Canada ਦੇ ਥਾਣੇ ਵਿਚ ਆ ਗਿਆ Flood
ਕੈਨੇਡਾ ਦੇ ਇਕ ਥਾਣੇ ਵਿਚ ਬਗੈਰ ਮੀਂਹ ਤੋਂ ਆਏ ਹੜ੍ਹ ਨੇ ਪੁਲਿਸ ਅਫ਼ਸਰਾਂ ਨੂੰ ਭਾਜੜਾਂ ਪਾ ਦਿਤੀਆਂ

By : Upjit Singh
ਵਿੰਨੀਪੈਗ : ਕੈਨੇਡਾ ਦੇ ਇਕ ਥਾਣੇ ਵਿਚ ਬਗੈਰ ਮੀਂਹ ਤੋਂ ਆਏ ਹੜ੍ਹ ਨੇ ਪੁਲਿਸ ਅਫ਼ਸਰਾਂ ਨੂੰ ਭਾਜੜਾਂ ਪਾ ਦਿਤੀਆਂ। ਜੀ ਹਾਂ, ਵਿੰਨੀਪੈਗ ਪੁਲਿਸ ਦੇ ਮੁੱਖ ਦਫ਼ਤਰ ਵਿਚ ਹਰ ਪਾਸੇ ਪਾਣੀ ਹੀ ਪਾਣੀ ਹੋ ਗਿਆ ਅਤੇ ਇਸ ਮਾਮਲੇ ਵਿਚ ਇਕ ਮਰਦ-ਔਰਤ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਵਿੰਨੀਪੈਗ ਪੁਲਿਸ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਨਿੱਚਰਵਾਰ ਨੂੰ ਦੋ ਜਣਿਆਂ ਨੇ ਐਮਰਜੰਸੀ ਵਾਟਰ ਸਪਲਾਈ ਵਾਲੇ ਕਈ ਵਾਲਵ ਖੋਲ੍ਹ ਦਿਤੇ ਜਿਸ ਮਗਰੋਂ ਕੁਝ ਹੀ ਮਿੰਟਾਂਵਿਚ ਹਾਲਾਤ ਬੇਕਾਬੂ ਹੋ ਗਏ। ਪੌੜੀਆਂ ਤੋਂ ਪਾਣੀ, ਛੱਤ ਤੋਂ ਪਾਣੀ, ਜਿਧਰ ਦੇਖੋ ਪਾਣੀ ਹੀ ਪਾਣੀ ਵਗਦਾ ਨਜ਼ਰ ਆਇਆ।
ਪੁਲਿਸ ਨੇ ਮਰਦ-ਔਰਤ ਕੀਤੇ ਗ੍ਰਿਫ਼ਤਾਰ
ਮੌਕੇ ’ਤੇ ਪੁੱਜੇ ਫਾਇਰ ਫਾਈਟਰਜ਼ ਨੇ ਵਾਲਵ ਬੰਦ ਕਰਦਿਆਂ ਹਾਲਾਤ ਕਾਬੂ ਹੇਠ ਲਿਆਂਦੇ ਪਰ ਉਦੋਂ ਤੱਕ ਕਾਫ਼ੀ ਨੁਕਸਾਨ ਹੋ ਚੁੱਕਾ ਸੀ। ਪੁਲਿਸ ਥਾਣੇ ਨੂੰ ਪਾਣੀ ਵਿਚ ਡੋਬਣ ਲਈ ਜ਼ਿੰਮੇਵਾਰ ਦੋ ਜਣਿਆਂ ਦੀ ਸ਼ਨਾਖਤ ਕੀਤੀ ਗਈ ਅਤੇ 51 ਸਾਲ ਦੇ ਮਰਦ ਤੇ 36 ਸਾਲ ਦੀ ਔਰਤ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਕੀਮਤ ਦਾ ਨੁਕਸਾਨ ਕਰਨ ਦੇ ਦੋਸ਼ ਆਇਦ ਕਰ ਦਿਤੇ। ਭਾਵੇਂ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਇਮਾਰਤ ਵਿਚ ਪੁਲਿਸ ਥਾਣੇ ਤੋਂ ਇਲਾਵਾ ਮੌਜੂਦ ਕਈ ਦਫ਼ਤਰਾਂ ਦਾ ਨੁਕਸਾਨ ਹੋਇਆ। ਫ਼ਿਲਹਾਲ ਪੁਲਿਸ ਨੇ ਇਹ ਨਹੀਂ ਦੱਸਿਆ ਕਿ ਇਮਾਰਤ ਦੀਆਂ ਕਿੰਨੀਆਂ ਮੰਜ਼ਿਲਾਂ ’ਤੇ ਜਲ-ਥਲ ਹੋਇਆ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੈਰਐਮਰਜੰਸੀ ਕਾਲਾਂ ਵਾਸਤੇ 204 986 6222 ’ਤੇ ਕਾਲ ਕੀਤੀ ਜਾਵੇ। ਇਸੇ ਇਮਾਰਤ ਵਿਚ ਕੈਨੇਡਾ ਪੋਸਟ ਦਾ ਦਫ਼ਤਰ ਵੀ ਹੈ ਪਰ ਉਥੇ ਹੋਏ ਨੁਕਸਾਨ ਬਾਰੇ ਸਪੱਸ਼ਟ ਜਾਣਕਾਰੀ ਹਾਸਲ ਨਾ ਹੋ ਸਕੀ। ਇਥੇ ਦਸਣਾ ਬਣਦਾ ਹੈ ਕਿ ਵਿੰਨੀਪੈਗ ਪੁਲਿਸ ਦੇ ਮੁੱਖ ਦਫ਼ਤਰ ਵਿਚ ਦੂਜੀ ਵਾਰ ਹੜ੍ਹ ਆਇਆ ਹੈ। 2014 ਵਿਚ ਹੜ੍ਹਾਂ ਵਰਗੇ ਹਾਲਾਤ ਬਣਨ ਕਰ ਕੇ 4 ਮਿਲੀਅਨ ਡਾਲਰ ਤੋਂ ਵੱਧ ਨੁਕਸਾਨ ਹੋਇਆ।


