ਕੈਨੇਡਾ ਵਿਚ ਗਿੱਦੜਾਂ ਦੀ ਦਹਿਸ਼ਤ
ਇਕ ਰਾਤ ਵਿਚ ਗਿੱਦੜਾਂ ਦੇ 6 ਹਮਲਿਆਂ ਕਾਰਨ ਉਨਟਾਰੀਓ ਦੇ ਫੋਰਟ ਯਾਰਕ ਅਤੇ ਲਿਬਰਟੀ ਵਿਲੇਜ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ ਜਿਨ੍ਹਾਂ ਵੱਲੋਂ ਢੁਕਵੀਂ ਕਾਰਵਾਈ ਦੀ ਅਪੀਲ ਕੀਤੀ ਜਾ ਰਹੀ ਹੈ।

ਟੋਰਾਂਟੋ : ਇਕ ਰਾਤ ਵਿਚ ਗਿੱਦੜਾਂ ਦੇ 6 ਹਮਲਿਆਂ ਕਾਰਨ ਉਨਟਾਰੀਓ ਦੇ ਫੋਰਟ ਯਾਰਕ ਅਤੇ ਲਿਬਰਟੀ ਵਿਲੇਜ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ ਹੈ ਜਿਨ੍ਹਾਂ ਵੱਲੋਂ ਢੁਕਵੀਂ ਕਾਰਵਾਈ ਦੀ ਅਪੀਲ ਕੀਤੀ ਜਾ ਰਹੀ ਹੈ। ਲਗਾਤਾਰ ਹੋ ਰਹੇ ਹਮਲਿਆਂ ਦੇ ਮੱਦੇਨਜ਼ਰ ਇਲਾਕੇ ਦੇ ਲੋਕਾਂ ਵੱਲੋਂ ‘ਕਾਯੋਟੀ ਵਾਚ ਕੋਲੀਸ਼ਨ’ ਬਣਾਈ ਗਈ ਅਤੇ ਨਵੰਬਰ ਮਗਰੋਂ ਹੁਣ ਤੱਕ 40 ਹਮਲੇ ਦਰਜ ਕੀਤੇ ਜਾ ਚੁੱਕੇ ਹਨ। ਜੂਨ ਕਾਲਵੁੱਡ ਪਾਰਕ ਨੇੜੇ ਕਾਯੋਟੀ ਦੇ ਹਮਲੇ ਦਾ ਟਾਕਰਾ ਕਰ ਚੁੱਕੀ ਹੈ ਐਨ ਸੈਲਾਵਾਨਾਯਗਮ ਨੇ ਦੱਸਿਆ ਕਿ ਰਾਤ 8.30 ਦਾ ਸਮਾਂ ਸੀ ਜਦੋਂ ਉਹ ਆਪਣੇ ਪਾਲਤੂ ਕੁੱਤੇ ਨੂੰ ਲੈ ਕੇ ਵੌਕ ’ਤੇ ਰਵਾਨਾ ਹੋਈ।
ਇਕੋ ਰਾਤ ਵਿਚ ਕੀਤੇ 6 ਹਮਲੇ
ਕੁਝ ਪਲਾਂ ਮਗਰੋਂ ਹੰਗਾਮਾ ਸ਼ੁਰੂ ਹੋ ਗਿਆ ਅਤੇ ਇਕ ਕਾਯੋਟੀ ਨੇ ਉਸ ਦੇ ਕੁੱਤੇ ਉਤੇ ਹਮਲਾ ਕਰ ਦਿਤਾ। ਸੈਲਵਾਨਾਯਗਮ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਕਰੇ ਕਿਉਂਕਿ ਇਸੇ ਇਲਾਕੇ ਵਿਚ ਪਹਿਲਾਂ ਦੋ ਕੁੱਤੇ ਮਾਰੇ ਜਾ ਚੁੱਕੇ। ਇਸੇ ਦੌਰਾਨ ਚਾਰ ਜਣੇ ਮੌਕੇ ’ਤੇ ਪੁੱਜੇ ਗਏ ਅਤੇ ਕਾਯੋਟੀ ਨੂੰ ਡਰਾ ਕੇ ਭਜਾ ਦਿਤਾ ਪਰ ਸੈਲਾਵਾਨਾਯਗਮ ਨੂੰ ਆਪਣੇ ਕੁੱਤੇ ਦਾ ਇਲਾਜ ਕਰਵਾਉਣ ’ਤੇ 1,300 ਡਾਲਰ ਖਰਚਣੇ ਪਏ। ਟੋਰਾਂਟੋ ਦੇ ਡਾਊਨ ਟਾਊਨ ਵਾਲੇ ਪਾਸੇ ਭਾਵੇਂ ਗਸ਼ਤ ਵਧਾਈ ਗਈ ਹੈ ਅਤੇ ਕੁੱਤਿਆਂ ਨੂੰ ਖੁੱਲ੍ਹਾ ਛੱਡਣ ਵਾਲੇ ਲੋਕਾਂ ਨੂੰ ਜੁਰਮਾਨੇ ਵੀ ਕੀਤੇ ਜਾ ਰਹੇ ਹਨ ਪਰ ਕਾਯੋਟੀਜ਼ ਦੇ ਹਮਲੇ ਵੀ ਲਗਾਤਾਰ ਜਾਰੀ ਹਨ। ਉਧਰ ਸਪੈਡੀਨਾ-ਫੋਰਟ ਯਾਰਕ ਤੋਂ ਕੌਂਸਲਰ ਅਤੇ ਡਿਪਟੀ ਮੇਅਰ ਔਸਮਾ ਮਲਿਕ ਨੇ ਕਿਹਾ ਕਿ ਕਾਯੋਟੀਜ਼ ਨਾਲ ਨਜਿੱਠਣ ਲਈ 26 ਫ਼ਰਵਰੀ ਦੀ ਮੀਟਿੰਗ ਦੌਰਾਨ ਖਾਸ ਰਣਨੀਤੀ ਲਿਆਂਦੀ ਜਾ ਰਹੀ ਹੈ ਜਦਕਿ ‘ਕਾਯੋਟੀ ਵਾਚ ਕੋਲੀਸ਼ਨ’ ਦੀ ਰੂਬੀ ਕੂਨਰ ਦਾ ਕਹਿਣਾ ਸੀ ਕਿ ਜ਼ਿਆਦਾਤਰ ਬਾਇਲਾਅ ਅਫ਼ਸਰ ਹਾਲਾਤ ਦੀ ਨਜ਼ਾਕਤ ਨੂੰ ਸਮਝਣ ਦਾ ਯਤਨ ਨਹੀਂ ਕਰ ਰਹੇ।
ਟੋਰਾਂਟੋ ਦੇ ਲੋਕਾਂ ਵੱਲੋਂ ਢੁਕਵੀਂ ਕਾਰਵਾਈ ਦਾ ਸੱਦਾ
ਕਾਯੋਟੀਜ਼ ਦੇ ਹਮਲਿਆਂ ਨੂੰ ਸਿਰਫ਼ ਖੁੱਲ੍ਹੇ ਛੱਡੇ ਕੁੱਤਿਆਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਲੋਕਾਂ ਜਾਂ ਉਨ੍ਹਾਂ ਦੇ ਪਾਲਤੂ ਜਾਨਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਵੱਲ ਧਿਆਨ ਨਹੀਂ ਦਿਤਾ ਜਾ ਰਿਹਾ। ਬਿਲਕੁਲ ਇਸੇ ਕਿਸਮ ਦੇ ਵਿਚਾਰ ਜ਼ਾਹਰ ਕਰਦਿਆਂ ਸੈਲਵਾਨਾਯਗਮ ਨੇ ਕਿਹਾ ਕਿ ਖਤਰਨਾਕ ਕਾਯੋਟੀਜ਼ ਨੂੰ ਫੜ ਕੇ ਕਿਸੇ ਹੋਰ ਇਲਾਕੇ ਵਿਚ ਛੱਡਿਆ ਜਾਵੇ ਜਾਂ ਉਨ੍ਹਾਂ ਨੂੰ ਖਤਮ ਕਰ ਦੇਣ। ਇਥੇ ਦਸਣਾ ਬਣਦਾ ਹੈ ਕਿ ਜਨਵਰੀ ਮਹੀਨੇ ਦੌਰਾਨ ਵੀ ਲਿਬਰਟੀ ਵਿਲੇਜ ਅਤੇ ਫੋਰਟ ਯਾਰਕ ਦੇ ਵਸਨੀਕ ਇਕੱਤਰ ਹੋਏ ਅਤੇ ਗਿੱਦੜਾਂ ਨੂੰ ਮਨੁੱਖੀ ਵਸੋਂ ਤੋਂ ਦੂਰ ਲਿਜਾਣ ਦੀ ਸੱਦਾ ਦਿਤਾ ਗਿਆ। ਉਸ ਵੇਲੇ ਸਪੈਡੀਨਾ-ਫੋਰਟ ਯਾਰਕ ਤੋਂ ਵਿਧਾਇਕ ਕ੍ਰਿਸ ਗਲੋਵਰ ਨੇ ਕਿਹਾ ਸੀ ਕਿ ਕੁਦਰਤੀ ਵਸੀਲਿਆਂ ਬਾਰੇ ਮੰਤਰਾਲੇ ਦੀ ਨੀਤੀ ਮੁਤਾਬਕ ਕਾਯੋਟੀਜ਼ ਨੂੰ ਫੜ ਕੇ ਇਕ ਕਿਲੋਮੀਟਰ ਤੋਂ ਵੱਧ ਫਾਸਲੇ ’ਤੇ ਨਹੀਂ ਛੱਡਿਆ ਜਾ ਸਕਦਾ। ਭਾਵੇਂ ਇਲਾਕੇ ਦੇ ਲੋਕ ਕਾਯੋਟੀਜ਼ ਨੂੰ ਮਾਰੇ ਜਾਣ ਦੀ ਵਕਾਲਤ ਨਹੀਂ ਕਰ ਰਹੇ ਪਰ ਟ੍ਰੈਂਟ ਯੂੂਨੀਵਰਸਿਟੀ ਵਿਚ ਇੰਟੈਗਰੇਟਿਵ ਵਾਇਲਡ ਲਾਈਫ਼ ਕੰਜ਼ਰਵੇਸ਼ਨ ਵਿਚ ਬਾਇਓਲੌਜੀ ਦੇ ਪ੍ਰੋਫੈਸਰ ਡਾ. ਡੈਨਿਸ ਮਰੀ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਹਮਲਾ ਕਰਨ ਵਾਲੇ ਜਾਨਵਰਾਂ ਨੂੰ ਖ਼ਤਮ ਕਰਨਾ ਹੀ ਬਿਹਤਰ ਰਾਹ ਹੈ। ਉਨ੍ਹਾਂ ਮੰਨਿਆ ਕਿ ਇਸ ਤਰੀਕੇ ਦਾ ਵਿਰੋਧ ਕਰਨ ਵਾਲੇ ਵੀ ਅੱਗੇ ਆਉਣਗੇ ਪਰ ਲੋਕ ਸੁਰੱਖਿਆ ਸਭ ਤੋਂ ਉਤੇ ਹੈ। ਡਾ. ਡੈਨਿਸ ਨੇ ਮਿਸਾਲ ਪੇਸ਼ ਕਰਦਿਆਂ ਕਿਹਾ ਕਿ ਜੇ ਕਾਯੋਟੀ ਕਿਸੇ ਛੋਟੇ ਬੱਚੇ ’ਤੇ ਹਮਲਾ ਕਰ ਦੇਵੇ ਤਾਂ ਇਸ ਤੋਂ ਬਦਤਰ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਵਾਰ ਕਾਯੋਟੀਜ਼ ਨੂੰ ਹਟਾਏ ਜਾਣ ਮਗਰੋਂ ਹੋਰ ਜਾਨਵਰ ਵੀ ਆ ਸਕਦੇ ਹਨ ਅਤੇ ਵਾਰ ਜਾਨਵਰਾਂ ਨੂੰ ਕਿਸੇ ਹੋਰ ਥਾਂ ਛੱਡਣ ਤੋਂ ਬਿਹਤਰ ਇਹੀ ਹੋਵੇਗਾ ਕਿ ਫੜ ਕੇ ਖਤਮ ਕਰ ਦਿਤਾ ਜਾਵੇ।