Canada ਦੇ ਰੱਜੇ-ਪੁੱਜੇ ਲੋਕਾਂ ਨੂੰ ਛਿੜੀ ਬਿਪਤਾ
ਕੈਨੇਡਾ ਵਾਲਿਆਂ ਨੂੰ ਮਿਲੇ 2-2 ਹਜ਼ਾਰ ਡਾਲਰ ਦਾ ਜਿੰਨ ਮੁੜ ਬੋਤਲ ਵਿਚੋਂ ਬਾਹਰ ਆ ਗਿਆ ਹੈ ਅਤੇ ਸੀ.ਆਰ.ਏ. ਵੱਲੋਂ ਰੱਜੇ-ਪੁੱਜੇ ਲੋਕਾਂ ਤੋਂ 10 ਅਰਬ ਡਾਲਰ ਦੀ ਰਕਮ ਵਸੂਲ ਕਰਨ ਦਾ ਐਲਾਨ ਕੀਤਾ ਗਿਆ

By : Upjit Singh
ਟੋਰਾਂਟੋ : ਕੈਨੇਡਾ ਵਾਲਿਆਂ ਨੂੰ ਮਿਲੇ 2-2 ਹਜ਼ਾਰ ਡਾਲਰ ਦਾ ਜਿੰਨ ਮੁੜ ਬੋਤਲ ਵਿਚੋਂ ਬਾਹਰ ਆ ਗਿਆ ਹੈ ਅਤੇ ਸੀ.ਆਰ.ਏ. ਵੱਲੋਂ ਰੱਜੇ-ਪੁੱਜੇ ਲੋਕਾਂ ਤੋਂ 10 ਅਰਬ ਡਾਲਰ ਦੀ ਰਕਮ ਵਸੂਲ ਕਰਨ ਦਾ ਐਲਾਨ ਕੀਤਾ ਗਿਆ ਹੈ। ਕੈਨੇਡਾ ਰੈਵੇਨਿਊ ਏਜੰਸੀ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਐਡਮਿੰਟਨ ਦੇ ਗਾਇਕ ਪੈਟ੍ਰਿਕ ਮੈਸ ਵਰਗੀਆ ਸ਼ਖਸੀਅਤਾਂ ਵੀ ਕਤਾਰ ਵਿਚ ਲੱਗ ਗਈਆਂ ਜੋ ਪੰਜ ਹਜ਼ਾਰ ਡਾਲਰ ਦੀ ਆਮਦਨ ਵਾਲੀ ਸ਼੍ਰੇਣੀ ਵਿਚ ਨਹੀਂ ਸਨ ਆਉਂਦੀਆਂ। ਸੀ.ਆਰ.ਏ. ਮੁਤਾਬਕ ਪੈਟ੍ਰਿਕ ਨੇ ਅਪ੍ਰੈਲ 2020 ਤੋਂ ਜੂਨ 2022 ਦਰਮਿਆਨ 41 ਹਜ਼ਾਰ ਡਾਲਰ ਦੀ ਸਰਕਾਰੀ ਸਹਾਇਤਾ ਹਾਸਲ ਕੀਤੀ ਪਰ ਪੈਟ੍ਰਿਕ ਨੇ ਵਿਰੋਧ ਕੀਤਾ ਤਾਂ ਸੀ.ਆਰ.ਏ. ਦੀ ਸੁਰ ਮੱਠੀ ਪੈ ਗਈ ਅਤੇ 41 ਹਜ਼ਾਰ ਡਾਲਰ ਦੀ ਬਜਾਏ 27 ਹਜ਼ਾਰ ਡਾਲਰ ਮੰਗੇ ਜਾਣ ਲੱਗੇ।
10 ਅਰਬ ਡਾਲਰ ਵਸੂਲ ਕਰੇਗੀ ਸੀ.ਆਰ.ਏ.
