ਕੈਨੇਡਾ ’ਚ ਸ਼ਰਾਬੀ ਨੇ ਮਾਰੀਆਂ 2 ਸਾਊਥ ਏਸ਼ੀਅਨ ਔਰਤਾਂ
ਕੈਨੇਡਾ ਵਿਚ ਇਕ ਸ਼ਰਾਬੀ ਡਰਾਈਵਰ ਦੀ ਘੋਰ ਲਾਪ੍ਰਵਾਹੀ 2 ਸਾਊਥ ਏਸ਼ੀਅਨ ਔਰਤਾਂ ਦੀ ਮੌਤ ਦਾ ਕਾਰਨ ਬਣ ਗਈ

By : Upjit Singh
ਵੈਨਕੂਵਰ : ਕੈਨੇਡਾ ਵਿਚ ਇਕ ਸ਼ਰਾਬੀ ਡਰਾਈਵਰ ਦੀ ਘੋਰ ਲਾਪ੍ਰਵਾਹੀ 2 ਸਾਊਥ ਏਸ਼ੀਅਨ ਔਰਤਾਂ ਦੀ ਮੌਤ ਦਾ ਕਾਰਨ ਬਣ ਗਈ। ਹੌਲਨਾਕ ਹਾਦਸਾ ਬੀ.ਸੀ. ਦੇ ਕੈਮਲੂਪਸ ਸ਼ਹਿਰ ਨੇੜੇ ਕੌਕੁਈਹੈਲਾ ਹਾਈਵੇਅ ’ਤੇ ਵਾਪਰਿਆ ਅਤੇ ਔਰਤਾਂ ਦੀ ਸ਼ਨਾਖਤ ਉਤਸੁਕਤਾ ਅਧਿਕਾਰੀ ਅਤੇ ਮਦੁਨੀ ਚਤੁਰਦਾ ਵਜੋਂ ਕੀਤੀ ਗਈ ਹੈ। ਬੀ.ਸੀ. ਹਾਈਵੇਅ ਪੈਟਰੋਲ ਨੇ ਦੱਸਿਆ ਕਿ ਜਾਨਲੇਵਾ ਹਾਦਸੇ ਮਗਰੋਂ ਇਕ ਸ਼ਰਾਬੀ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਦੋਵੇਂ ਔਰਤਾਂ ਸਫ਼ੈਦ ਰੰਗ ਦੀ ਹਿਊਂਡਈ ਕੋਨਾ ਵਿਚ ਜਾ ਰਹੀਆਂ ਸਨ ਜਦੋਂ ਡੌਜ ਰੇਮ ਪਿਕਅੱਪ ਟਰੱਕ ਨੇ ਟੱਕਰ ਮਾਰੀ।
ਬੀ.ਸੀ. ਵਿਚ ਗੱਡੀਆਂ ਦੀ ਹੋਈ ਆਹਮੋ-ਸਾਹਮਣੀ ਟੱਕਰ
ਹਾਈਵੇਅ ਪੈਟਰੋਲ ਦੇ ਕਾਰਪੋਰਲ ਮਾਈਕਲ ਮੈਕਲਾਫ਼ਲਿਨ ਨੇ ਦੱਸਿਆ ਕਿ ਹਾਦਸੇ ਦੇ ਗਵਾਹਾਂ ਜਾਂ ਡੈਸ਼ਕੈਮ ਵੀਡੀਓ ਦੀ ਤਲਾਸ਼ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਬੀ.ਸੀ. ਹਾਈਵੇਅ ਪੈਟਰੋਲ ਦੀ ਕੈਮਲੂਪਸ ਇਕਾਈ ਨਾਲ 250 828 3111 ’ਤੇ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਕੈਮਲੂਪਸ ਦੇ ਸ਼ਿਵ ਸ਼ਕਤੀ ਮੰਦਰ ਅਤੇ ਨੇਪਾਲੀ ਸੋਸਾਇਟੀ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੱਸ ਦੇਈਏ ਕਿ ਹਾਦਸੇ ਦੌਰਾਨ ਦੋ ਜਣੇ ਜ਼ਖਮੀ ਵੀ ਹੋਏ ਜਿਨ੍ਹਾਂ ਵਿਚੋਂ ਇਕ ਦੀ ਪਛਾਣ ਬਿਕਾਸ਼ ਭੰਡਾਰੀ ਵਜੋਂ ਕੀਤੀ ਗਈ ਹੈ ਪਰ ਉਤਸੁਕਤਾ ਨਾਲ ਉਸ ਦੇ ਰਿਸ਼ਤੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਤਸੁਕਤਾ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ ਅਤੇ ਹਾਲ ਹੀ ਵਿਚ ਉਸ ਨੇ ਥੌਂਪਸਨ ਰਿਵਰਜ਼ ਯੂਨੀਵਰਸਿਟੀ ਤੋਂ ਡਿਗਰੀ ਮੁਕੰਮਲ ਕੀਤੀ। ਮਦੁਨੀ ਚਤੁਰਦਾ ਦੇ ਪਤੀ ਵੱਲੋਂ ਵੀ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ ਜੋ ਆਪਣੇ ਪਿੱਛੇ 7 ਸਾਲ ਦਾ ਬੱਚਾ ਛੱਡ ਗਈ ਹੈ।


