ਕੈਨੇਡਾ ਵਿਚ ਜਾਨਲੇਵਾ ਹਾਦਸੇ, 2 ਪੰਜਾਬੀ ਹੋਣਗੇ ਡਿਪੋਰਟ
ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਸਜ਼ਾ ਮੁਕੰਮਲ ਹੋਣ ਮਗਰੋਂ ਡਿਪੋਰਟ ਕਰ ਦਿਤਾ ਜਾਵੇਗਾ ਪਰ ਤੀਜਾ ਪੰਜਾਬੀ ਨੌਜਵਾਨ ਵਾਲ-ਵਾਲ ਬਚ ਗਿਆ।

By : Upjit Singh
ਸਰੀ : ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਸਜ਼ਾ ਮੁਕੰਮਲ ਹੋਣ ਮਗਰੋਂ ਡਿਪੋਰਟ ਕਰ ਦਿਤਾ ਜਾਵੇਗਾ ਪਰ ਤੀਜਾ ਪੰਜਾਬੀ ਨੌਜਵਾਨ ਵਾਲ-ਵਾਲ ਬਚ ਗਿਆ। ਜਾਨਲੇਵਾ ਸੜਕ ਹਾਦਸੇ ਲਈ ਜ਼ਿੰਮੇਵਾਰ ਹੋਣ ਦਾ ਗੁਨਾਹ ਕਬੂਲ ਕਰ ਚੁੱਕੇ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੂੰ ਸਜ਼ਾ ਸੁਣਾਉਣ ਦੀ ਪ੍ਰਕਿਰਿਆ ਦੌਰਾਨ ਕਈ ਹੌਲਨਾਕ ਤੱਥ ਉਭਰ ਕੇ ਸਾਹਮਣੇ ਆ ਰਹੇ ਹਨ। ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਰੀ ਵਿਖੇ ਲਾਲ ਰੰਗ ਦੀ ਫੌਰਡ ਮਸਟੈਂਗ ਵਿਚ ਜਾ ਰਹੇ ਗਗਨਪ੍ਰੀਤ ਅਤੇ ਜਗਦੀਪ ਨੇ ਇਕ ਸ਼ਖਸ ਨੂੰ ਟੱਕਰ ਮਾਰੀ ਅਤੇ ਬਗੈਰ ਪ੍ਰਵਾਹ ਕੀਤਿਆਂ ਅੱਗੇ ਵਧ ਗਏ। ਹਾਦਸਾ 27 ਜਨਵਰੀ 2024 ਨੂੰ ਵੱਡੇ ਤੜਕੇ ਵਾਪਰਿਆ ਅਤੇ ਟੱਕਰ ਮਗਰੋਂ ਪੈਦਲ ਸ਼ਖਸ ਗੱਡੀ ਹੇਠ ਫਸ ਗਿਆ ਪਰ ਕਿਸੇ ਨੇ ਕੋਈ ਧਿਆਨ ਨਾ ਦਿਤਾ।
ਗਗਨਪ੍ਰੀਤ ਅਤੇ ਜਗਦੀਪ ਨੂੰ ਸਜ਼ਾ ਦਾ ਐਲਾਨ ਜੁਲਾਈ ਵਿਚ
ਗੱਡੀ ਹੇਠ ਫਸੇ ਸ਼ਖਸ ਨੂੰ ਸਵਾ ਕਿਲੋਮੀਟਰ ਤੱਕ ਘੜੀਸਿਆ ਗਿਆ ਅਤੇ ਜਦੋਂ ਤੱਕ ਗੱਡੀ ਰੁਕੀ ਉਸ ਦੀ ਮੌਤ ਹੋ ਚੁੱਕੀ ਸੀ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਗਗਨਪ੍ਰੀਤ ਨੇ ਸਰੀ ਦੀ 132ਵੀਂ ਸਟ੍ਰੀਟ ਵਿਚ ਗੱਡੀ ਹੇਠੋਂ ਲਾਸ਼ ਕੱਢਣ ਦਾ ਯਤਨ ਕੀਤਾ ਪਰ ਨਾਕਾਮ ਰਿਹਾ। ਇਸ ਮਗਰੋਂ ਉਹ ਗੱਡੀ ਨੂੰ ਇਕ ਬੰਦ ਗਲੀ ਵਿਚ ਲੈ ਗਏ ਅਤੇ ਕਾਰ ਹੇਠ ਫਸੀ ਲਾਸ਼ ਨੂੰ ਕੱਢ ਦਿਤਾ। ਅਦਾਲਤ ਵਿਚ ਇਕ ਸਰਵੇਲੈਂਸ ਵੀਡੀਓ ਵੀ ਪੇਸ਼ ਕੀਤੀ ਗਈ ਜਿਸ ਵਿਚ ਜਗਦੀਪ ਗੱਡੀ ਨੂੰ ਰਿਵਰਸ ਕਰਦਾ ਹੈ ਜਦਕਿ ਗਗਨਪ੍ਰੀਤ ਲਾਸ਼ ਨੂੰ ਖਿੱਚ ਕੇ ਰਖਦਾ ਹੈ ਅਤੇ ਇਸੇ ਦੌਰਾਨ ਲਾਸ਼ ਗੱਡੀ ਤੋਂ ਵੱਖ ਹੋ ਜਾਂਦੀ ਹੈ। ਗਗਨਪ੍ਰੀਤ ਦੇ ਹੱਥ ਤੋਂ ਮਰਨ ਵਾਲੇ ਦਾ ਡੀ.ਐਨ.