ਮਿਸੀਸਾਗਾ ਦੇ ਘਰ ਵਿਚੋਂ ਮਿਲੇ 35 ਲੱਖ ਡਾਲਰ ਦੇ ਨਸ਼ੇ
ਮਿਸੀਸਾਗਾ ਦੇ ਇਕ ਮਕਾਨ ਵਿਚੋਂ 35 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਹੋਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਕ ਸ਼ੱਕੀ ਦੀ ਗ੍ਰਿਫ਼ਤਾਰੀ ਮਗਰੋਂ ਬਰਾਮਦ ਨਸ਼ਿਆਂ ਵਿਚ 117 ਕਿਲੋ ਕੋਕੀਨ ਅਤੇ ਚਾਰ ਕਿਲੋ ਮੈਥਮਫੈਟਾਮਿਨ ਸ਼ਾਮਲ ਹਨ।
By : Upjit Singh
ਮਿਸੀਸਾਗਾ : ਮਿਸੀਸਾਗਾ ਦੇ ਇਕ ਮਕਾਨ ਵਿਚੋਂ 35 ਲੱਖ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਹੋਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਇਕ ਸ਼ੱਕੀ ਦੀ ਗ੍ਰਿਫ਼ਤਾਰੀ ਮਗਰੋਂ ਬਰਾਮਦ ਨਸ਼ਿਆਂ ਵਿਚ 117 ਕਿਲੋ ਕੋਕੀਨ ਅਤੇ ਚਾਰ ਕਿਲੋ ਮੈਥਮਫੈਟਾਮਿਨ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਦੇ ਪੌਨੀਟ੍ਰੇਲ ਡਰਾਈਵ ਅਤੇ ਫੀਲਡਗੇਟ ਡਰਾਈਵ ਇਲਾਕੇ ਵਿਚ ਇਕ ਸ਼ੱਕੀ ਕੋਲ ਪਸਤੌਲ ਹੋਣ ਦੀ ਸੂਹ ਮਿਲਣ ’ਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਿਚ ਕੀਤੀ ਪੁੱਛ-ਪੜਤਾਲ ਦੌਰਾਨ ਨਸ਼ਿਆਂ ਦੀ ਵੱਡੀ ਖੇਪ ਬਾਰੇ ਜਾਣਕਾਰੀ ਸਾਹਮਣੇ ਆਈ।
ਵਿਕਟੋਰੀਆ ਦੇ ਘਰ ਵਿਚੋਂ 20 ਬੰਦੂਕਾਂ ਅਤੇ 20 ਹਜ਼ਾਰ ਗੋਲੀਆਂ ਬਰਾਮਦ
ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਮਿਸੀਸਾਗਾ ਦੇ ਪੂਰਬੀ ਇਲਾਕੇ ਦੇ ਇਕ ਘਰ ਵਿਚ ਛਾਪਾ ਮਾਰਿਆ ਗਿਆ ਅਤੇ ਬਰਾਮਦ ਹੋਏ ਨਸ਼ੀਲੇ ਪਦਾਰਥ ਦੀ ਕੀਮਤ 35 ਲੱਖ ਡਾਲਰ ਬਣਦੀ ਹੈ। ਨਸ਼ਿਆਂ ਤੋਂ ਇਲਾਵਾ ਕੈਨੇਡੀਅਨ ਕਰੰਸੀ ਅਤੇ ਭਰੀ ਹੋਈ ਹੈਂਡਗੰਨ ਵੀ ਬਰਾਮਦ ਹੋਈ। ਪੁਲਿਸ ਵੱਲੋਂ ਮਿਸੀਸਾਗਾ ਦੇ 20 ਸਾਲਾ ਨੌਜਵਾਨ ਰਸ਼ੀਦ ਅਲ ਹਸਨ ਵਿਰੁੱਧ ਨਸ਼ਿਆਂ ਅਤੇ ਹਥਿਆਰਾਂ ਨਾਲ ਸਬੰਧਤ 11 ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ। ਇਸੇ ਦੌਰਾਨ ਬੀ.ਸੀ. ਦੇ ਵਿਕਟੋਰੀਆ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਹਥਿਆਰ ਅਤੇ ਸਾਢੇ ਚਾਰ ਕਿਲੋ ਕੋਕੀਨ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਬੀ.ਸੀ. ਦੀ ਰਾਜਧਾਨੀ ਵਿਚ ਕੀਤੀ ਗਈ ਕਾਰਵਾਈ ਦੌਰਾਨ 20 ਬੰਦੂਕਾਂ ਅਤੇ 20 ਹਜ਼ਾਰ ਤੋਂ ਵੱਧ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਨਸ਼ਾ ਤਸਕਰਾਂ ਹੁਣ ਹਥਿਆਰਾਂ ਦੀ ਸਪਲਾਈ ਵੀ ਕਰਨ ਲੱਗੇ
ਜੂਨ ਦੇ ਪਹਿਲੇ ਹਫਤੇ ਆਰੰਭੀ ਪੜਤਾਲ ਦੌਰਾਨ ਨਸ਼ਾ ਤਸਕਰਾਂ ਦੇ ਇਕ ਟਿਕਾਣੇ ਬਾਰੇ ਪਤਾ ਲੱਗਾ ਜਿਸ ਮਗਰੋਂ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਲੈਂਗਫੋਰਡ ਦੇ ਮਕਾਨ ਵਿਚ ਛਾਪਾ ਮਾਰਿਆ ਗਿਆ। ਵਿਕਟੋਰੀਆ ਪੁਲਿਸ ਦੇ ਮੁਖੀ ਡੈਲ ਮਾਣਕ ਨੇ ਇਸ ਵੱਡੀ ਸਫ਼ਲਤਾ ਮਗਰੋਂ ਆਪਣੇ ਅਫਸਰਾਂ ਦੀ ਪਿੱਠ ਥਾਪੜੀ ਅਤੇ ਕਿਹਾ ਕਿ ਅਜਿਹੇ ਅਪਰਾਧੀ ਸਾਡੀ ਕਮਿਊਨਿਟੀ ਦੀ ਸੁਰੱਖਿਆ ਵਾਸਤੇ ਵੱਡਾ ਖਤਰਾ ਬਣ ਜਾਂਦੇ ਹਨ ਜਿਸ ਨੂੰ ਵੇਖਦਿਆਂ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕਾਰਵਾਈ ਜਾਰੀ ਰੱਖਣੀ ਹੋਵੇਗੀ।