ਕੈਨੇਡਾ ਵਿਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਹੋਣਗੇ ਦਿਨੇਸ਼ ਪਟਨਾਇਕ!
ਕੈਨੇਡਾ ਅਤੇ ਭਾਰਤ ਵੱਲੋਂ ਨਵੇਂ ਹਾਈ ਕਮਿਸ਼ਨਰ ਨਿਯੁਕਤ ਕੀਤੇ ਜਾਣ ਦੀ ਸਹਿਮਤੀ ਮਗਰੋਂ ਦਿਨੇਸ਼ ਪਟਨਾਇਕ ਨੂੰ ਕੈਨੇਡਾ ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਜਾ ਸਕਦਾ ਹੈ।

ਨਵੀਂ ਦਿੱਲੀ : ਕੈਨੇਡਾ ਅਤੇ ਭਾਰਤ ਵੱਲੋਂ ਨਵੇਂ ਹਾਈ ਕਮਿਸ਼ਨਰ ਨਿਯੁਕਤ ਕੀਤੇ ਜਾਣ ਦੀ ਸਹਿਮਤੀ ਮਗਰੋਂ ਦਿਨੇਸ਼ ਪਟਨਾਇਕ ਨੂੰ ਕੈਨੇਡਾ ਵਿਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਜਾ ਸਕਦਾ ਹੈ। 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਫ਼ਸਰ ਦਿਨੇਸ਼ ਪਟਨਾਇਕ ਇਸ ਵੇਲੇ ਸਪੇਨ ਵਿਚ ਭਾਰਤੀ ਰਾਜਦੂਤ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੈਯੰਤ ਖੋਬਰਾਗਡੇ ਨੂੰ ਸਪੇਨ ਵਿਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਜਾ ਸਕਦਾ ਹੈ ਜੋ ਇਸ ਵੇਲੇ ਐਸੋਸੀਏਸ਼ਨ ਆਫ਼ ਸਾਊਥ ਈਸਟ ਏਸ਼ੀਅਨ ਨੇਸ਼ਨਜ਼ ਵਿਚ ਭਾਰਤ ਦੇ ਰਾਜਦੂਤ ਵਜੋਂ ਕੰਮ ਕਰ ਰਹੇ ਹਨ।
ਮਾਰਕ ਕਾਰਨੀ ਅਤੇ ਮੋਦੀ ਦਰਮਿਆਨ ਮੁਲਾਕਾਤ ਮਗਰੋਂ ਬਣੀ ਸੀ ਸਹਿਮਤੀ
ਇਥੇ ਦਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤੇ ਜਾਣ ’ਤੇ ਦੋਹਾਂ ਮੁਲਕਾਂ ਦੇ ਕੂਟਨੀਤਕ ਸਬੰਧ ਵਿਗੜ ਗਏ ਅਤੇ ਇਕ-ਦੂਜੇ ਦੇ ਡਿਪਲੋਮੈਟਸ ਨੂੰ ਕੱਢਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅਕਤੂਬਰ 2024 ਵਿਚ ਹਰਦੀਪ ਸਿੰਘ ਨਿੱਜਰ ਦਾ ਮਸਲਾ ਮੁੜ ਸੁਰਖੀਆਂ ਵਿਚ ਆਇਆ ਅਤੇ ਕੈਨੇਡਾ ਸਰਕਾਰ ਵੱਲੋਂ ਨਿੱਜਰ ਕਤਲਕਾਂਡ ਨੂੰ ਭਾਰਤ ਨਾਲ ਜੋੜਨ ਦਾ ਯਤਨ ਕੀਤਾ ਗਿਆ ਤਾਂ ਭਾਰਤ ਨੇ ਆਪਦੇ ਹਾਈ ਕਮਿਸ਼ਨਰ ਅਤੇ ਪੰਜ ਹੋਰਨਾਂ ਡਿਪਲੋਮੈਟਸ ਨੂੰ ਵਾਪਸ ਸੱਦ ਲਿਆ।
ਅਕਤੂਬਰ 2024 ਤੋਂ ਖਾਲੀ ਹੈ ਹਾਈ ਕਮਿਸ਼ਨਰ ਦਾ ਅਹੁਦਾ
ਹਾਲ ਹੀ ਵਿਚ ਜੀ-7 ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਦੁਵੱਲੀ ਮੁਲਾਕਾਤ ਦੌਰਾਨ ਹਾਈ ਕਮਿਸ਼ਨਰਾਂ ਦੀ ਬਹਾਲੀ ’ਤੇ ਜ਼ੋਰ ਦਿਤਾ ਗਿਆ।