ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਕੋਰੋਨਾ ਵਾਲੇ ਹਾਲਾਤ
ਅਮਰੀਕਾ ਸਰਕਾਰ ਵੱਲੋਂ ਮੈਕਸੀਕੋ ਦੇ ਬਾਰਡਰ ’ਤੇ ਕੰਧ ਖੜ੍ਹੀ ਕਰਨ ਦਾ ਪਹਿਲਾ ਠੇਕਾ ਦੇ ਦਿਤਾ ਹੈ ਅਤੇ ਟੈਕਸਸ ਦੀ ਹਡਾਲਗੋ ਕਾਊਂਟੀ ਵਿਚ 7 ਕਰੋੜ ਡਾਲਰ ਦੀ ਲਾਗਤ ਨਾਲ ਸੱਤ ਮੀਲ ਲੰਮੀ ਕੰਧ ਉਸਾਰੀ ਜਾਵੇਗੀ।

ਟੋਰਾਂਟੋ/ਵਾਸ਼ਿੰਗਟਨ : ਅਮਰੀਕਾ ਸਰਕਾਰ ਵੱਲੋਂ ਮੈਕਸੀਕੋ ਦੇ ਬਾਰਡਰ ’ਤੇ ਕੰਧ ਖੜ੍ਹੀ ਕਰਨ ਦਾ ਪਹਿਲਾ ਠੇਕਾ ਦੇ ਦਿਤਾ ਹੈ ਅਤੇ ਟੈਕਸਸ ਦੀ ਹਡਾਲਗੋ ਕਾਊਂਟੀ ਵਿਚ 7 ਕਰੋੜ ਡਾਲਰ ਦੀ ਲਾਗਤ ਨਾਲ ਸੱਤ ਮੀਲ ਲੰਮੀ ਕੰਧ ਉਸਾਰੀ ਜਾਵੇਗੀ। ਰੀਓ ਗਰੈਂਡ ਵੈਲੀ ਇਸੇ ਇਲਾਕੇ ਵਿਚ ਪੈਂਦੀ ਹੈ ਜਿਥੋਂ ਵੱਡੇ ਪੱਧਰ ’ਤੇ ਗੈਰਕਾਨੂੰਨੀ ਪ੍ਰਵਾਸ ਹੁੰਦਾ ਆਇਆ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਫਿਲਹਾਲ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਕੰਧ ਖੜ੍ਹੀ ਕਰਨ ਵਿਚ ਕਿੰਨਾ ਸਮਾਂ ਲੱਗੇਗਾ। ਉਧਰ ਅਮਰੀਕਾ ਦੇ ਉਤਰੀ ਬਾਰਡਰ ’ਤੇ ਆਵਾਜਾਈ ਦਾ ਪੱਧਰ ਕੋਰੋਨਾ ਮਹਾਂਮਾਰੀ ਮਗਰੋਂ ਪਹਿਲੀ ਵਾਰ ਐਨੇ ਹੇਠਲੇ ਪੱਧਰ ’ਤੇ ਆਇਆ ਹੈ।
ਅਮਰੀਕਾ ਜਾਣ ਵਾਲਿਆਂ ਦੀ ਗਿਣਤੀ 5 ਲੱਖ ਘਟੀ
ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਫਰਵਰੀ ਮਹੀਨੇ ਦੌਰਾਨ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ 22 ਲੱਖ 23 ਹਜ਼ਾਰ ਦਰਜ ਕੀਤੀ ਗਈ ਜਦਕਿ ਫਰਵਰੀ 2024 ਵਿਚ ਇਹ ਅੰਕੜਾ 26 ਲੱਖ 96 ਹਜ਼ਾਰ ਦਰਜ ਕੀਤਾ ਗਿਆ। ਟਰੰਪ ਵੱਲੋਂ ਛੇੜੀ ਕਾਰੋਬਾਰੀ ਜੰਗ ਕੌਮਾਂਤਰੀ ਸਰਹੱਦ ’ਤੇ ਆਵਾਜਾਈ ਵਿਚ ਆਈ ਕਮੀ ਦਾ ਸਭ ਤੋਂ ਵੱਡਾ ਕਾਰਨ ਦੱਸੀ ਜਾ ਰਹੀ ਹੈ। ਟਰੰਪ ਲਗਾਤਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਵੀ ਦਸਦੇ ਆਏ ਹਨ ਜਿਸ ਦਾ ਕੈਨੇਡੀਅਨਜ਼ ਨੂੰ ਬਹੁਤ ਜ਼ਿਆਦਾ ਗੁੱਸਾ ਹੈ। ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅੰਕੜਿਆਂ ਮੁਤਾਬਕ ਅਕਤੂਬਰ, ਨਵੰਬਰ, ਦਸੰਬਰ ਅਤੇ ਜਨਵਰੀ ਮਹੀਨਿਆਂ ਦੌਰਾਨ ਕੈਨੇਡਾ ਤੋਂ ਅਮਰੀਕਾ ਜਾਣ ਵਾਲਿਆਂ ਦੀ ਗਿਣਤੀ ਨਹੀਂ ਘਟੀ ਪਰ ਫਰਵਰੀ ਵਿਚ ਹੋਈ ਵੱਡੀ ਕਟੌਤੀ ਨੇ ਅਮਰੀਕਾ ਦੇ ਸਰਹੱਦੀ ਕਸਬਿਆਂ ਅਤੇ ਸ਼ਹਿਰਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ। ਵਾਸ਼ਿੰਗਟਨ ਸੂਬੇ ਦੇ ਬਲੇਨ ਕਸਬੇ ਨਾਲ ਸਬੰਧਤ ਇੰਮੀਗ੍ਰੇਸ਼ਨ ਵਕੀਲ ਲੈਨ ਸੌਂਡਰਜ਼ ਨੇ ਕਿਹਾ ਕਿ ਕੋਰੋਨਾ ਵਰਗੇ ਹਾਲਾਤ ਮੁੜ ਬਣਦੇ ਨਜ਼ਰ ਆ ਰਹੇ ਹਨ। ਟਰੰਪ ਦੀਆਂ ਗੈਰਵਾਜਬ ਟਿੱਪਣੀਆਂ ਕਰ ਕੇ ਲੋਕ ਇਧਰ ਆਉਣ ਤੋਂ ਟਾਲਾ ਵੱਟ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਵਿਚ ਬਣੀ ਸ਼ਰਾਬ ਉਤੇ ਹੀ ਕੈਨੇਡਾ ਵਿਚ ਪਾਬੰਦੀ ਲੱਗ ਚੁੱਕੀ ਹੈ ਤਾਂ ਸਸਤੇ ਗੈਸੋਲੀਨ ਵਾਸਤੇ ਕੋਈ ਧਿਰ ਨਹੀਂ ਆਉਣਾ ਚਾਹੇਗਾ। ਕੈਨੇਡੀਅਨਜ਼ ਦੀ ਗਿਣਤੀ ਵਿਚ ਆਈ ਕਮੀ ਦਾ ਅਸਰ ਕੌਸਟਕੋ ਦੇ ਪਾਰਕਿੰਗ ਲੌਟ ਵਿਚ ਸਾਫ ਨਜ਼ਰ ਆਉਂਦਾ ਹੈ।
ਮੈਕਸੀਕੋ ਦੇ ਬਾਰਡਰ ’ਤੇ ਕੰਧ ਖੜ੍ਹੀ ਕਰਨ ਲਈ ਟਰੰਪ ਦਾ ਪਹਿਲਾ ਠੇਕਾ
ਸੌਂਡਰਜ਼ ਨੇ ਸਵਾਲ ਉਠਾਇਆ ਕਿ ਕਿ ਟਰੰਪ ਹਕੂਮਤ ਦੇ ਸਿਰਫ ਦੋ ਮਹੀਨੇ ਵਿਚ ਇਹ ਹਾਲ ਹੈ ਤਾਂ ਅੱਗੇ ਕੀ ਹੋਵੇਗਾ। ਹਾਲਾਤ ਇਸੇ ਤਰ੍ਹਾਂ ਬਦਤਰ ਹੁੰਦੇ ਗਏ ਤਾਂ ਕੈਨੇਡਾ ਵਾਲੇ ਅਮਰੀਕਾ ਦਾ 100 ਫੀ ਸਦੀ ਬਾਇਕਾਟ ਵੀ ਕਰ ਸਕਦੇ ਹਨ। ਬਾਰਡਰ ’ਤੇ 32 ਡਿਊਟੀ ਫਰੀ ਦੁਕਾਨਾਂ ਚਲਾ ਰਹੀ ਐਸੋਸੀਏਸ਼ਨ ਦੀ ਕਾਰਜਕਾਰੀ ਡਾਇਰੈਕਟਰ ਬਾਰਬਰਾ ਬੈਰਟ ਦਾ ਕਹਿਣਾ ਸੀ ਕਿ ਵਿਕਰੀ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ ਅਤੇ ਹਾਲਾਤ ਇਸ ਤੋਂ ਅੱਗੇ ਲੰਘੇ ਤਾਂ ਦੁਕਾਨਾਂ ਬੰਦ ਕਰਨ ਦੀ ਨੌਬਤ ਆ ਸਕਦੀ ਹੈ। ਟਰੰਪ ਦੀਆਂ ਵਪਾਰ ਨੀਤੀਆਂ ਕਾਰਨ ਸੈਰ ਸਪਾਟੇ ਦੇ ਸ਼ੌਕੀਨ ਕੈਨੇਡੀਅਨਜ਼ ਵਾਸਤੇ ਹੁਣ ਅਮਰੀਕਾ ਬਹੁਤੀ ਖਿੱਚ ਪੈਦਾ ਨਹੀਂ ਕਰਦਾ।