ਸੋਚਦਾ ਹੈ ਕਿ ਸਾਡੇ ਦਰਮਿਆਨ ਵੰਡੀਆਂ ਪਾ ਦੇਵੇਗਾ, ਸਾਨੂੰ ਜਿੱਤ ਲਵੇਗਾ ਪਰ ਅਮਰੀਕਾ ਦਾ ਰਾਸ਼ਟਰਪਤੀ ਇਹ ਨਹੀਂ ਜਾਣਦਾ ਕਿ ਅਸੀਂ ਕੌਣ ਹਾਂ। ਉਹ ਸਾਨੂੰ ਕਮਜ਼ੋਰ ਸਮਝਣ ਦੀ ਭੁੱਲ ਕਰ ਬੈਠਾ ਹੈ ਪਰ ਕੈਨੇਡਾ ਵਾਲਿਆਂ ਦੇ ਜਜ਼ਬੇ ਅੱਗੇ ਟਿਕਣਾ ਔਖਾ ਹੋ ਜਾਵੇਗਾ। ਇਥੇ ਦਸਣਾ ਬਣਦਾ ਹੈ ਕਿ ਇਟੋਬੀਕੋ ਨੌਰਥ ਹਲਕੇ ਤੋਂ ਡਗ ਫ਼ੋਰਡ 15,120 ਵੋਟਾਂ ਲੈ ਕੇ ਜੇਤੂ ਅਤੇ ਲਿਬਰਲ ਪਾਰਟੀ ਦੀ ਜੂਲੀ ਲੂਟੇਟ ਨੂੰ ਹਰਾਇਆ। ਉਧਰ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਡੈਵਨਪੋਰਟ ਹਲਕੇ ਤੋਂ 22,145 ਵੋਟਾਂ ਲੈ ਕੇ ਜੇਤੂ ਰਹੇ ਅਤੇ ਲਿਬਰਲ ਉਮੀਦਵਾਰ ਪਾਓਲੋ ਪਰੇਰਾ ਨੂੰ 14 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ। ਗਰੀਨ ਪਾਰਟੀ ਦੇ ਆਗੂ ਮਾਈਕ ਸ਼ਰੀਨਰ ਨੇ ਗੁਐਲਫ ਹਲਕੇ ਤੋਂ ਵੱਡੀ ਜਿੱਤ ਦਰਜ ਕੀਤੀ ਅਤੇ ਪੀ.ਸੀ. ਪਾਰਟੀ ਦੇ ਬੌਬ ਕੂਲ ਨੂੰ 20 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾ ਦਿਤਾ ਪਰ ਮਿਸੀਸਾਗਾ ਈਸਟ-ਕੁਕਸਵਿਲ ਹਲਕੇ ਤੋਂ ਲਿਬਰਲ ਆਗੂ ਬੌਨੀ ਕਰੌਂਬੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਪੀ.ਸੀ. ਪਾਰਟੀ ਦੀ ਸਿਲਵੀਆ ਗੁਆਲਟਿਅਰੀ ਜੇਤੂ ਰਹੇ। ਸਿਲਵੀਆ ਨੂੰ 16,763 ਅਤੇ ਬੌਨੀ ਕਰੌਂਬੀ ਨੂੰ 15,536 ਵੋਟਾਂ ਮਿਲੀਆਂ। ਪੰਜਾਬੀ ਉਮੀਦਵਾਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਬਰੈਂਪਟਨ ਈਸਟ ਤੋਂ ਹਰਦੀਪ ਸਿੰਘ ਗਰੇਵਾਲ 14,795 ਵੋਟਾਂ ਲੈ ਕੇ ਜੇਤੂ ਰਹੇ ਅਤੇ ਲਿਬਰਲ ਪਾਰਟੀ ਦੇ ਵਿੱਕੀ ਢਿੱਲੋਂ ਨੂੰ 6 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਐਨ.ਡੀ.ਪੀ. ਦੇ ਮਾਰਟਿਨ ਸਿੰਘ 3,106 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਹੇ ਜਦਕਿ ਭਾਰਤੀ ਮੂਲ ਦੇ ਆਜ਼ਾਦ ਉਮੀਦਵਾਰ ਆਜ਼ਾਦ ਗੋਇਤ 1,376 ਵੋਟਾਂ ਲੈ ਕੇ ਚੌਥੇ ਸਥਾਨ ’ਤੇ ਰਹੇ। ਬਰੈਂਪਟਨ ਸੈਂਟਰ ਤੋਂ ਪੀ.ਸੀ. ਪਾਰਟੀ ਦੀ ਸ਼ਾਰਮੇਨ ਵਿਲੀਅਮਜ਼ ਜੇਤੂ ਰਹੇ ਅਤੇ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ ਚਾਰ ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ।
ਟਰੰਪ ਦੀਆਂ ਟੈਰਿਫ਼ਸ ਦਾ ਮੂੰਹ ਤੋੜ ਜਵਾਬ ਦੇਵਾਂਗੇ : ਡਗ ਫੋਰਡ
ਐਨ.ਡੀ.ਪੀ. ਦੇ ਸੁਖਅੰਮ੍ਰਿਤ ਸਿੰਘ ਸਿਰਫ਼ 2,109 ਵੋਟਾਂ ਹੀ ਹਾਸਲ ਕਰ ਸਕੇ ਅਤੇ ਤੀਜੇ ਸਥਾਨ ’ਤੇ ਰਹੇ। ਬਰੈਂਪਟਨ ਨੌਰਥ ਹਲਕੇ ਵਿਚ ਵੀ ਮੁਕਾਬਲਾ ਇਕ ਪਾਸੜ ਰਿਹਾ ਅਤੇ ਪੀ.ਸੀ. ਪਾਰਟੀ ਦੇ ਗ੍ਰਾਹਮ ਮਕਗ੍ਰੈਗਰ ਨੂੰ 17,597 ਵੋਟਾਂ ਮਿਲੀਆਂ ਜਦਕਿ ਲਿਬਰਲ ਪਾਰਟੀ ਦੇ ਰਣਜੀਤ ਸਿੰਘ ਬੱਗਾ 9,270 ਵੋਟਾਂ ਹੀ ਹਾਸਲ ਕਰ ਸਕੇ। ਐਨ.ਡੀ.ਪੀ. ਦੀ ਰੂਬੀ ਜ਼ਮਾਨ ਨੂੰ 2,479 ਵੋਟਾਂ ਮਿਲੀਆਂ। ਬਰੈਂਪਟਨ ਸਾਊਥ ਤੋਂ ਪੀ.ਸੀ. ਪਾਰਟੀ ਦੇ ਪ੍ਰਭਮੀਤ ਸਿੰਘ ਸਰਕਾਰੀਆ 15,371 ਵੋਟਾਂ ਲੈ ਕੇ ਜੇਤੂ ਰਹੇ ਅਤੇ ਲਿਬਰਲ ਪਾਰਟੀ ਦੇ ਭਾਵਿਕ ਪਾਰਿਖ ਨੂੰ ਹਰਾਇਆ ਜੋ 9,324 ਵੋਟਾਂ ਹੀ ਹਾਸਲ ਕਰ ਸਕੇ। ਐਨ.ਡੀ.