ਇਲੈਕਸ਼ਨਜ਼ ਕੈਨੇਡਾ ਵੱਲੋਂ 2 ਲੱਖ ਕਾਮਿਆਂ ਦੀ ਕੀਤੀ ਜਾ ਰਹੀ ਭਰਤੀ
ਕੈਨੇਡਾ ਵਿਚ 28 ਅਪ੍ਰੈਲ ਨੂੰ ਵੋਟਾਂ ਪਵਾਉਣ ਵਾਸਤੇ ਇਲੈਕਸ਼ਨਜ਼ ਕੈਨੇਡਾ ਨੂੰ 2 ਲੱਖ ਤੋਂ ਵੱਧ ਕਾਮਿਆਂ ਦੀ ਜ਼ਰੂਰਤ ਹੈ ਅਤੇ ਚੰਗੀ ਤਨਖਾਹ ਵਾਲੇ ਇਸ ਕੰਮ ਲਈ ਬੁਨਿਆਦੀ ਤੌਰ ’ਤੇ ਪੜ੍ਹਿਆ ਲਿਖਿਆ ਹੋਣਾ ਹੀ ਲਾਜ਼ਮੀ ਹੈ।

By : Upjit Singh
ਟੋਰਾਂਟੋ : ਕੈਨੇਡਾ ਵਿਚ 28 ਅਪ੍ਰੈਲ ਨੂੰ ਵੋਟਾਂ ਪਵਾਉਣ ਵਾਸਤੇ ਇਲੈਕਸ਼ਨਜ਼ ਕੈਨੇਡਾ ਨੂੰ 2 ਲੱਖ ਤੋਂ ਵੱਧ ਕਾਮਿਆਂ ਦੀ ਜ਼ਰੂਰਤ ਹੈ ਅਤੇ ਚੰਗੀ ਤਨਖਾਹ ਵਾਲੇ ਇਸ ਕੰਮ ਲਈ ਬੁਨਿਆਦੀ ਤੌਰ ’ਤੇ ਪੜ੍ਹਿਆ ਲਿਖਿਆ ਹੋਣਾ ਹੀ ਲਾਜ਼ਮੀ ਹੈ। ਇਲੈਕਸ਼ਨਜ਼ ਕੈਨੇਡਾ ਦੇ ਲੋਕਲ ਦਫ਼ਤਰਾਂ ਵਿਚ ਜਾ ਕੇ ਇਹ ਨੌਕਰੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਅਤੇ ਫੈਡਰਲ ਉਜਰਤ ਦਰ ਮੁਤਾਬਕ ਘੱਟੋ ਘੱਟ 17.40 ਡਾਲਰ ਪ੍ਰਤੀ ਘੰਟਾ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ।
ਸਾਧਾਰਣ ਪੜ੍ਹਾਈ ਵਾਲਿਆ ਨੂੰ ਵੀ ਮਿਲੇਗੀ ਨੌਕਰੀ
ਇਹ ਅਦਾਇਗੀ ਪਹਿਲੇ ਪੱਧਰ ਦੀ ਨੌਕਰੀ ਵਾਸਤੇ ਜਦਕਿ ਪੰਜਵੇਂ ਪੱਧਰ ਤੱਕ ਜਾਂਦਿਆਂ 33 ਡਾਲਰ ਪ੍ਰਤੀ ਘੰਟਾ ਤੱਕ ਦਾ ਮਿਹਨਤਾਨਾ ਹਾਸਲ ਕੀਤਾ ਜਾ ਸਕਦਾ ਹੈ। ਇਲੈਕਸ਼ਨਜ਼ ਕੈਨੇਡਾ ਵੱਲੋਂ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਹੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਦਫ਼ਤਰੀ ਸਟਾਫ਼ ਦੀ ਭਰਤੀ ਰਾਹੀਂ ਚੋਣ ਅਮਲੇ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ। ਭਰਤੀ ਕੀਤੇ ਜਾਣ ਵਾਲੇ ਕਾਮਿਆਂ ਦੀ ਜ਼ਿੰਮੇਵਾਰੀ ਸਮੁੱਚੀ ਪ੍ਰਕਿਰਿਆ ਨੂੰ ਸੁਖਾਵੇਂ ਤਰੀਕੇ ਨਾਲ ਨੇਪਰੇ ਚਾੜ੍ਹਨ ਦੀ ਹੋਵੇਗੀ। ਸਭ ਤੋਂ ਪਹਿਲਾਂ ਕਮਿਊਨਿਟੀ ਲੀਏਜ਼ੌਨ ਅਫ਼ਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਵੋਟ ਪਾਉਣ ਨਾਲ ਸਬੰਧਤ ਜਾਣਕਾਰੀ ਅਤੇ ਸਹਾਇਤਾ ਮੁਹੱਈਆ ਕਰਵਾਉਂਦੇ ਹਨ। ਇਸ ਤੋਂ ਬਾਅਦ ਪੋਲ ਆਪ੍ਰੇਸ਼ਨਜ਼ ਮੈਨੇਜਰ ਦਾ ਨੰਬਰ ਆਉਂਦਾ ਹੈ ਜਿਨ੍ਹਾਂ ਦਾ ਕੰਮ ਰਿਟਰਨਿੰਗ ਅਫ਼ਸਰਾਂ ਦੀ ਯੋਜਨਾ ਨੂੰ ਇੰਨ-ਬਿੰਨ ਤਰੀਕੇ ਨਾਲ ਲਾਗੂ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਟ੍ਰੇਨਿੰਗ ਅਫ਼ਸਰ ਵੀ ਭਰਤੀ ਕੀਤੇ ਜਾ ਰਹੇ ਹਨ ਜੋ ਵੱਖ ਵੱਖ ਕਾਮਿਆਂ ਨੂੰ ਲੋੜੀਂਦੀ ਸਿਖਲਾਈ ਮੁਹੱਈਆ ਕਰਵਾਉਣਗੇ।
28 ਅਪ੍ਰੈਲ ਨੂੰ ਵੋਟਾਂ ਪੈਣ ਤੱਕ ਜਾਰੀ ਰਹੇਗਾ ਕੰਮ
ਪੋÇਲੰਗ ਬੂਥਾਂ ’ਤੇ ਇਨਫ਼ਰਮੇਸ਼ਨ ਅਫ਼ਸਰ ਹੋਣੇ ਵੀ ਲਾਜ਼ਮੀ ਹਨ ਜੋ ਵੋਟਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਬੰਧਤ ਜਾਣਕਾਰੀ ਮੁਹੱਈਆ ਕਰਵਾਉਣਗੇ। ਇਲੈਕਸ਼ਨਜ਼ ਕੈਨੇਡਾ ਕੋਲ ਕੰਮ ਕਰਨ ਦੇ ਇੱਛਕ ਨੌਜਵਾਨਾਂ ਦੀ ਘੱਟੋ ਘੱਟ ਉਮਰ 16 ਸਾਲ ਹੋਣੀ ਚਾਹੀਦੀ ਹੈ ਅਤੇ ਉਹ ਕੈਨੇਡੀਅਨ ਸਿਟੀਜ਼ਨ ਲਾਜ਼ਮੀ ਹੋਣ। ਸਾਧਾਰਣ ਵਿਦਿਅਕ ਯੋਗਤਾ ਕਾਫ਼ੀ ਹੋਵੇਗੀ ਅਤੇ ਘੱਟੋ ਘੱਟ 13 ਘੰਟੇ ਕੰਮ ਕਰਨ ਦੀ ਸਮਰੱਥਾ ਜ਼ਰੂਰ ਹੋਵੇ। ਕੰਮ ਦੇ ਹਿਸਾਬ ਨਾਲ ਕੁਝ ਕਾਮਿਆਂ ਨੂੰ ਜ਼ਿਆਦਾ ਸਮਾਂ ਖੜ੍ਹੇ ਰਹਿਣਾ ਪੈ ਸਕਦਾ ਹੈ ਜਾਂ ਹਥਲਿਖਤ ਕਾਰਵਾਈ ਜ਼ਿਆਦਾ ਕਰਨੀ ਪੈ ਸਕਦੀ ਹੈ।


