ਕੈਨੇਡਾ ਦੇ ਬੀ.ਸੀ. ’ਚ ਜਾਨਲੇਵਾ ਹਾਦਸਾ, ਪੰਜਾਬੀ ਗ੍ਰਿਫ਼ਤਾਰ
ਬੀ.ਸੀ. ਦੇ ਐਬਸਫੋਰਡ ਵਿਖੇ ਵਾਪਰੇ ਜਾਨਲੇਵਾ ਹਾਦਸੇ ਦੇ ਮਾਮਲੇ ਤਹਿਤ ਪੁਲਿਸ ਵੱਲੋਂ 43 ਸਾਲ ਦੇ ਜਸਵਿੰਦਰ ਦਿਉਲ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ।

ਐਬਸਫੋਰਡ : ਬੀ.ਸੀ. ਦੇ ਐਬਸਫੋਰਡ ਵਿਖੇ ਵਾਪਰੇ ਜਾਨਲੇਵਾ ਹਾਦਸੇ ਦੇ ਮਾਮਲੇ ਤਹਿਤ ਪੁਲਿਸ ਵੱਲੋਂ 43 ਸਾਲ ਦੇ ਜਸਵਿੰਦਰ ਦਿਉਲ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਆਨਲਾਈਨ ਅਦਾਲਤੀ ਰਿਕਾਰਡ ਮੁਤਾਬਕ ਜਸਵਿੰਦਰ ਦਿਉਲ ਦੀ ਅਦਾਲਤ ਵਿਚ ਪੇਸ਼ੀ 23 ਜੂਨ ਨੂੰ ਹੋਣੀ ਹੈ ਅਤੇ ਫ਼ਿਲਹਾਲ ਉਹ ਪੁਲਿਸ ਹਿਰਾਸਤ ਵਿਚ ਨਹੀਂ। 3 ਫਰਵਰੀ 2024 ਨੂੰ ਵਾਪਰੇ ਹਾਦਸੇ ਦੇ ਸਬੰਧ ਵਿਚ ਜਸਵਿੰਦਰ ਦਿਉਲ ਵਿਰੁੱਧ ਨਸ਼ਾ ਕਰ ਕੇ ਗੱਡੀ ਚਲਾਉਂਦਿਆਂ ਮੌਤ ਦਾ ਕਾਰਨ ਬਣਨ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦਿਆ ਮੌਤ ਦਾ ਕਾਰਨ ਬਣਨ ਦੇ ਦੋਸ਼ ਲੱਗੇ ਹਨ। ਐਬਸਫੋਰਡ ਪੁਲਿਸ ਮੁਤਾਬਕ ਓਲਡ ਯੇਲ ਰੋਡ ਦੇ 31000 ਬਾਲਾਕ ਵਿਚ ਦੋ ਗੱਡੀਆਂ ਦੀ ਟੱਕਰ ਬਾਰੇ ਇਤਲਾਹ ਮਿਲਣ ’ਤੇ ਐਮਰਜੰਸੀ ਕਾਮੇ ਮੌਕੇ ’ਤੇ ਪੁੱਜੇ।
ਐਬਸਫੋਰਡ ਪੁਲਿਸ ਵੱਲੋਂ ਜਸਵਿੰਦਰ ਦਿਉਲ ਵਿਰੁੱਧ ਦੋਸ਼ ਆਇਦ
ਦੋ ਗੱਡੀਆਂ ਵਿਚੋਂ ਇਕ ਲਾਲ ਰੰਗ ਦੀ ਮਿੰਨੀ ਵੈਨ ਅਤੇ ਦੂਜਾ ਚਿੱਟੇ ਰੰਗ ਦਾ ਪਿਕਅੱਪ ਟਰੱਕ ਸੀ। ਪਿਕਅੱਪ ਟਰੱਕ ਦਾ ਮੂਹਰਲਾ ਹਿੱਸਾ ਨੁਕਸਾਨਿਆ ਨਜ਼ਰ ਆਇਆ ਪਰ ਮਿੰਨੀ ਵੈਨ ਦਾ ਨੁਕਸਾਨ ਹੋਰ ਵੀ ਜ਼ਿਆਦਾ ਰਿਹਾ ਅਤੇ 84 