ਪੀ. ਦੀ ਉਮੀਦਵਾਰ ਰਜਨੀ ਸ਼ਰਮਾ ਨੂੰ 2,410 ਵੋਟਾਂ ਮਿਲੀਆਂ। ਗਰੀਨ ਪਾਰਟੀ ਦੇ ਰਜਿੰਦਰ ਸਿੰਘ ਨੂੰ ਪੰਜਵੇਂ ਸਥਾਨ ਨਾਲ ਸਬਰ ਕਰਨਾ ਪਿਆ ਜਿਨ੍ਹਾਂ ਨੂੰ 911 ਵੋਟਾਂ ਮਿਲੀਆਂ। ਬਰੈਂਪਟਨ ਵੈਸਟ ਸੀਟ ’ਤੇ ਅਮਰਜੋਤ ਸੰਧੂ ਦਾ ਜਾਦੂ ਕਾਇਮ ਰਿਹਾ ਅਤੇ ਮੁਕੰਮਲ ਤੌਰ ’ਤੇ ਇਕ ਪਾਸੜ ਮੁਕਾਬਲੇ ਦੌਰਾਨ 19 ਹਜ਼ਾਰ ਤੋਂ ਵੱਧ ਵੋਟਾਂ ਲੈ ਕੇ ਜੇਤੂ ਰਹੇ ਜਦਕਿ ਐਂਡਰਿਊ ਕੈਨੀਆ ਨੂੰ 10,933 ਵੋਟਾਂ ਹੀ ਮਿਲ ਸਕੀਆਂ। ਡੌਨ ਵੈਲੀ ਈਸਟ ਹਲਕੇ ਤੋਂ ਲਿਬਰਲ ਪਾਰਟੀ ਦੇ ਆਦਿਲ ਸ਼ਾਮਜੀ 15,797 ਵੋਟਾਂ ਲੈ ਕੇ ਜੇਤੂ ਰਹੇ ਪੀ.ਸੀ. ਪਾਰਟੀ ਦੇ ਰੌਜਰ ਜਿੰਜਰਿਚ ਨੂੰ 6 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਮਿਸੀਸਾਗਾ-ਮਾਲਟਨ ਵਿਧਾਨ ਸਭਾ ਹਲਕੇ ਤੋਂ ਪੀ.ਸੀ. ਪਾਰਟੀ ਦੇ ਦੀਪਕ ਆਨੰਦ 15,110 ਵੋਟਾਂ ਲੈ ਕੇ ਜੇਤੂ ਰਹੇ ਅਤੇ ਲਿਬਰਲ ਪਾਰਟੀ ਦੇ ਜਵਾਦ ਹਾਰੂਨ ਨੂੰ ਹਰਾਇਆ ਜਿਨ੍ਹਾਂ ਨੂੰ 11,497 ਵੋਟਾਂ ਮਿਲੀਆਂ।
ਬੌਨੀ ਕਰੌਂਬੀ ਵੱਲੋਂ ਲਿਬਰਲ ਆਗੂ ਦਾ ਅਹੁਦਾ ਛੱਡਣ ਤੋਂ ਇਨਕਾਰ
ਮਿਸੀਸਾਗਾ-ਸਟ੍ਰੀਟਸਵਿਲ ਤੋਂ ਪੀ.ਸੀ. ਪਾਰਟੀ ਦੀ ਨੀਨਾ ਤਾਂਗੜੀ 19,118 ਵੋਟਾਂ ਲੈ ਕੇ ਜੇਤੂ ਰਹੇ ਅਤੇ ਲਿਬਰਲ ਪਾਰਟੀ ਦੀ ਜਿਲ ਪ੍ਰੋਮੋਲੀ ਨੂੰ ਤਕਰੀਬਨ 2 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ। ਦੂਜੇ ਪਾਸੇ ਪੰਜਾਬੀ ਮੂਲ ਦੇ ਕੁਝ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵਿਚ ਮਾਰਖਮ-ਯੂਨੀਅਨਵਿਲ ਤੋਂ ਜਗਬੀਰ ਦੁਸਾਂਝ ਅਤੇ ਸੌਲਟ ਸੇਂਟ ਮੈਰੀ ਤੋਂ ਗੁਰਵਿੰਦਰ ਦੁਸਾਂਝ ਸ਼ਾਮਲ ਹਨ। ਸਕਾਰਬ੍ਰੋਅ ਨੌਰਥ ਤੋਂ ਭਾਰਤੀ ਮੂਲ ਦੀ ਅਨੀਤਾ ਆਨੰਦਰਾਜਨ ਵੀ ਚੋਣ ਹਾਰ ਗਏ ਅਤੇ ਨਿਆਗਰਾ ਫਾਲਜ਼ ਤੋਂ ਸ਼ਫੋਲੀ ਕਪੂਰ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।