ਕੈਨੇਡਾ ਵਿਚ 80 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕੌਮਾਂਤਰੀ ਸਰਹੱਦ ਤੋਂ ਇਕ ਟਰੱਕ ਡਰਾਈਵਰ ਕੋਲੋਂ 20 ਲੱਖ ਡਾਲਰ ਮੁੱਲ ਦੀ 189 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ
By : Upjit Singh
ਟੋਰਾਂਟੋ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕੌਮਾਂਤਰੀ ਸਰਹੱਦ ਤੋਂ ਇਕ ਟਰੱਕ ਡਰਾਈਵਰ ਕੋਲੋਂ 20 ਲੱਖ ਡਾਲਰ ਮੁੱਲ ਦੀ 189 ਕਿਲੋ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਜਦਕਿ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ 60 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। 2024 ਦੀ ਸਮਾਪਤੀ ਮੌਕੇ ਇਨ੍ਹਾਂ ਬਰਾਮਦਗੀਆਂ ਨੂੰ ਵੱਡੀ ਪ੍ਰਾਪਤ ਮੰਨਿਆ ਜਾ ਰਿਹਾ ਹੈ। ਐਲਬਰਟਾ ਦੇ ਕਾਊਟਸ ਲਾਂਘੇ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਇਕ ਕਮਰਸ਼ੀਅਲ ਟਰੱਕ ਦੀ ਮੁਢਲੀ ਚੈਕਿੰਗ ਦੌਰਾਨ ਸ਼ੱਕ ਹੋਣ ’ਤੇ ਸੀ.ਬੀ.ਐਸ.ਏ. ਦੇ ਅਫ਼ਸਰਾਂ ਵੱਲੋਂ ਡੂੰਘਾਈ ਨਾਲ ਤਲਾਸ਼ੀ ਲੈਣ ਦਾ ਫੈਸਲਾ ਕੀਤਾ ਗਿਆ।
ਅਮਰੀਕਾ ਦੇ ਬਾਰਡਰ ’ਤੇ ਟਰੱਕ ਡਰਾਈਵਰ ਕੋਲੋਂ 189 ਕਿਲੋ ਕੋਕੀਨ ਜ਼ਬਤ
ਟ੍ਰੇਲਰ ਦੀ ਤਲਾਸ਼ੀ ਦੌਰਾਨ ਕਈ ਸ਼ੱਕੀ ਪੈਕਟ ਬਰਾਮਦ ਕੀਤੇ ਗਏ ਜਿਨ੍ਹਾਂ ਦੀ ਲੈਬਾਰਟਰੀ ਵਿਚ ਪੜਤਾਲ ਦੌਰਾਨ ਕੋਕੀਨ ਹੋਣ ਬਾਰੇ ਤਸਦੀਕ ਹੋ ਗਈ। ਟਰੱਕ ਡਰਾਈਵਰ ਦੀ ਪਛਾਣ ਜਨਕਤ ਨਹੀਂ ਕੀਤੀ ਗਈ ਜਿਸ ਨੂੰ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿਤਾ ਗਿਆ ਹੈ। ਦੱਖਣੀ ਐਲਬਰਟਾ ਅਤੇ ਦੱਖਣੀ ਸਸਕੈਚਵਨ ਮਾਮਲਿਆਂ ਬਾਰੇ ਸੀ.ਬੀ.ਐਸ.ਏ. ਦੇ ਡਾਇਰੈਕਟਰ ਬੈਨ ਟੇਮ ਨੇ ਕਿਹਾ ਕਿ ਉਨ੍ਹਾਂ ਦੇ ਅਫ਼ਸਰਾਂ ਨਸ਼ੀਲੇ ਪਦਾਰਥਾਂ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਰੋਕਣ ਲਈ ਵਚਨਬੱਧ ਹਨ ਅਤੇ ਅਪਰਾਧਕ ਗਿਰੋਹਾਂ ਦਾ ਲਗਾਤਾਰ ਪਰਦਾ ਫ਼ਾਸ਼ ਕੀਤਾ ਜਾ ਰਿਹਾ ਹੈ। ਆਰ.ਸੀ.ਐਮ.