ਸੀ.ਆਰ.ਏ. ਦਾ ਕਹਿਣਾ ਹੈ ਕਿ 14 ਅਰਬ ਡਾਲਰ ਦੀ ਰਕਮ ਅਜਿਹੇ ਲੋਕਾਂ ਨੂੰ ਦਿਤੀ ਗਈ ਜੋ ਸਰਕਾਰੀ ਸਹਾਇਤਾ ਦੇ ਯੋਗ ਨਹੀਂ ਸਨ। ਰਕਮ ਦਾ ਜ਼ਿਆਦਾਤਰ ਹਿੱਸਾ ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫ਼ਿਟ ਅਧੀਨ ਦਿਤਾ ਗਿਆ। 2022 ਵਿਚ ਸੀ.ਆਰ.ਏ. ਵੱਲੋਂ ਰਕਮ ਵਸੂਲੀ ਦੀ ਪ੍ਰਕਿਰਿਆ ਆਰੰਭੀ ਗਈ ਅਤੇ 4 ਅਰਬ ਡਾਲਰ ਹਾਸਲ ਕਰ ਲਏ ਪਰ 10 ਅਰਬ ਡਾਲਰ ਹੁਣ ਵੀ ਬਕਾਇਆ ਖੜ੍ਹੇ ਹਨ। ਵੈਨਕੂਵਰ ਦੇ ਲਾਇਸੰਸਸ਼ੁਦਾ ਇਨਸੌਲਵੈਂਸੀ ਟਰੱਸਟੀ ਬਰਾਇਨ ਮੈਨਟਿਨ ਨੇ ਦੱਸਿਆ ਕਿ ਉਨ੍ਹਾਂ ਕੋਲ ਹਰ ਹਫ਼ਤੇ ਦਰਜਨਾਂ ਕਲਾਈਂਟ ਆ ਰਹੇ ਹਨ ਜੋ ਮਹਾਂਮਾਰੀ ਦੌਰਾਨ ਮਿਲੀ ਰਕਮ ਦਾ ਮਸਲਾ ਖ਼ਤਮ ਕਰਨ ਦੇ ਇੱਛਕ ਹਨ। ਮੈਨਟਿਨ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਜੇ ਤੁਸੀਂ ਸਰਕਾਰ ਦਾ ਪੈਸਾ ਦੇਣਾ ਹੈ ਤਾਂ ਬੈਂਕਰਪਸੀ ਵੀ ਇਸ ਵਿਚ ਕੋਈ ਮਦਦ ਨਹੀਂ ਕਰ ਸਕਦੀ।
ਕੋਰੋਨਾ ਮਹਾਂਮਾਰੀ ਦੌਰਾਨ ਅਯੋਗ ਲੋਕ ਲੈ ਗਏ ਸਰਕਾਰੀ ਸਹਾਇਤਾ
ਦੱਸ ਦੇਈਏ ਕਿ ਸੀ.ਆਰ.ਏ. ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਤਕਰੀਬਨ 84 ਅਰਬ ਡਾਲਰ ਵੱਖ ਵੱਖ ਯੋਜਨਾਵਾਂ ਤਹਿਤ ਵੰਡੇ ਗਏ ਪਰ ਕੈਨੇਡੀਅਨ ਟੈਕਸ ਪੇਅਰਜ਼ ਐਸੋਸੀਏਸ਼ਨ ਵੱਲੋਂ ਮੁਕੰਮਲ ਪਾਰਦਰਸ਼ਤਾ ਮੰਗੀ ਜਾ ਰਹੀ ਹੈ। ਐਸੋਸੀਏਸ਼ਨ ਨੇ ਦਾਅਵਾ ਕੀਤਾ ਕਿ ਰੱਜੇ ਪੁੱਜੇ ਘਰਾਂ ਦੇ ਲੋਕ ਵੀ ਸਰਕਾਰੀ ਪੈਸਾ ਡਕਾਰ ਗਏ। ਸੀ.ਆਰ.ਏ. ਵੱਲੋਂ ਲੋਕਾਂ ਨੂੰ ਚਿਤਾਵਨੀ ਦਿਤੀ ਗਈ ਹੈ ਕਿ ਸਰਕਾਰੀ ਪੈਸਾ ਵਾਪਸ ਕਰ ਦਿਉ ਜਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ ਪਰ ਪੈਟ੍ਰਿਕ ਮੈਸ ਵਰਗੇ ਕੁਝ ਲੋਕ ਹੁਣ ਵੀ ਦਾਅਵਾ ਕਰ ਰਹੇ ਹਨ ਕਿ ਉਹ ਸਰਕਾਰੀ ਸਹਾਇਤਾ ਦੇ ਬਿਲਕੁਲ ਯੋਗ ਸਨ ਅਤੇ ਰਕਮ ਵਾਪਸ ਨਹੀਂ ਕਰਨਗੇ। ਇਹ ਰੇੜਕਾ ਸੀ.ਆਰ.ਏ. ਵਾਸਤੇ ਫ਼ਾਇਦੇਮੰਦ ਵੀ ਸਾਬਤ ਹੋ ਰਿਹਾ ਹੈ ਅਤੇ 55 ਹਜ਼ਾਰ ਲੋਕਾਂ ਨੇ 621 ਮਿਲੀਅਨ ਡਾਲਰ ਵਾਪਸ ਕਰ ਦਿਤੇ। ਹੁਣ ਦੇਖਣਾ ਇਹ ਹੋਵੇਗਾ ਕਿ ਭਵਿੱਖ ਵਿਚ ਕੈਨੇਡਾ ਰੈਵੇਨਿਊ ਏਜੰਸੀ ਕਿਹੋ ਜਿਹੀ ਸਖ਼ਤੀ ਕਰਦੀ ਹੈ।


