ਕੈਨੇਡਾ ਵਿਚ ਸਿੱਖਾਂ ਅਤੇ ਹਿੰਦੂਆਂ ਦਰਮਿਆਨ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਉਪਰਾਲਾ
ਕੈਨੇਡਾ ਵਿਚ ਹਿੰਦੂ-ਸਿੱਖ ਭਾਈਚਾਰਾ ਮਜ਼ਬੂਤ ਬਣਾਉਣ ਦੇ ਮਕਸਦ ਤਹਿਤ ਯੂਨਾਈਟਡ ਸਿੱਖਸ ਐਂਡ ਹਿੰਦੂਜ਼ ਐਸੋਸੀਏਸ਼ਨ ਆਫ਼ ਨੌਰਥ ਅਮੈਰਿਕਾ ਦਾ ਗਠਨ ਕੀਤਾ ਗਿਆ ਹੈ।
By : Upjit Singh
ਵੈਨਕੂੂਵਰ : ਕੈਨੇਡਾ ਵਿਚ ਹਿੰਦੂ-ਸਿੱਖ ਭਾਈਚਾਰਾ ਮਜ਼ਬੂਤ ਬਣਾਉਣ ਦੇ ਮਕਸਦ ਤਹਿਤ ਯੂਨਾਈਟਡ ਸਿੱਖਸ ਐਂਡ ਹਿੰਦੂਜ਼ ਐਸੋਸੀਏਸ਼ਨ ਆਫ਼ ਨੌਰਥ ਅਮੈਰਿਕਾ ਦਾ ਗਠਨ ਕੀਤਾ ਗਿਆ ਹੈ। ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਵਿਚ ਹੋਏ ਇਕੱਠ ਦੌਰਾਨ ਖਾਲਸਾ ਦੀਵਾਨ ਸੋਸਾਇਟੀ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਧਾਲੀਵਾਲ ਨੂੰ 20 ਮੈਂਬਰੀ ਕਮੇਟੀ ਦਾ ਮੁਖੀ ਚੁਣਿਆ ਗਿਆ ਜਿਸ ਵਿਚ 24 ਸਿੱਖ ਸੋਸਾਇਟੀਆਂ ਅਤੇ ਛੇ ਹਿੰਦੂ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਹਨ। ‘ਹਿੰਦੋਸਤਾਨ ਟਾਈਮਜ਼’ ਦੀ ਰਿਪੋਰਟ ਮੁਤਾਬਕ ਕਮੇਟੀ ਵਿਚ ਹਿੰਦੂ ਜਥੇਬੰਦੀਆਂ ਵਿਚ ਸਰੀ ਦਾ ਲਕਸ਼ਮੀ ਨਾਰਾਇਣ ਮੰਦਰ ਵੀ ਸ਼ਾਮਲ ਹੈ। ਖਾਲਸਾ ਦੀਵਾਨ ਸੋਸਾਇਟੀ ਵਿਖੇ ਇਕੱਠ ਵਿਚ ਵੱਖ ਵੱਖ ਧਾਰਮਿਕ ਸਥਾਨਾਂ ਦੇ 60 ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਅਤੇ ਇਕ ਮਤਾ ਪਾਸ ਕਰਦਿਆਂ ਕਿਸੇ ਵੀ ਮੰਦਰ ਜਾਂ ਗੁਰਦਵਾਰੇ ਦੇ ਨੇੜੇ ਕੋਈ ਮੁਜ਼ਾਹਰਾ ਨਾ ਹੋਣ ਦੇਣ ਦਾ ਅਹਿਦ ਕੀਤਾ ਗਿਆ।
ਯੂਨਾਈਟਡ ਸਿੱਖਸ ਐਂਡ ਹਿੰਦੂਜ਼ ਐਸੋਸੀਏਸ਼ਨ ਆਫ਼ ਨੌਰਥ ਅਮੈਰਿਕਾ ਦਾ ਗਠਨ