ਸਾਲ ਦੇ ਇਕ ਬਜ਼ੁਰਗ ਦੀ ਮੌਕੇ ’ਤੇ ਹੀ ਮੌਤ ਹੋ ਗਈ। ਐਬਸਫੋਰਡ ਪੁਲਿਸ ਵੱਲੋਂ ਮੰਗਲਵਾਰ ਨੂੰ ਮਰਨ ਵਾਲੇ ਦੀ ਸ਼ਨਾਖਤ ਫਿਲ ਐਂਡਰਸਨ ਦੇ ਰੂਪ ਵਿਚ ਜਨਤਕ ਕੀਤੀ ਗਈ ਅਤੇ ਪਰਵਾਰ ਦਾ ਸੁਨੇਹਾ ਵੀ ਪੜ੍ਹ ਕੇ ਸੁਣਾਇਆ। ਪਰਵਾਰ ਸੁਨੇਹੇ ਮੁਤਾਬਕ ਫ਼ਿਲ ਐਂਡਰਸਨ ਆਪਣੇ ਪਰਵਾਰ ਅਤੇ ਕਮਿਊਨਿਟੀ ਨੂੰ ਸਮਰਪਿਤ ਇਨਸਾਨ ਸੀ ਜਿਸ ਦੇ ਅਚਨਚੇਤ ਅਕਾਲ ਚਲਾਣੇ ਕਰ ਕੇ ਪਰਵਾਰ ਅਤੇ ਕਮਿਊਨਿਟੀ ਮੈਂਬਰਾਂ ਨੂੰ ਵੱਡਾ ਝਟਕਾ ਲੱਗਾ। 84 ਸਾਲ ਦੀ ਉਮਰ ਹੋਣ ਦੇ ਬਾਵਜੂਦ ਫ਼ਿਲ ਐਂਡਰਸਨ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਬਤੀਤ ਕਰ ਰਿਹਾ ਸੀ ਅਤੇ ਉਸ ਦਾ ਵਿਛੋੜਾ ਬਰਦਾਸ਼ਤ ਕਰਨਾ ਮੁਸ਼ਕਲ ਹੈ। ਪਰਵਾਰ ਵੱਲੋਂ ਐਬਸਫੋਰਡ ਪੁਲਿਸ ਵਿਭਾਗ ਤੋਂ ਮਿਲੇ ਸਹਿਯੋਗ ’ਤੇ ਸ਼ੁਕਰੀਆ ਅਦਾ ਕੀਤਾ ਗਿਆ।
2 ਗੱਡੀਆਂ ਦੀ ਟੱਕਰ ਦੌਰਾਨ ਮਾਰਿਆ ਗਿਆ ਸੀ 84 ਸਾਲ ਦਾ ਬਜ਼ੁਰਗ
ਉਧਰ ਪੁਲਿਸ ਨੇ ਦੱਸਿਆ ਕਿ ਪਿਕਅੱਪ ਟਰੱਕ ਦੇ ਡਰਾਈਵਰ ਨੂੰ ਮੌਕੇ ’ਤੇ ਹਿਰਾਸਤ ਵਿਚ ਲੈ ਲਿਆ ਗਿਆ ਪਰ 16 ਮਹੀਨੇ ਦੀ ਪੜਤਾਲ ਦੌਰਾਨ ਸਬੂਤ ਇਕੱਤਰ ਕਰਦਿਆਂ ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਅੱਗੇ ਪੇਸ਼ ਕੀਤੇ ਗਏ। ਸਾਰਜੈਂਟ ਪੌਲ ਵਾਕਰ ਨੇ ਕਿਹਾ ਕਿ ਨਸ਼ਾ ਕਰ ਕੇ ਡਰਾਈਵਿੰਗ ਕਰਨ ਵਾਲਿਆਂ ਨੂੰ ਸੜਕਾਂ ਤੋਂ ਹਟਾਉਣ ਲਈ ਐਬਸਫੋਰਡ ਪੁਲਿਸ ਵਿਭਾਗ ਵਚਨਬੱਧ ਹੈ। ਇੰਪੇਅਰਡ ਡਰਾਈਵਿੰਗ ਦੇ ਨਾ ਸਿਰਫ਼ ਤਬਾਹਕੁੰਨ ਅਸਰ ਸਾਹਮਣੇ ਆਉਂਦੇ ਹਨ ਸਗੋਂ ਸਮੁੱਚੀ ਕਮਿਊਨਿਟੀ ਪ੍ਰਭਾਵਤ ਹੁੰਦੀ ਹੈ।