Begin typing your search above and press return to search.

ਕੈਨੇਡਾ ’ਚ 5 ਪੰਜਾਬੀਆਂ ਦੀ ਦੁਸ਼ਮਣੀ ਪਈ ਮਹਿੰਗੀ

ਕੈਨੇਡਾ ਵਿਚ ਪੰਜ ਪੰਜਾਬੀਆਂ ਨਾਲ ਦੁਸ਼ਮਣੀ ਦੀ ਕੀਮਤ 19 ਸਾਲ ਦੇ ਨੌਜਵਾਨ ਨੂੰ ਆਪਣੀ ਜਾਨ ਨਾਲ ਚੁਕਾਉਣੀ ਪਈ।

ਕੈਨੇਡਾ ’ਚ 5 ਪੰਜਾਬੀਆਂ ਦੀ ਦੁਸ਼ਮਣੀ ਪਈ ਮਹਿੰਗੀ
X

Upjit SinghBy : Upjit Singh

  |  2 Aug 2025 5:21 PM IST

  • whatsapp
  • Telegram

ਵੈਨਕੂਵਰ : ਕੈਨੇਡਾ ਵਿਚ ਪੰਜ ਪੰਜਾਬੀਆਂ ਨਾਲ ਦੁਸ਼ਮਣੀ ਦੀ ਕੀਮਤ 19 ਸਾਲ ਦੇ ਨੌਜਵਾਨ ਨੂੰ ਆਪਣੀ ਜਾਨ ਨਾਲ ਚੁਕਾਉਣੀ ਪਈ। ਜੀ ਹਾਂ, ਨੌਜਵਾਨ ਨੂੰ ਬੰਦੀ ਬਣਾ ਕੇ ਐਨੇ ਤਸੀਹੇ ਦਿਤੇ ਗਏ ਕਿ ਉਹ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਹਸਪਤਾਲ ਵਿਚ ਦਮ ਤੋੜ ਗਿਆ। ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਵਿੰਨੀਪੈਗ ਦੇ 21 ਸਾਲਾ ਰਵਦੀਪ ਗਿੱਲ, ਬਰੈਂਪਟਨ ਦੇ 26 ਸਾਲਾ ਹਰਮਨਦੀਪ ਗਿੱਲ, ਸਰੀ ਦੇ 20 ਸਾਲਾ ਜਸਕਰਨ ਸਿੰਘ ਅਤੇ ਸਰੀ ਦੇ ਹੀ ਬਿਪਨਪ੍ਰੀਤ ਸਿੰਘ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ।

19 ਸਾਲ ਦਾ ਨੌਜਵਾਨ ਕੁੱਟ ਕੁੱਟ ਕੇ ਮਾਰਿਆ

ਇਸ ਤੋਂ ਇਲਾਵਾ ਐਬਸਫੋਰਡ ਦੇ 19 ਸਾਲਾ ਇੰਦਰਪ੍ਰੀਤ ਖੋਸਾ ਵਿਰੁੱਧ ਬੰਦੀ ਬਣਾਉਣ ਦੇ ਦੋਸ਼ ਲੱਗੇ ਹਨ। ਇਥੇ ਦਸਣਾ ਬਣਦਾ ਹੈ ਕਿ 27 ਜਨਵਰੀ 2025 ਨੂੰ ਵੱਡੇ ਤੜਕੇ ਤਕਰੀਬਨ 2 ਵਜੇ ਐਬਸਫੋਰਡ ਪੁਲਿਸ ਨੂੰ ਸ਼ਹਿਰ ਦੀ ਵਿਕਟੋਰੀਆ ਸਟ੍ਰੀਟ ਦੇ 2900 ਬਲਾਕ ਵਿਚ ਸ਼ੱਕੀ ਸਰਗਰਮੀਆਂ ਦੀ ਇਤਲਾਹ ਮਿਲੀ ਅਤੇ ਗਵਾਹਾਂ ਨੇ ਦੱਸਿਆ ਕਿ ਕੁਝ ਲੋਕ ਇਕ ਸ਼ਖਸ ਦੀ ਕੁੱਟਮਾਰ ਕਰਨ ਮਗਰੋਂ ਉਸ ਨੂੰ ਗੱਡੀ ਵਿਚ ਬਿਠਾ ਕੇ ਲੈ ਗਏ। ਤਕਰੀਬਨ ਤਿੰਨ ਘੰਟੇ ਬਾਅਦ 19 ਸਾਲ ਦਾ ਪੀੜਤ ਸਰੀ ਦੇ ਕ੍ਰੈਸੈਂਟ ਬੀਚ ਇਲਾਕੇ ਵਿਚ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 1 ਫਰਵਰੀ ਨੂੰ ਪੀੜਤ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ ਅਤੇ ਆਈ ਹਿਟ ਨੇ ਪੜਤਾਲ ਆਪਣੇ ਹੱਥਾਂ ਵਿਚ ਲੈ ਲਈ। ਮੁਢਲੀ ਤੌਰ ’ਤੇ ਇਹ ਮਾਮਲਾ ਬੀ.ਸੀ. ਦੇ ਗੈਂਗਸਟਰਾਂ ਨਾਲ ਸਬੰਧਤ ਮਹਿਸੂਸ ਨਾ ਹੋਇਆ ਅਤੇ ਵੱਖ ਵੱਖ ਪੁਲਿਸ ਮਹਿਕਮਿਆਂ ਦੀ ਮਦਦ ਨਾਲ ਸ਼ੱਕੀਆਂ ਬਾਰੇ ਜਾਣਕਾਰੀ ਇਕੱਤਰ ਕਰਦਿਆਂ ਪੜਤਾਲ ਮੁਕੰਮਲ ਕੀਤੀ ਗਈ। 1 ਅਗਸਤ ਨੂੰ ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ 19 ਸਾਲਾ ਨੌਜਵਾਨ ਦੇ ਕਤਲ ਮਾਮਲੇ ਵਿਚ ਪੰਜ ਜਣਿਆਂ ਵਿਰੁੱਧ ਦੋਸ਼ ਆਇਦ ਕਰ ਦਿਤੇ। ਆਈ ਹਿਟ ਦੇ ਕਾਰਪੋਰਲ ਸੁੱਖੀ ਢੇਸੀ ਵੱਲੋਂ ਮਾਮਲੇ ਦੀ ਪੜਤਾਲ ਦੌਰਾਨ ਐਬਸਫੋਰਡ ਪੁਲਿਸ, ਆਰ.ਸੀ.ਐਮ.ਪੀ. ਦੇ ਸਰੀ ਪ੍ਰੋਵਿਨਸ਼ੀਅਲ ਅਪ੍ਰੇਸ਼ਨਜ਼ ਯੂਨਿਟ, ਸਰੀ ਪੁਲਿਸ ਸਰਵਿਸ, ਇੰਟੈਗਰੇਟਿਡ ਫੌਰੈਂਸਿਕ ਆਇਡੈਂਟੀਫੀਕੇਸ਼ਨ ਸਰਵਿਸ, ਬੀ.ਸੀ. ਕੌਰੋਨਰਜ਼ ਸਰਵਿਸ, ਵਿੰਨੀਪੈਗ ਪੁਲਿਸ ਅਤੇ ਮੈਨੀਟੋਬਾ ਆਰ.ਸੀ.ਐਮ.ਪੀ. ਤੋਂ ਮਿਲੇ ਸਹਿਯੋਗ ’ਤੇ ਸ਼ੁਕਰੀਆ ਅਦਾ ਕੀਤਾ ਗਿਆ ਹੈ।

4 ਜਣਿਆਂ ਵਿਰੁੱਧ ਕਤਲ ਅਤੇ ਇਕ ਵਿਰੁੱਧ ਬੰਦੀ ਬਣਾਉਣ ਦਾ ਦੋਸ਼

ਦੂਜੇ ਪਾਸੇ ਉਨਟਾਰੀਓ ਦੀ 12 ਸਾਲਾ ਕੁੜੀ ਨਾਲ ਜਬਰ-ਜਨਾਹ ਮਗਰੋਂ ਕਤਲ ਕਰਨ ਵਾਲੇ ਨੋਵਾ ਸਕੋਸ਼ੀਆ ਦੇ ਖਤਰਨਾਕ ਅਪਰਾਧੀ ਨੂੰ ਪੈਰੋਲ ’ਤੇ ਰਿਹਾਅ ਕਰ ਦਿਤਾ ਗਿਆ ਹੈ। ਹੈਲੀਫੈਕਸ ਰੀਜਨਲ ਪੁਲਿਸ ਨੇ ਦੱਸਿਆ ਕਿ 73 ਸਾਲ ਦਾ ਖਤਰਨਾਕ ਅਪਰਾਧੀ ਡਾਰਟਮਥ ਵਿਖੇ ਰਹਿ ਰਿਹਾ ਹੈ। ਨੈਸ਼ਨਲ ਪੋਸਟ ਦੀ ਰਿਪੋਰਟ ਮੁਤਾਬਕ ਦਸੰਬਰ 1987 ਵਿਚ ਵਾਪਰੀ ਵਾਰਦਾਤ ਦੌਰਾਨ ਕਾਤਲ ਨੇ ਬਰੈਂਪਟਨ ਦੀ ਟ੍ਰੀਨਾ ਕੈਂਪਬੈਲ ਦੀ ਲਾਸ਼ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਉਸ ਦਾ ਸਿਰ ਵੱਢ ਦਿਤਾ। ਕਾਤਲ ਦਾ ਅਪਰਾਧਕ ਪਿਛੋਕੜ 1968 ਤੋਂ ਸ਼ੁਰੂ ਹੁੰਦਾ ਹੈ ਜਦੋਂ ਉਸ ਘਰਾਂ ਵਿਚ ਚੋਰੀਆਂ ਅਤੇ ਗੱਡੀਆਂ ਚੋਰੀ ਕਰਨ ਵਰਗੀਆਂ ਵਾਰਦਾਤਾਂ ਕੀਤੀਆਂ। ਪੈਰੋਲ ਸ਼ਰਤਾਂ ਮੁਤਾਬਕ ਉਹ ਕਿਸੇ ਵੀ ਬੱਚੇ ਨਾਲ ਸੰਪਰਕ ਨਹੀਂ ਕਰ ਸਕਦਾ ਅਤੇ ਸ਼ਰਾਬ ਜਾਂ ਕਿਸੇ ਹੋਰ ਕਿਸਮ ਦਾ ਨਸ਼ਾ ਵਰਤਣ ਦੀ ਸਖਤ ਮਨਾਹੀ ਲਾਗੂ ਕੀਤੀ ਗਈ ਹੈ।

Next Story
ਤਾਜ਼ਾ ਖਬਰਾਂ
Share it