ਕੈਨੇਡਾ ਵਿਚ ਅਗਲੇ ਮਹੀਨੇ ਚੋਣਾਂ ਦਾ ਐਲਾਨ ਹੋਣ ਦੇ ਆਸਾਰ
ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ ਚੋਣਾਂ ਦਾ ਐਲਾਨ ਹੋ ਸਕਦਾ ਹੈ। ਐਨ.ਡੀ.ਪੀ. ਵੱਲੋਂ ਆਪਣੇ ਉਮੀਦਵਾਰਾਂ ਅਤੇ ਪ੍ਰਚਾਰ ਟੀਮ ਨੂੰ ਭੇਜੇ ਸੁਨੇਹੇ ਵਿਚ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿਤਾ ਗਿਆ ਹੈ।

ਔਟਵਾ : ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ ਚੋਣਾਂ ਦਾ ਐਲਾਨ ਹੋ ਸਕਦਾ ਹੈ। ਜੀ ਹਾਂ, ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਵੱਲੋਂ ਆਪਣੇ ਉਮੀਦਵਾਰਾਂ ਅਤੇ ਪ੍ਰਚਾਰ ਟੀਮ ਨੂੰ ਭੇਜੇ ਸੁਨੇਹੇ ਵਿਚ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿਤਾ ਗਿਆ ਹੈ। ਦੂਜੇ ਪਾਸੇ ਲਿਬਰਲ ਪਾਰਟੀ ਦੀ ਲੀਡਰਸ਼ਪ ਦੌੜ ਵਿਚ ਸ਼ਾਮਲ ਮਾਰਕ ਕਾਰਨੀ ਵੱਲੋਂ ਵੀ ਸੰਸਦ ਭੰਗ ਕਰਦਿਆਂ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ।
ਐਨ.ਡੀ.ਪੀ. ਵੱਲੋਂ ਆਪਣੇ ਉਮੀਦਵਾਰਾਂ ਨੂੰ ਤਿਆਰ ਬਰ ਤਿਆਰ ਰਹਿਣ ਦਾ ਸੱਦਾ
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮਾਰਕ ਕਾਰਨੀ ਲਿਬਰਲ ਪਾਰਟੀ ਦੇ ਲੀਡਰ ਚੁਣੇ ਜਾ ਸਕਦੇ ਹਨ ਅਤੇ ਐਨ.ਡੀ.ਪੀ. ਦੇ ਮੀਮੋ ਵਿਚ ਇਸ ਗੱਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਲੀਡਰ ਬਣਦਿਆਂ ਹੀ ਮਾਰਕ ਕਾਰਨੀ ਚੋਣਾਂ ਦਾ ਐਲਾਨ ਕਰ ਸਕਦੇ ਹਨ। ਐਨ.ਡੀ.ਪੀ. ਦੇ ਸੁਨੇਹੇ ਵਿਚ ਡੌਨਲਡ ਟਰੰਪ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਨ੍ਹਾਂਵੱਲੋਂ ਲਗਾਤਾਰ ਕੈਨੇਡੀਅਨ ਖੁਦਮੁਖਤਿਆਰੀ ਵਾਸਤੇ ਖਤਰਾ ਪੈਦਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕੈਨੇਡੀਅਨ ਸੰਸਦ ਦੀ ਕਾਰਵਾਈ 24 ਮਾਰਚ ਤੱਕ ਮੁਲਤਵੀ ਹੈ। ਵੈਨਕੂਵਰ ਪੁੱਜੇ ਮਾਰਕ ਕਾਰਨੀ ਨੂੰ ਜਦੋਂ ਚੋਣਾਂ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਰਚ ਦੇ ਅੱਧ ਤੱਕ ਹਾਲਾਤ ਨੂੰ ਵਿਚਾਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਾਊਸ ਆਫ਼ ਕਾਮਨਜ਼ ਦਾ ਇਜਲਾਸ 24 ਮਾਰਚ ਤੋਂ ਪਹਿਲਾਂ ਵੀ ਸੱਦਿਆ ਜਾ ਸਕਦਾ ਹੈ।
ਮਾਰਕ ਕਾਰਨੀ ਵੱਲੋਂ ਵੀ ਲੀਡਰ ਚੁਣੇ ਜਾਣ ’ਤੇ ਚੋਣਾਂ ਦੇ ਆਸਾਰ ਵੱਲ ਇਸ਼ਾਰਾ
ਲੀਡਰਸ਼ਿਪ ਦੌੜ ਦੇ ਨਤੀਜੇ ਭਾਵੇਂ ਕਝ ਵੀ ਹੋਣ ਮਾਰਕ ਕਾਰਨੀ ਨੇ ਆਖਿਆ ਕਿ ਉਹ ਲਿਬਰਲ ਪਾਰਟੀ ਵੱਲੋਂ ਐਮ.ਪੀ. ਦੀ ਚੋਣ ਲਾਜ਼ਮੀ ਤੌਰ ’ਤੇ ਲੜਨਗੇ। ਇਥੇ ਦਸਣਾ ਬਣਦਾ ਹੈ ਕਿ ਲਿਬਰਲ ਲੀਡਰਸ਼ਿਪ ਦੌੜ ਵਿਚ ਇਸ ਵੇਲੇ ਮਾਰਕ ਕਾਰਨ ਤੋਂ ਇਲਾਵਾ ਕ੍ਰਿਸਟੀਆ ਫਰੀਲੈਂਡ, ਕਰੀਨਾ ਗੂਲਡ, ਰੂਬੀ ਢੱਲਾਂ ਅਤੇ ਸਾਬਕਾ ਐਮ.ਪੀ. ਫਰੈਂਕ ਬੇਲਿਸ ਸ਼ਾਮਲ ਹਨ। ਜ਼ਿਆਦਾਤਰ ਚੋਣ ਸਰਵੇਖਣਾਂ ਵਿਚ ਲਿਬਰਲ ਪਾਰਟੀ ਆਪਣੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਤੋਂ ਪੱਛੜ ਰਹੀ ਹੈ ਪਰ ਲੈਜਰ ਦੇ ਚੋਣ ਸਰਵੇਖਣ ਵਿਚ ਲਿਬਰਲ ਪਾਰਟੀ ਦੀ ਲੋਕ ਹਮਾਇਤ ਨੂੰ 30 ਫ਼ੀ ਸਦੀ ਤੱਕ ਦਿਖਾਇਆ ਗਿਆ ਹੈ।