ਕੈਨੇਡਾ ’ਚ ਜਾਨਲੇਵਾ ਹਾਦਸਾ, ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ
ਅਮਰੀਕਾ ਤੋਂ ਬਾਅਦ ਕੈਨੇਡਾ ਵਿਚ ਵੀ ਹੌਲਨਾਕ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

By : Upjit Singh
ਟੋਰਾਂਟੋ : ਅਮਰੀਕਾ ਤੋਂ ਬਾਅਦ ਕੈਨੇਡਾ ਵਿਚ ਵੀ ਹੌਲਨਾਕ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ ਹੇਠ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੀ ਹਾਂ, ਉਨਟਾਰੀਓ ਦੇ ਹਾਈਵੇਅ 401 ’ਤੇ ਵਾਪਰੇ ਜਾਨਲੇਵਾ ਹਾਦਸੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ 32 ਸਾਲ ਦੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਬਲੈਂਡਫ਼ਰਡ-ਬਲੈਨਹਮ ਟਾਊਨਸ਼ਿਪ ਵਿਖੇ ਆਕਸਫੋਰਡ ਰੋਡ ਦੇ ਪੱਛਮ ਵੱਲ 3 ਦਸੰਬਰ ਨੂੰ ਵਾਪਰੇ ਹਿਟ ਐਂਡ ਰਨ ਮਾਮਲੇ ਬਾਰੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਕਿਚਨਰ ਦਾ 42 ਸਾਲਾ ਟੋਅ ਟਰੱਕ ਡਰਾਈਵਰ ਕਿਸੇ ਹੋਰ ਦੀ ਮਦਦ ਕਰ ਰਿਹਾ ਸੀ ਜਦੋਂ ਇਕ ਅਣਪਛਾਤੇ ਵ੍ਹੀਕਲ ਨੇ ਟੱਕਰ ਮਾਰ ਦਿਤੀ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਪੁਲਿਸ ਨੇ ਮਾਮਲੇ ਦੀ ਡੂੰਘਾਈ ਵਿਚ ਜਾਂਦਿਆਂ ਸ਼ੱਕੀ ਦੀ ਪਛਾਣ ਮਾਊਂਟ ਹੋਪ ਦੇ ਸੰਦੀਪ ਸਿੰਘ ਵਜੋਂ ਕੀਤੀ ਅਤੇ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਸਣੇ ਜਾਨਲੇਵਾ ਹਾਦਸੇ ਮਗਰੋਂ ਮੌਕੇ ’ਤੇ ਮੌਜੂਦ ਰਹਿਣ ਵਿਚ ਅਸਫ਼ਲ ਰਹਿਣ ਦੇ ਦੋਸ਼ ਆਇਦ ਕਰ ਦਿਤੇ।
ਮਾਊਂਟ ਹੋਪ ਨਾਲ ਸਬੰਧਤ 32 ਸਾਲ ਦੇ ਸੰਦੀਪ ਸਿੰਘ ਵਜੋਂ ਹੋਈ ਸ਼ਨਾਖ਼ਤ
ਉਨਟਾਰੀਓ ਦੇ ਮਾਊਂਟ ਹੋਪ ਨਾਲ ਸਬੰਧਤ ਸੰਦੀਪ ਸਿੰਘ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਅਤੇ ਵੁਡਸਟੌਕ ਦੀ ਅਦਾਲਤ ਵਿਚ ਉਸ ਦੀ ਪੇਸ਼ੀ 27 ਜਨਵਰੀ ਨੂੰ ਹੋਵੇਗੀ। ਦੂਜੇ ਪਾਸੇ ਐਲਬਰਟਾ ਦੇ ਡੇਵੌਨ ਇਲਾਕੇ ਵਿਚ ਨੌਜਵਾਨਾਂ ਨਾਲ ਭਰੀ ਇਕ ਗੱਡੀ ਪਲਟਣ ਕਾਰਨ ਦੋ ਜਣਿਆਂ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਐਲਬਰਟਾ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਹਾਦਸੇ ਪਾਰਕਲੈਂਡ ਕਾਊਂਟੀ ਵਿਚ ਵਾਪਰਿਆ ਜਦੋਂ ਅੰਨ੍ਹੇਵਾਹ ਰਫ਼ਤਾਰ ’ਤੇ ਜਾ ਰਹੀ ਗੱਡੀ ਬੇਕਾਬੂ ਹੋਣ ਮਗਰੋਂ ਇਕ ਖੜ੍ਹੀ ਗੱਡੀ ਅਤੇ ਦਰੱਖਤ ਵਿਚ ਜਾ ਵੱਜੀ। ਮੌਕੇ ’ਤੇ ਪੁੱਜੇ ਐਮਰਜੰਸੀ ਕਾਮਿਆ ਨੂੰ ਪੰਜੋ ਜਣੇ ਗੱਡੀ ਵਿਚ ਫਸੇ ਹੋਏ ਮਿਲੇ ਜਿਨ੍ਹਾਂ ਵਿਚੋਂ ਦੋ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਹੇ ਸਨ। 21 ਸਾਲ ਦੀ ਮੁਟਿਆਰ ਨੂੰ ਸਟਾਰ ਏਅਰ ਐਂਬੁਲੈਂਸ ਰਾਹੀਂ ਐਡਮਿੰਟਨ ਦੇ ਹਸਪਤਾਲ ਲਿਜਾਇਆ ਗਿਆ ਜਦਕਿ 20 ਸਾਲ ਦੇ ਨੌਜਵਾਨ ਨੂੰ ਸੜਕੀ ਰਸਤੇ ਹਸਪਤਾਲ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ।
ਐਲਬਰਟਾ ’ਚ ਸ਼ਰਾਬੀਆਂ ਦੀ ਤੇਜ਼ ਰਫ਼ਤਾਰ ਗੱਡੀ ਪਲਟੀ, 2 ਦੀ ਹਾਲਤ ਨਾਜ਼ੁਕ
ਦੋਵੇਂ ਜਣਿਆਂ ਦੀ ਹਾਲਤ ਵਿਚ ਫ਼ਿਲਹਾਲ ਬਹੁਤਾ ਸੁਧਾਰ ਨਹੀਂ ਹੋਇਆ ਜਦਕਿ ਦੋ ਹੋਰਨਾਂ ਦੀ ਮੱਲ੍ਹਮ ਪੱਟੀ ਐਮਰਜੰਸੀ ਕਾਮਿਆਂ ਵੱਲੋਂ ਮੌਕੇ ’ਤੇ ਹੀ ਕਰ ਦਿਤੀ ਗਈ। ਪੁਲਿਸ ਨੇ ਦੱਸਿਆ ਕਿ ਗੱਡੀ ਮੁਟਿਆਰ ਚਲਾ ਰਹੀ ਸੀ ਅਤੇ ਸਾਹ ਦੇ ਨਮੂਨੇ ਰਾਹੀਂ ਤੈਅਸ਼ੁਦਾ ਹੱਦ ਤੋਂ ਦੁੱਗਣੀ ਸ਼ਰਾਬ ਪੀਤੀ ਹੋਣ ਬਾਰੇ ਪਤਾ ਲੱਗਾ। ਮੁਟਿਆਰ ਵਿਰੁੱਧ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦੇ ਦੋਸ਼ ਫ਼ਿਲਹਾਲ ਪੈਂਡਿੰਗ ਰੱਖੇ ਗਏ ਹਨ ਅਤੇ ਉਸ ਦੀ ਪਛਾਣ ਵੀ ਜਨਤਕ ਨਹੀਂ ਕੀਤੀ ਗਈ। ਪਾਰਕਲੈਂਡ ਕਾਊਂਟੀ ਆਰ.ਸੀ.ਐਮ.ਪੀ. ਦੇ ਸਾਰਜੈਂਟ ਰੌਬ ਗਿਲੀਜ਼ ਵੱਲੋਂ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਡਰਾਈਵਿੰਗ ਕਰਨ ਦਾ ਸੱਦਾ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ ਤੋਂ ਇੰਪੇਅਰਡ ਡਰਾਈਵਿੰਗ ਦੇ ਖ਼ਤਰਿਆਂ ਬਾਰੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।