ਕਸ਼ਮੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਦੋਵੇਂ ਭਾਈਚਾਰੇ ਸ਼ਾਂਤੀ ਚਾਹੁੰਦੇ ਹਨ ਅਤੇ ਭਵਿੱਖ ਵਿਚ ਕਿਸੇ ਵੀ ਹਿੰਸਾ ਦੀ ਤਿੱਖੀ ਨੁਕਤਾਚੀਨੀ ਕੀਤੀ ਜਾਵੇਗੀ, ਚਾਹੇ ਉਹ ਖਾਲਿਸਤਾਨ ਹਮਾਇਤੀਆਂ ਵੱਲੋਂ ਕੀਤੀ ਗਈ ਹੋਵੇ ਜਾਂ ਹਿੰਦੂਆਂ ਵੱਲੋਂ ਕੀਤੀ ਗਈ ਹੋਵੇ। ਦੋਹਾਂ ਭਾਈਚਾਰਿਆਂ ਵੱਲੋਂ ਜਥੇਬੰਦੀ ਬਣਾਈ ਗਈ ਹੈ ਤਾਂਕਿ ਭਵਿੱਖ ਵਿਚ ਸਮੱਸਿਆਵਾਂ ਪੈਦਾ ਹੋਣ ਤੋਂ ਰੋਕੀਆਂ ਜਾ ਸਕਣ ਅਤੇ ਕਿਸੇ ਕਿਸਮ ਦਾ ਤਣਾਅ ਪੈਦਾ ਨਾ ਹੋਵੇ। ਕਮੇਟੀ ਵਿਚ ਸ਼ਾਮਲ ਜੋਗਿੰਦਰ ਸਿੰਘ ਸੁੰਨੜ ਨੇ ਕਿਹਾ ਕਿ ਇਕੱਠ ਦੌਰਾਨ ਸਰਬਸੰਮਤੀ ਨਾਲ ਇਕਜੁਟਤਾ ਕਾਇਮ ਕਰਨ ਦਾ ਮਤਾ ਪ੍ਰਵਾਨ ਕੀਤਾ ਗਿਆ ਅਤੇ ਜਲਦ ਹੀ ਸੂਬਾ ਸਰਕਾਰ ਤੇ ਸਿਟੀ ਕੌਂਸਲਾਂ ਨਾਲ ਸੰਪਰਕ ਕਰਦਿਆਂ ਧਾਰਮਿਕ ਥਾਵਾਂ ਦੇ ਆਲੇ ਦੁਆਲੇ ਬਫਰ ਜ਼ੋਨ ਸਥਾਪਤ ਕਰਨ ਦਾ ਸੱਦਾ ਦਿਤਾ ਜਾਵੇਗਾ। ਕਮਿਊਨਿਟੀ ਵਿਚ ਕੋਈ ਹਿੰਸਾ ਨਹੀਂ ਚਾਹੁੰਦਾ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਬਣਾਈ ਇਸ ਜਥੇਬੰਦਾ ਦਾ ਘੇਰਾ ਉਨਟਾਰੀਓ ਸਣੇ ਕੈਨੇਡਾ ਦੇ ਵੱਖ ਵੱਖ ਰਾਜਾਂ ਤੱਕ ਫੈਲਾਇਆ ਜਾਵੇਗਾ।
ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਵਿਚ ਹੋਇਆ ਇਕੱਠ
ਸਿਰਫ ਐਨਾ ਹੀ ਨਹੀਂ ਅਮਰੀਕਾ ਵਿਚ ਵੀ ਜਥੇਬੰਦੀ ਦੀਆਂ ਇਕਾਈਆਂ ਬਣਾਈਆਂ ਜਾਣਗੀਆਂ। ਦੱਸਿਆ ਜਾ ਰਿਹਾ ਹੈ ਕਿ ਰੌਸ ਸਟ੍ਰੀਟ ਗੁਰਦਵਾਰਾ ਸਾਹਿਬ ਵਿਚ ਹੋਈ ਮੀਟਿੰਗ 45 ਦਿਨ ਤੱਕ ਚੱਲੀ ਯੋਜਨਾਬੰਦੀ ਅਤੇ ਵਿਚਾਰ ਵਟਾਂਦਰੇ ਦਾ ਨਤੀਜਾ ਸੀ। ਇਥੇ ਦਸਣਾ ਬਣਦਾ ਹੈ ਕਿ ਨਵੰਬਰ ਦੇ ਪਹਿਲੇ ਹਫ਼ਤੇ ਮਾਲਟਨ ਦੇ ਗੁਰਦਵਾਰ ਸਾਹਿਬ ਅਤੇ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਦੇ ਬਾਹਰ ਹੋਏ ਰੋਸ ਵਿਖਾਵਿਆਂ ਮਗਰੋਂ ਪੁਲਿਸ ਕਈ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ ਅਤੇ ਕਈ ਹੋਰਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਸ਼ਨਾਖਤ ਕਰਨ ਵਿਚ ਮਦਦ ਮੰਗੀ ਗਈ ਹੈ।