ਪੀ. ਅਤੇ ਕੈਲਗਰੀ ਪੁਲਿਸ ਵਰਗੀਆਂ ਲਾਅ ਐਨਫੋਰਸਮੈਂਟ ਏਜੰਸੀਆਂ ਵੀ ਬਾਰਡਰ ਏਜੰਟਾਂ ਦਾ ਡਟਵਾਂ ਸਾਥ ਦੇ ਰਹੀਆਂ ਹਨ ਅਤੇ ਆਪਣੇ ਸ਼ਹਿਰਾਂ ਤੇ ਕਸਬਿਆਂ ਨੂੰ ਨਸ਼ਿਆਂ ਤੋਂ ਸੁਰੱਖਿਅਤ ਰੱਖਣ ਵਿਚ ਮਦਦ ਮਿਲ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ ਪਹਿਲੀ ਜਨਵਰੀ ਤੋਂ 31 ਅਕਤੂਬਰ ਦਰਮਿਆਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 25,600 ਕਿਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।
ਓ.ਪੀ.ਪੀ. ਨੇ 47 ਕਿਲੋ ਸ਼ੱਕੀ ਕੋਕੀਨ ਅਤੇ ਹੋਰ ਨਸ਼ੇ ਜ਼ਬਤ ਕੀਤੇ
ਇਸ ਤੋਂ ਇਲਾਵਾ 5 ਲੱਖ 47 ਹਜ਼ਾਰ ਕਿਲੋ ਨਾਜਾਇਜ਼ ਤੰਬਾਕੂ ਵੀ ਬਰਾਮਦ ਕੀਤਾ ਗਿਆ। ਦੂਜੇ ਪਾਸੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਪ੍ਰੌਜੈਕਟ ਮਿਡਫ਼ੀਲਡ ਅਧੀਨ 47 ਕਿਲੋ ਸ਼ੱਕੀ ਕੋਕੀਨ ਬਰਾਮਦ ਕਰਨ ਅਤੇ ਤਿੰਨ ਜਣਿਆਂ ਵਿਰੁੱਧ 39 ਦੋਸ਼ ਆਇਦ ਕਰਨ ਦਾ ਜ਼ਿਕਰ ਕੀਤਾ ਗਿਆ ਹੈ। ਓ.ਪੀ.ਪੀ. ਵੱਲੋਂ ਔਟਵਾ ਪੁਲਿਸ ਅਤੇ ਬਰੌਕਵਿਲ ਪੁਲਿਸ ਦੀ ਮਦਦ ਨਾਲ ਇਹ ਕਾਰਵਾਈ ਕੀਤੀ ਗਈ ਅਤੇ ਨਸ਼ੀਲੇ ਪਦਾਰਥਾਂ ਤੋਂ ਇਲਾਵਾ ਇਕ ਹਥਿਆਰ, ਪੰਜ ਮੈਗਜ਼ੀਨ, ਇਕ ਬਾਰਡਰ ਆਰਮਰ, ਪੰਜ ਸੈਲ ਫੋਨ, ਦੋ ਗੱਡੀਆਂ ਅਤੇ ਨਕਦੀ ਬਰਾਮਦ ਕੀਤੀ ਗਈ। ਔਟਵਾ ਪੁਲਿਸ ਦੇ ਸੁਪਰਡੈਂਟ ਜੇਮੀ ਡਨਲੌਪ ਨੇ ਦੱਸਿਆ ਕਿ ਉਨਟਾਰੀਓ ਦੀਆਂ ਕਮਿਊਨਿਟੀਜ਼ ਨੂੰ ਸੁਰੱਖਿਅਤ ਰਖਦਿਆਂ ਪ੍ਰੌਜੈਕਟ ਮਿਡਫੀਲਡ ਨੂੰ ਵੱਖ ਵੱਖ ਪੁਲਿਸ ਮਹਿਕਮਿਆਂ ਨਾਲ ਭਾਈਵਾਲੇ ਤਹਿਤ ਨੇਪਰੇ ਚਾੜ੍ਹਿਆ ਗਿਆ। ਬਰੌਕਵਿਲ ਪੁਲਿਸ ਦੇ ਡਿਪਟੀ ਚੀਫ਼ ਐਂਡਰਿਊ ਹਾਰਵੀ ਨੇ ਕਿਹਾ ਕਿ ਨਸ਼ਿਆਂ ਦੀ ਵੱਡੀ ਬਰਾਮਦਗੀ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸੇ ਦੌਰਾਨ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਨਸ਼ਾ ਤਸਕਰੀ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ 1888 310 1122 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।