ਕੈਨੇਡਾ ’ਚ ਭਾਰਤੀ ਪਰਵਾਰ ਦੀ ਮੌਤ : ਦੋਸ਼ੀਆਂ ਨੂੰ 20 ਸਾਲ ਕੈਦ ਹੋਣ ਦੇ ਆਸਾਰ
ਕੈਨੇਡਾ-ਅਮਰੀਕਾ ਦੀ ਸਰਹੱਦ ’ਤੇ ਮਾਇਨਸ 40 ਡਿਗਰੀ ਤਾਪਮਾਨ ਵਿਚ ਜਾਨ ਗਵਾਉਣ ਵਾਲੇ ਭਾਰਤੀ ਪਰਵਾਰ ਦੇ ਮਾਮਲੇ ਵਿਚ ਹਰਸ਼ ਕੁਮਾਰ ਪਟੇਲ ਤੇ ਸਟੀਵ ਸ਼ੈਂਡ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ

ਮਿਨੀਆਪੌਲਿਸ : ਕੈਨੇਡਾ-ਅਮਰੀਕਾ ਦੀ ਸਰਹੱਦ ’ਤੇ ਮਾਇਨਸ 40 ਡਿਗਰੀ ਤਾਪਮਾਨ ਵਿਚ ਜਾਨ ਗਵਾਉਣ ਵਾਲੇ ਭਾਰਤੀ ਪਰਵਾਰ ਦੇ ਮਾਮਲੇ ਵਿਚ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਅਮਰੀਕਾ ਦੇ ਮਿਨੇਸੋਟਾ ਸੂਬੇ ਦੀ ਅਦਾਲਤ ਵਿਚ ਸਜ਼ਾ ਦਾ ਐਲਾਨ ਬੁੱਧਵਾਰ ਨੂੰ ਕੀਤਾ ਜਾਵੇਗਾ। ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੂੰ ਮਨੁੱਖੀ ਤਸਕਰੀ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਦੀ ਜਾਨ ਖਤਰੇ ਵਿਚ ਪਾਉਣ ਦਾ ਦੋਸ਼ੀ ਵੀ ਠਹਿਰਾਇਆ ਗਿਆ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਹਰਸ਼ ਕੁਮਾਰ ਪਟੇਲ ਨੇ ਕੈਨੇਡਾ ਵਿਚ ਮੌਜੂਦ ਮਨੁੱਖੀ ਤਸਕਰਾਂ ਨਾਲ ਤਾਲਮੇਲ ਅਧੀਨ ਕੰਮ ਕਰਦਿਆਂ ਪ੍ਰਵਾਸੀਆਂ ਨੂੰ ਕੌਮਾਂਤਰੀ ਬਾਰਡਰ ਨੇੜੇ ਮੰਗਵਾਇਆ ਜਿਨ੍ਹਾਂ ਨੂੰ ਅਮਰੀਕਾ ਦੇ ਸ਼ਿਕਾਗੋ ਇਲਾਕੇ ਵਿਚ ਪਹੁੰਚਾਇਆ ਜਾਣਾ ਸੀ।
ਗੁਜਰਾਤੀ ਪਰਵਾਰ ਨੇ ਬਰਫ਼ ਵਿਚ ਤੋੜਿਆ ਸੀ ਦਮ
ਗੁਜਰਾਤੀ ਪਰਵਾਰ ਦੇ ਚਾਰ ਜੀਆਂ ਨੇ ਪੈਦਲ ਬਾਰਡਰ ਪਾਰ ਕਰਨਾ ਸੀ ਅਤੇ ਅਮਰੀਕਾ ਵਾਲੇ ਪਾਸੇ ਮੌਜੂਦ ਸਟੀਵ ਸ਼ੈਂਡ ਕਥਿਤ ਤੌਰ ’ਤੇ ਇਨ੍ਹਾਂ ਨੂੰ ਅੱਗੇ ਲੈ ਕੇ ਜਾਂਦਾ ਪਰ ਇਸ ਤੋਂ ਪਹਿਲਾਂ ਹੀ ਪਰਵਾਰ ਨਾਲ ਭਾਣਾ ਵਰਤ ਗਿਆ। 19 ਜਨਵਰੀ 2022 ਨੂੰ ਬੇਹੱਦ ਬਰਫ਼ੀਲੇ ਮੌਸਮ ਦੌਰਾਨ ਤਾਪਮਾਨ ਮਨਫ਼ੀ 35 ਡਿਗਰੀ ਤੋਂ ਵੀ ਹੇਠਾਂ ਡਿੱਗ ਚੁੱਕਾ ਸੀ ਅਤੇ ਮੈਨੀਟੋਬਾ ਦੇ ਐਮਰਸਨ ਕਸਬੇ ਨੇੜੇ ਜਗਦੀਸ਼ ਪਟੇਲ, ਉਸ ਦੀ ਪਤਨੀ ਵੈਸ਼ਾਲੀਬੇਨ ਪਟੇਲ, 11 ਸਾਲ ਦੀ ਬੇਟੀ ਵਿਹਾਂਗੀ ਅਤੇ ਤਿੰਨ ਸਾਲ ਦੇ ਬੇਟੇ ਧਾਰਮਿਕ ਨੂੰ ਬਗੈਰ ਮੋਟੇ ਕੱਪੜਿਆਂ ਤੋਂ ਠੰਢ ਵਿਚ ਛੱਡ ਦਿਤਾ ਗਿਆ। ਪਟੇਲ ਪਰਵਾਰ ਉਨ੍ਹਾਂ 11 ਜਣਿਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਰਾਤ ਦੇ ਹਨੇਰੇ ਵਿਚ ਬਾਰਡਰ ਪਾਰ ਕਰਨ ਦੀ ਯੋਜਨਾ ਬਣਾਈ ਪਰ ਅਮਰੀਕਾ ਦੇ ਬਾਰਡਰ ਏਜੰਟਾਂ ਨੇ ਸਾਜ਼ਿਸ਼ ਦਾ ਪਰਦਾ ਫਾਸ਼ ਕਰ ਦਿਤਾ। 11 ਵਿਚੋਂ ਦੋ ਜਣੇ ਸਟੀਵ ਸ਼ੈਂਡ ਦੀ ਵੈਨ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਏ ਅਤੇ ਇਸੇ ਦੌਰਾਨ ਪੰਜ ਹੋਰ ਵੈਨ ਵੱਲ ਵਧਦੇ ਨਜ਼ਰ ਆਏ। ਇਨ੍ਹਾਂ ਵਿਚੋਂ ਇਕ ਦੀ ਹਾਲਤ ਠੰਢ ਕਾਰਨ ਬੇਹੱਦ ਨਾਜ਼ੁਕ ਹੋ ਚੁੱਕੀ ਸੀ ਜੋ ਕਦੇ ਬੇਹੋਸ਼ ਹੋ ਜਾਂਦਾ ਅਤੇ ਕਦੇ ਹੋਸ਼ ਵਿਚ ਆ ਜਾਂਦਾ।
ਅਮਰੀਕਾ ਵਿਚ ਕਾਬੂ ਆਏ ਸਨ ਹਰਸ਼ ਪਟੇਲ ਅਤੇ ਸਟੀਵ ਸ਼ੈਂਡ
ਮਿਨੇਸੋਟਾ ਦੇ ਫਰਗਸ ਫਾਲਜ਼ ਦੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਵੱਲੋਂ ਇਕ ਦੂਜੇ ਨੂੰ ਭੇਜੇ ਟੈਕਸਟ ਮੈਸੇਜ ਸਬੂਤ ਵਜੋਂ ਵਰਤੇ ਗਏ ਜਿਨ੍ਹਾਂ ਵਿਚ ਖਰਾਬ ਮੌਸਮ ਅਤੇ ਪ੍ਰਵਾਸੀਆਂ ਨੂੰ ਗੱਡੀ ਵਿਚ ਬਿਠਾਉਣ ਦੇ ਯਤਨਾਂ ਦਾ ਜ਼ਿਕਰ ਮਿਲਦਾ ਹੈ। ਇਥੇ ਦਸਣਾ ਬਣਦਾ ਹੈ ਕਿ ਭਾਰਤੀ ਪਰਵਾਰ ਗੁਜਰਾਤ ਦੇ ਦਿਨਗੁਚਾ ਪਿੰਡ ਨਾਲ ਸਬੰਧਤ ਸੀ। ਜਗਦੀਸ਼ ਪਟੇਲ ਦੇ ਪਿਤਾ ਬਲਦੇਵ ਪਟੇਲ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਬੇਟੇ ਨੇ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਦਾ ਰਾਹ ਕਿਉਂ ਚੁਣਿਆ। ਜਗਦੀਸ਼ ਪਟੇਲ ਨੇ ਕੈਨੇਡਾ ਪੁੱਜਣ ਮਗਰੋਂ ਆਪਣੇ ਪਿਤਾ ਨਾਲ ਫੋਨ ’ਤੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਬਹੁਤ ਖੁਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੇ 19 ਜਨਵਰੀ 2022 ਦੀ ਤਰਾਸਦੀ ਤੋਂ ਪਹਿਲਾਂ ਦਰਜਨਾਂ ਪ੍ਰਵਾਸੀਆਂ ਨੂੰ ਕਥਿਤ ਤੌਰ ’ਤੇ ਬਾਰਡਰ ਪਾਰ ਕਰਵਾਇਆ।