ਕੈਨੇਡਾ ਵਿਚ ਜਾਅਲੀ ਕਰੰਸੀ ਨੋਟਾਂ ਨੇ ਵਜਾਈ ਖ਼ਤਰੇ ਦੀ ਘੰਟੀ
ਕੈਨੇਡਾ ਵਿਚ ਜਾਅਲੀ ਕਰੰਸੀ ਨੋਟਾਂ ਦੀ ਸਮੱਸਿਆ ਨੇ ਖ਼ਤਰੇ ਦੀ ਘੰਟੀ ਵਜਾ ਦਿਤੀ ਹੈ ਅਤੇ ਇਸ ਵੇਲੇ 20 ਡਾਲਰ, 50 ਡਾਲਰ ਤੇ 100 ਡਾਲਰ ਦੇ ਜਾਅਲੀ ਕਰੰਸੀ ਨੋਟ ਰਿਟੇਲ ਸਟੋਰਾਂ ਵਿਚ ਵੱਡੇ ਪੱਧਰ ’ਤੇ ਪੁੱਜ ਰਹੇ ਹਨ

By : Upjit Singh
ਮੌਂਟਰੀਅਲ : ਕੈਨੇਡਾ ਵਿਚ ਜਾਅਲੀ ਕਰੰਸੀ ਨੋਟਾਂ ਦੀ ਸਮੱਸਿਆ ਨੇ ਖ਼ਤਰੇ ਦੀ ਘੰਟੀ ਵਜਾ ਦਿਤੀ ਹੈ ਅਤੇ ਇਸ ਵੇਲੇ 20 ਡਾਲਰ, 50 ਡਾਲਰ ਤੇ 100 ਡਾਲਰ ਦੇ ਜਾਅਲੀ ਕਰੰਸੀ ਨੋਟ ਰਿਟੇਲ ਸਟੋਰਾਂ ਵਿਚ ਵੱਡੇ ਪੱਧਰ ’ਤੇ ਪੁੱਜ ਰਹੇ ਹਨ। ਰਿਟੇਲ ਕੌਂਸਲ ਆਫ਼ ਕੈਨੇਡਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਨਕਲੀ ਬਿਲਜ਼ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਜਾਅਲੀ ਕਰੰਸੀ ਨੋਟ ਤਿਆਰ ਕਰਨ ਵਾਲਿਆਂ ਵੱਲੋਂ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਅਜਿਹੇ ਬਿਲਜ਼ ਬਾਜ਼ਾਰ ਵਿਚ ਚਲਾਏ ਜਾ ਰਹੇ ਹਨ ਜਿਨ੍ਹਾਂ ਦੀ ਪਛਾਣ ਕਰਨੀ ਆਮ ਆਦਮੀ ਦੇ ਵਸੋਂ ਬਾਹਰ ਹੈ।
20, 50 ਅਤੇ 100 ਡਾਲਰ ਦੇ ਨਕਲੀ ਬਿਲਜ਼ ਦੀ ਰਿਟੇਲ ਸਟੋਰਾਂ ’ਤੇ ਭਰਮਾਰ
ਰਿਟੇਲ ਕੌਂਸਲ ਦੀ ਕਿਊਬੈਕ ਡਵੀਜ਼ਨ ਦੇ ਪ੍ਰਧਾਨ ਮਿਸ਼ੇਲ ਰੌਸ਼ਟ ਨੇ ਦੱਸਿਆ ਕਿ ਨਕਲੀ ਕਰੰਸੀ ਨੋਟਾਂ ’ਤੇ ਹੋਲੋਗ੍ਰਾਮ ਐਨੀ ਸਫ਼ਾਈ ਨਾਲ ਲੱਗਾ ਹੁੰਦਾ ਹੈ ਕਿ ਪਾਰਖੂ ਅੱਖ ਵੀ ਧੋਖਾ ਖਾ ਜਾਵੇ। ਅਪਰਾਧਕ ਗਿਰੋਹ ਵੀ ਨਵੀਂ ਤਕਨੀਕ ਦੀ ਵਰਤੋਂ ’ਤੇ ਜ਼ੋਰ ਦੇ ਰਹੇ ਹਨ ਅਤੇ ਕ੍ਰਿਸਮਸ ਦੌਰਾਨ ਬਾਜ਼ਾਰ ਵਿਚ ਹੋਰ ਜ਼ਿਆਦਾ ਜਾਅਲੀ ਨੋਟ ਆਉਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਰਿਟੇਲ ਕੌਂਸਲ ਵੱਲੋਂ ਖਪਤਕਾਰਾਂ ਅਤੇ ਕਾਰੋਬਾਰੀਆਂ ਦੋਹਾਂ ਨੂੰ ਸੁਚੇਤ ਰਹਿਣ ਦਾ ਸੱਦਾ ਦਿਤਾ ਗਿਆ ਹੈ। ਇਸ ਤੋਂ ਇਲਾਵਾ ਕੌਂਸਲ ਨੇ ਫ਼ੈਡਰਲ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸਮੱਸਿਆ ਦੇ ਟਾਕਰੇ ਲਈ ਪੁਲਿਸ ਮਹਿਕਮਿਆਂ ਨੂੰ ਵੱਧ ਤੋਂ ਵੱਧ ਵਸੀਲੇ ਮੁਹੱਈਆ ਕਰਵਾਏ ਜਾਣ। ਮਿਸ਼ੇਲ ਰੌਸ਼ਟ ਨੇ ਅੰਤ ਵਿਚ ਕਿਹਾ ਕਿ ਮਸਲਾ ਬੇਹੱਦ ਗੰਭੀਰ ਹੈ ਅਤੇ ਸਮਾਂ ਰਹਿੰਦੇ ਢੁਕਵੇਂ ਕਦਮ ਨਾ ਉਠਾਏ ਗਏ ਤਾਂ ਹਾਲਾਤ ਬਦਤਰ ਹੋ ਸਕਦੇ ਹਨ।


