ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਸੀ.ਟੀ. ਸਕੈਨਰ ਦੀ ਵਰਤੋਂ ਸ਼ੁਰੂ
ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਣ ਵਾਲਿਆਂ ਨੂੰ ਹੁਣ ਆਪਣੇ ਕੈਰੀ ਔਨ ਲਗੇਜ ਵਿਚੋਂ ਲੈਪਟੌਪ ਅਤੇ ਤਰਲ ਪਦਾਰਥ ਕੱਢ ਕੇ ਵੱਖ ਨਹੀਂ ਕਰਨੇ ਹੋਣਗੇ
By : Upjit Singh
ਟੋਰਾਂਟੋ : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਣ ਵਾਲਿਆਂ ਨੂੰ ਹੁਣ ਆਪਣੇ ਕੈਰੀ ਔਨ ਲਗੇਜ ਵਿਚੋਂ ਲੈਪਟੌਪ ਅਤੇ ਤਰਲ ਪਦਾਰਥ ਕੱਢ ਕੇ ਵੱਖ ਨਹੀਂ ਕਰਨੇ ਹੋਣਗੇ ਕਿਉਂਕਿ ਧਮਾਕਾਖੇਜ਼ ਸਮੱਗਰੀ ਜਾਂ ਹੋਰ ਖਤਰਿਆਂ ਨਾਲ ਨਜਿੱਠਣ ਲਈ ਸੀ.ਟੀ. ਸਕੈਨਰਾਂ ਦੀ ਵਰਤੋਂ ਸ਼ੁਰੂ ਹੋ ਚੁੱਕੀ ਹੈ। ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਟੀ ਨੇ ਦੱਸਿਆ ਕਿ ਕੌਮਾਂਤਰੀ ਫਲਾਈਟਸ ਵਾਲੇ ਟਰਮੀਨਲ 1 ’ਤੇ ਸੀ.ਟੀ. ਸਕੈਨਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਲਦ ਹੀ ਇਹ ਤਕਨੀਕ ਪੀਅਰਸਨ ਏਅਰਪੋਰਟ ਦੇ ਹਰ ਟਰਮੀਨਲ ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਹਵਾਈ ਮੁਸਾਫਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸੀ.ਟੀ. ਸਕੈਨਰ ਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ ਅਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਸਤੰਬਰ ਮਹੀਨੇ ਦੌਰਾਨ ਸਕੈਨਰਾਂ ਨੇ ਰਸਮੀ ਤੌਰ ’ਤੇ ਕੰਮ ਕਰਨਾ ਸ਼ੁਰੂ ਕਰ ਦਿਤਾ। ਨਵੀਂ ਤਕਨੀਕ ਰਾਹੀਂ ਸੁਰੱਖਿਆ ਜਾਂਚ ਵਿਚ ਲੱਗਣ ਵਾਲਾ ਸਮਾਂ ਘਟਾਉਣ ਵਿਚ ਵੀ ਸਹਾਈ ਸਾਬਤ ਹੋਵੇਗੀ।
ਮੁਸਾਫ਼ਰਾਂ ਦੀ ਸੁਰੱਖਿਆ ਜਾਂਚ ਵਿਚ ਲੱਗਣ ਵਾਲਾ ਸਮਾਂ ਘਟੇਗਾ
ਤਕਨੀਕ ਭਾਵੇਂ 50 ਸਾਲ ਪੁਰਾਣੀ ਹੈ ਪਰ ਇਸ ਦੀ ਨਵੇਂ ਰੂਪ ਵਿਚ ਵਰਤੋਂ ਬੇਹੱਦ ਕਾਰਗਰ ਸਾਬਤ ਹੋਵੇਗੀ। ਇਸ ਤਕਨੀਕ ਰਾਹੀਂ ਹਵਾਈ ਮੁਸਾਫਰਾਂ ਦੇ ਲਗੇਜ ਦੀ ਹਰ ਕੋਨੇ ਤੋਂ ਪੜਤਾਲ ਕੀਤੀ ਜਾ ਸਕਦੀ ਹੈ। ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ’ਤੇ ਪੰਜ ਸਕੈਨਰਾਂ ਨੂੰ ਕਨਵੇਅਰ ਬੈਲਟਸ ਨਾਲ ਜੋੜਿਆ ਗਿਆ ਹੈ ਅਤੇ ਪਰਖ ਵਜੋਂ ਇਨ੍ਹਾਂ ਨੂੰ 4 ਸਤੰਬਰ ਤੋਂ ਹੀ ਚਲਾਉਣਾ ਸ਼ੁਰੂ ਕਰ ਦਿਤਾ ਗਿਆ ਸੀ। ਕੈਨੇਡੀਅਨ ਏਅਰ ਟ੍ਰਾਂਸਪੋਰਟ ਸਕਿਉਰਿਟੀ ਅਥਾਰਟੀ ਵੱਲੋਂ ਮੁਲਕ ਦੇ ਹੋਰਨਾਂ ਹਵਾਈ ਅੱਡਿਆਂ ’ਤੇ ਲੱਗਣ ਵਾਲੇ ਸੀ.ਟੀ. ਸਕੈਨਰਾਂ ਦੀ ਸਮਾਂ ਹੱਦ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ। ਕ੍ਰਾਊਨ ਏਜੰਸੀ ਵੱਲੋਂ ਪਹਿਲੇ ਸਾਲ ਇਸ ਪ੍ਰਾਜੈਕਟ ’ਤੇ 23 ਮਿਲੀਅਨ ਖਰਚ ਕੀਤੇ ਜਾ ਰਹੇ ਹਨ। ਉਧਰ ਵੈਨਕੂਵਰ ਏਅਰਪੋਰਟ ਦੇ ਪ੍ਰਬੰਧਕਾਂ ਨੇ ਕਿਹਾ ਕਿ ਨਵੀਂ ਤਕਨੀਕ ਸਥਾਪਤ ਕਰਨ ਅਤੇ ਰੈਨੋਵੇਸ਼ਨ ’ਤੇ 30 ਮਿਲੀਅਨ ਡਾਲਰ ਖਰਚ ਹੋਏ।