ਉਨਟਾਰੀਓ ’ਚ ਨਸ਼ਾ ਤਸਕਰਾਂ ਦੇ ਗਿਰੋਹ ਦਾ ਪਰਦਾ ਫਾਸ਼

ਜਾਰਜੀਨਾ : ਯਾਰਕ ਰੀਜਨਲ ਪੁਲਿਸ ਵੱਲੋਂ ਡੇਢ ਕਿਲੋ ਫੈਂਟਾਨਿਲ ਅਤੇ 15 ਹਥਿਆਰ ਬਰਾਮਦ ਕਰਦਿਆਂ ਨਸ਼ਾ ਤਸਕਰੀ ਦੇ ਇਕ ਵੱਡੇ ਗਿਰੋਹ ਦਾ ਪਰਦਾ ਫ਼ਾਸ਼ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਪ੍ਰੌਜੈਕਟ ਮੈਡਰੂਗਾ ਅਧੀਨ ਫ਼ਰਵਰੀ ਮਹੀਨੇ ਦੌਰਾਨ ਪੜਤਾਲ ਆਰੰਭੀ ਗਈ ਅਤੇ ਅਪ੍ਰੈਲ-ਮਈ ਵਿਚ ਟੋਰਾਂਟੋ ਅਤੇ ਯਾਰਕ ਰੀਜਨ ਦੇ ਵੱਖ ਵੱਖ ਇਲਾਕਿਆਂ ਵਿਚ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ 24 ਤੋਂ 39 ਸਾਲ ਦੇ ਛੇ ਜਣਿਆਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਵਿਰੁੱਧ ਸਾਂਝੇ ਤੌਰ ’ਤੇ 53 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਮੁਤਾਬਕ ਫੈਂਟਾਨਿਲ ਤੋਂ ਇਲਾਵਾ 400 ਗ੍ਰਾਮ ਕੋਕੀਨ, 70 ਗ੍ਰਾਮ ਮੈਥਮਫੈਟਾਮਿਨ ਅਤੇ 360 ਨਸ਼ੇ ਦੀਆਂ ਗੋਲੀਆਂ, 260 ਗ੍ਰਾਮ ਗਾਂਜਾ ਅਤੇ 7 ਹਜ਼ਾਰ ਡਾਲਰ ਨਕਦ ਵੀ ਬਰਾਮਦ ਕੀਤੇ ਗਏ।
2 ਲੱਖ 15 ਹਜ਼ਾਰ ਡਾਲਰ ਮੁੱਲ ਦੇ ਨਸ਼ੇ ਬਰਾਮਦ
ਯਾਰਕ ਰੀਜਨਲ ਪੁਲਿਸ ਵੱਲੋਂ ਬਰਾਮਦ ਨਸ਼ਿਆਂ ਦੀ ਕੁਲ ਕੀਮਤ ਤਕਰੀਬਨ 2 ਲੱਖ 15 ਹਜ਼ਾਰ ਡਾਲਰ ਬਣਦੀ ਹੈ ਅਤੇ ਇਸ ਕਾਰਵਾਈ ਨੂੰ ਅੰਜਾਮ ਦੇਣ ਵਿਚ ਟੋਰਾਂਟੋ ਪੁਲਿਸ ਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਭਰਵਾਂ ਸਹਿਯੋਗ ਦਿਤਾ। ਯਾਰਕ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਪਾਓਲੋ ਡਾ ਸਿਲਵਾ ਨੇ ਕਿਹਾ ਕਿ ਨਸ਼ਾ ਤਸਕਰੀ ਦਾ ਧੰਦਾ ਹਿੰਸਾ ਅਤੇ ਨਸ਼ਾ ਤਸਕਰ ਵੀ ਲੈ ਕੇ ਆਉਂਦਾ ਹੈ ਪਰ ਇਨ੍ਹਾਂ ਨੂੰ ਵਧਣ ਫੁੱਲਣ ਦਾ ਮੌਕਾ ਨਹੀਂ ਮਿਲਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਪ੍ਰੌਜੈਕਟ ਮੈਡਰੂਗਾ ਅਧੀਨ ਪੜਤਾਲ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਇਕ ਸ਼ੱਕੀ ਵੱਲੋਂ ਇਲਾਕੇ ਵਿਚ ਨਸ਼ੇ ਵੇਚਣ ਦੀ ਸੂਹ ਮਿਲੀ। ਮੁਢਲੇ ਤੌਰ ’ਤੇ ਸਪੱਸ਼ਟ ਹੋ ਗਿਆ ਕਿ ਸ਼ੱਕੀ ਦਾ ਸਾਥ ਦੇਣ ਵਾਲੇ ਵੀ ਮੌਜੂਦ ਸਨ ਅਤੇ ਇਨ੍ਹਾਂ ਦੇ ਵੱਖ ਵੱਖ ਟਿਕਾਣਿਆਂ ’ਤੇ ਛਾਪੇ ਮਾਰਦਿਆਂ ਨਸ਼ੀਲੇ ਪਦਾਰਥ ਅਤੇ ਹਥਿਆਰ ਬਰਾਮਦ ਕੀਤੇ ਗਏ। ਪੁਲਿਸ ਨੇ ਇਸ ਗੱਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਕਿ ਜਾਰਜੀਨਾ ਕਸਬੇ ਵਿਚ ਐਨੇ ਵੱਡੇ ਪੱਧਰ ’ਤੇ ਨਸ਼ਾ ਤਸਕਰੀ ਮਾਮਲੇ ਦੀ ਪੜਤਾਲ ਕਦੇ ਕਰਨ ਦੀ ਨੌਬਤ ਨਹੀਂ ਆਈ। ਵੱਡੀ ਗਿਣਤੀ ਵਿਚ ਲੋਕ ਫੈਂਟਾਨਿਲ ਵੇਚਦੇ ਨਜ਼ਰ ਆਏ ਜਿਸ ਤੋਂ ਅੰਦਾਜ਼ਾ ਲਾਉਣਾ ਸੌਖਾ ਕਿ ਉਨ੍ਹਾਂ ਨੂੰ ਕਿੰਨੀ ਕਮਾਈ ਹੋ ਰਹੀ ਸੀ।