ਏ. ਵੀ ਮਿਲਿਆ। ਸਰਕਾਰੀ ਵਕੀਲ ਨੇ ਕਿਹਾ ਕਿ ਇਸ ਤੋਂ ਘਿਨਾਉਣਾ ਕੁਝ ਨਹੀਂ ਹੋ ਸਕਦਾ ਕਿ ਹਾਦਸੇ ਤੋਂ ਬਾਅਦ ਪੀੜਤ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਘੜੀਸ ਘੜੀਸ ਕੇ ਮੌਤ ਦੇ ਦਰਵਾਜ਼ੇ ਤੱਕ ਪਹੁੰਚਾ ਦਿਤਾ ਗਿਆ। ਇਸੇ ਦੌਰਾਨ ਜਾਨ ਗਵਾਉਣ ਵਾਲੇ ਦੀ ਵਿਧਵਾ ਨੇ ਕਿਹਾ ਕਿ ਉਸ ਦੇ ਪਤੀ ਨਾਲ ਕੂੜੇ ਦੇ ਢੇਰ ਵਰਗਾ ਵਰਤਾਉ ਕੀਤਾ ਗਿਆ। ਮਰਨ ਵਾਲਾ ਸ਼ਖਸ ਕੈਨੇਡੀਅਨ ਮੂਲ ਬਾਸ਼ਿੰਦਿਆਂ ਨਾਲ ਸਬੰਧਤ ਸੀ ਅਤੇ ਉਸ ਨੂੰ ਮੁਕੰਮਲ ਰਸਮਾਂ ਤੋਂ ਬਗੈਰ ਹੀ ਦਫ਼ਨ ਕਰ ਦਿਤਾ ਗਿਆ। ਵਿਧਵਾ ਨੇ ਦੋਸ਼ ਲਾਇਆ ਕਿ ਗੱਡੀ ਵਿਚ ਸਵਾਰ ਤਿੰਨ ਜਣਿਆਂ ਵਿਚੋਂ ਕਸੈ ਨੇ ਵੀ ਅਫਸੋਸ ਜਾਂ ਮੁਆਫ਼ੀ ਦਾ ਇਕ ਸ਼ਬਦ ਮੂੰਹੋਂ ਨਾ ਕੱਢਿਆ। ਉਧਰ ਗਗਨਪ੍ਰੀਤ ਅਤੇ ਜਗਦੀਪ ਨੇ ਅਦਾਲਤ ਵਿਚ ਪੀੜਤ ਪਰਵਾਰ ਤੋਂ ਮੁਆਫ਼ੀ ਮੰਗੀ।
ਬੀ.ਸੀ. ਦੇ ਸਰੀ ਵਿਖੇ ਜਨਵਰੀ 2024 ਵਿਚ ਵਾਪਰਿਆ ਸੀ ਹਾਦਸਾ
ਗਗਨਪ੍ਰੀਤ ਨੇ ਕਿਹਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਬਿਲਕੁਲ ਨਹੀਂ ਸੀ ਪਰ ਸਭ ਕੁਝ ਅਚਨਚੇਤ ਵਾਪਰ ਗਿਆ। ਇਥੇ ਦਸਣਾ ਬਣਦਾ ਹੈ ਕਿ ਗੱਡੀ ਜਗਦੀਪ ਸਿੰਘ ਸੀ ਪਰ ਡਰਾਈਵਿੰਗ ਗਗਨਪ੍ਰੀਤ ਕਰ ਰਿਹਾ ਸੀ। ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਵੱਲੋਂ ਗਗਨਪ੍ਰੀਤ ਨੂੰ ਤਿੰਨ ਸਾਲ ਲਈ ਜੇਲ ਭੇਜਣ ਦੀ ਅਪੀਲ ਕੀਤੀ ਗਈ ਹੈ। ਗਗਨਪ੍ਰੀਤ ਦੇ ਵਕੀਲ ਗਗਨ ਨਾਹਲ ਨੇ ਅਦਾਲਤ ਵਿਚ ਦਲੀਲ ਦਿਤੀ ਕਿ ਉਸ ਦੇ ਮੁਵੱਕਲ ਦਾ ਕੋਈ ਅਪਰਾਧਕ ਰਿਕਾਰਡ ਨਹੀਂ ਅਤੇ ਉਹ ਆਪਣਾ ਗੁਨਾਹ ਵੀ ਕਬੂਲ ਕਰ ਚੁੱਕਾ ਹੈ। ਦੂਜੇ ਪਾਸੇ ਸਰਕਾਰੀ ਵਕੀਲ ਨੇ ਕਿਹਾ ਕਿ ਜਗਦੀਪ ਸਿੰਘ ਨੂੰ ਚਾਰ ਸਾਲ ਕੈਦ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਸ ਨੇ ਹਾਦਸੇ ਬਾਅਦ ਵਿਵਾਦਤ ਟਿੱਪਣੀਆਂ ਜਾਰੀ ਰੱਖੀਆਂ। ਇਸ ਦੇ ਉਲਟ ਜਗਦੀਪ ਦੇ ਵਕੀਲ ਨੇ ਕਿਹਾ ਕਿ ਉਸ ਦੇ ਮੁਵੱਕਲ ਨੂੰ ਹਾਦਸੇ ’ਤੇ ਬੇਹੱਦ ਅਫ਼ਸੋਸ ਹੈ ਅਤੇ ਪਹਿਲਾਂ ਕਦੇ ਵੀ ਉਸ ਤੋਂ ਅਜਿਹਾ ਅਪਰਾਧ ਨਹੀਂ ਹੋਇਆ। ਅਦਾਲਤ ਵੱਲੋਂ ਸਜ਼ਾ ਦਾ ਐਲਾਨ 16 ਜੁਲਾਈ ਨੂੰ ਕੀਤਾ ਜਾਵੇਗਾ ਅਤੇ ਇਸ ਮਗਰੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੋਹਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੇਗੀ।


