ਸਕਾਰਬ੍ਰੋਅ ਵਿਖੇ ਭਾਰਤੀ ਪਰਵਾਰ ਦੇ ਘਰ ਨੂੰ ਲੱਗੀ ਅੱਗ!
ਸਕਾਰਬ੍ਰੋਅ ਵਿਖੇ ਬੁੱਧਵਾਰ ਵੱਡੇ ਤੜਕੇ ਇਕ ਘਰ ਨੂੰ ਅੱਗ ਲੱਗਣ ਕਾਰਨ 80 ਸਾਲ ਦੇ ਇਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ 79 ਸਾਲ ਦੀ ਔਰਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
By : Upjit Singh
ਟੋਰਾਂਟੋ : ਸਕਾਰਬ੍ਰੋਅ ਵਿਖੇ ਬੁੱਧਵਾਰ ਵੱਡੇ ਤੜਕੇ ਇਕ ਘਰ ਨੂੰ ਅੱਗ ਲੱਗਣ ਕਾਰਨ 80 ਸਾਲ ਦੇ ਇਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ 79 ਸਾਲ ਦੀ ਔਰਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟੋਰਾਂਟੋ ਪੁਲਿਸ ਮੁਤਾਬਕ ਐਮਰਜੰਸੀ ਕਾਮਿਆਂ ਨੂੰ ਬਰਚਮਾਊਂਟ ਰੋਡ ਅਤੇ ਹਾਈਵੇਅ 401 ਇਲਾਕੇ ਦੀ ਐਲਨਫਰਡ ਰੋਡ ’ਤੇ ਸਥਿਤ ਮਕਾਨ ਵਿਚ ਸੱਦਿਆ ਗਿਆ ਸੀ ਜਿਥੋਂ ਦੋ ਜਣਿਆਂ ਨੂੰ ਬਾਹਰ ਕੱਢਿਆ ਗਿਆ। ਅੱਗ ਬੁਝਾਉਣ ਪੁੱਜੇ ਇਕ ਫਾਇਰਫਾਈਟਰ ਦਾ ਵੀ ਮੌਕੇ ’ਤੇ ਪੈਰਾਮੈਡਿਕਸ ਵੱਲੋਂ ਇਲਾਜ ਕੀਤਾ ਗਿਆ ਜਿਸ ਦੇ ਫੇਫੜਿਆਂ ਵਿਚ ਸੰਘਣਾ ਧੂੰਆਂ ਚਲਾ ਗਿਆ। ਫਾਇਰ ਫਾਈਟਰ ਨੂੰ ਹਸਪਤਾਲ ਲਿਜਾਣ ਦੀ ਜ਼ਰੂਰਤ ਨਾ ਪਈ।
80 ਸਾਲ ਦੇ ਬਜ਼ੁਰਗ ਦੀ ਮੌਤ, 79 ਸਾਲ ਦੀ ਔਰਤ ਹਸਪਤਾਲ ਦਾਖਲ
ਮਕਾਨ ਦੀ ਬੇਸਮੈਂਟ ਵਿਚ ਕਿਰਾਏ ’ਤੇ ਰਹਿੰਦੇ ਸ਼ਖਸ ਨੇ ਦੱਸਿਆ ਕਿ ਘਰ ਵਿਚ ਕੁਲ ਸੱਤ ਜਣੇ ਰਹਿੰਦੇ ਹਨ ਜਿਨ੍ਹਾਂ ਵਿਚੋਂ ਇਕ ਪਰਵਾਰ ਦੇ ਜੀਆਂ ਦੀ ਰਿਹਾਇਸ਼ ਪੌੜੀਆਂ ਚੜ੍ਹ ਕੇ ਹੈ। ਮਰਨ ਵਾਲਾ ਸ਼ਖਸ ਛੁੱਟੀਆਂ ਦੌਰਾਨ ਪਰਵਾਰ ਨਾਲ ਮੁਲਾਕਾਤ ਕਰਨ ਆਇਆ ਸੀ। ਕਿਰਾਏਦਾਰ ਨੂੰ ਸਮਾਂ ਰਹਿੰਦੇ ਅੱਗ ਬਾਰੇ ਪਤਾ ਲੱਗ ਗਿਆ ਅਤੇ ਉਹ ਬਾਹਰ ਨਿਕਲਣ ਵਿਚ ਸਫ਼ਲ ਰਿਹਾ। ਦੂਜੇ ਪਾਸੇ ਟੋਰਾਂਟੋ ਫਾਇਰਸ ਸਰਵਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਭਾਰਤੀ ਮੂਲ ਦੇ ਗੁਆਂਢੀ ਸ਼ਿਵਾ ਨੇ ਦੱਸਿਆ ਉਹ ਅਕਸਰ ਦੀ ਇਥੋਂ ਲੰਘਦਿਆਂ ਘਰ ਵਿਚ ਰਹਿੰਦੇ ਪਰਵਾਰ ਨੂੰ ਮਿਲਦਾ ਅਤੇ ਕ੍ਰਿਸਮਸ ਵਾਲੇ ਦਿਨ ਘਰ ਸੜ ਕੇ ਸੁਆਹ ਹੋਣ ਦੀ ਘਟਨਾ ਬਾਰੇ ਸੁਣ ਕੇ ਬੇਹੱਦ ਅਫ਼ਸੋਸ ਹੋਇਆ।
ਕਿਰਾਏਦਾਰਾਂ ਨੇ ਦੌੜ ਕੇ ਬਚਾਈ ਆਪਣੀ ਜਾਨ
ਦੱਸਿਆ ਕਿ ਜਾ ਰਿਹਾ ਹੈ ਕਿ ਸਮੋਕ ਡਿਟੈਕਟਰ ਅਲਾਰਮ ਵੱਜਣ ਤੱਕ ਅੱਗ ਦੇ ਭਾਂਬੜ ਖਤਰਨਾਕ ਰੂਪ ਅਖਤਿਆਰ ਕਰ ਚੁੱਕੇ ਸਨ ਅਤੇ ਘਰ ਦੇ ਮੁੱਖ ਹਿੱਸੇ ਵਿਚ ਰਹਿਣ ਵਾਲੇ 30-35 ਸਾਲ ਦਾ ਇਕ ਸ਼ਖਸ ਬਾਹਰ ਦੌੜ ਕੇ ਆਉਂਦਿਆਂ ਮਾਮੂਲੀ ਜ਼ਖਮੀ ਵੀ ਹੋਇਆ। ਇਸੇ ਦੌਰਾਨ ਟੋਰਾਂਟੋ ਫਾਇਰ ਸਰਵਿਸਿਜ਼ ਦੇ ਪਲੈਟੂਨ ਚੀਫ਼ ਜੌਹਨ ਬ੍ਰੰਟਨ ਨੇ ਕਿਹਾ ਕਿਹਾ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਵੀ ਜ਼ਿਕਰ ਕਰਨਾ ਜਲਦਬਾਜ਼ੀ ਹੋਵੇਗੀ ਅਤੇ ਵਿਸਤਾਰਤ ਪੜਤਾਲ ਤੋਂ ਬਾਅਦ ਹੀ ਕੋਈ ਸਿੱਟਾ ਕੱਢਿਆ ਜਾ ਸਕਦਾ ਹੈ।