‘ਕੈਨੇਡਾ ਵਿਚ ਚੋਣਾਂ ਕਰਵਾਉ ਜਾਂ ਵਿਕਿਆ ਹੋਇਆ ਸਿੰਘ ਅਖਵਾਉ’
ਕੈਨੇਡਾ ਵਿਚ ਇਸੇ ਸਾਲ ਆਮ ਚੋਣਾਂ ਕਰਵਾਉਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਜਗਮੀਤ ਸਿੰਘ ਨੂੰ ਘੱਟ ਗਿਣਤੀ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਸੱਦਾ ਦਿਤਾ ਹੈ।
By : Upjit Singh
ਔਟਵਾ : ਕੈਨੇਡਾ ਵਿਚ ਇਸੇ ਸਾਲ ਆਮ ਚੋਣਾਂ ਕਰਵਾਉਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਜਗਮੀਤ ਸਿੰਘ ਨੂੰ ਘੱਟ ਗਿਣਤੀ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲੈਣ ਦਾ ਸੱਦਾ ਦਿਤਾ ਹੈ। ਐਨ.ਡੀ.ਪੀ. ਆਗੂ ਨੂੰ ਲਿਖੇ ਪੱਤਰ ਵਿਚ ਪੌਇਲੀਐਵ ਨੇ ਦਲੀਲ ਦਿਤੀ ਕਿ ਕੈਨੇਡਾ ਵਾਲੇ ਇਕ ਸਾਲ ਹੋਰ ਇਸ ਖਰਚੀਲੇ ਗਠਜੋੜ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਅਤੇ ਜਸਟਿਨ ਟਰੂਡੋ ਦੀ ਕੁਰਸੀ ਬਚਾਉਣ ਦੇ ਇਵਜ਼ ਵਿਚ ਤੁਹਾਨੂੰ ਕੋਈ ਵੋਟ ਨਹੀਂ ਪਾਵੇਗਾ। ਵਿਰੋਧੀ ਧਿਰ ਦੇ ਆਗੂ ਨੇ ਜਗਮੀਤ ਸਿੰਘ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਲੰਗੜੀ ਸਰਕਾਰ ਨੂੰ ਇਕ ਸਾਲ ਹੋਰ ਘੜੀਸਣ ਦਾ ਤੁਹਾਨੂੰ ਕੋਈ ਹੱਕ ਨਹੀਂ। ਪਿਅਰੇ ਪੌਇਲੀਐਵ ਨੇ ਪੱਤਰ ਵਿਚ ਲਿਖਿਆ ਕਿ ਸਤੰਬਰ ਵਿਚ ਟਰੂਡੋ ਸਰਕਾਰ ਤੋਂ ਹਮਾਇਤ ਵਾਪਸ ਲੈ ਲਵੋ ਅਤੇ ਬੇਵਸਾਹੀ ਮਤੇ ਦੇ ਹੱਕ ਵਿਚ ਵੋਟ ਪਾਉ ਤਾਂਕਿ ਅਕਤੂਬਰ ਵਿਚ ਕਾਰਬਨ ਟੈਕਸ ਚੋਣਾਂ ਕਰਵਾਈਆਂ ਜਾ ਸਕਣ।
ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਜਗਮੀਤ ਸਿੰਘ ਨੂੰ ਚੁਣੌਤੀ
ਅਜਿਹਾ ਨਾ ਹੋਇਆ ਤਾਂ ਤੁਹਾਨੂੰ ਹਮੇਸ਼ਾ ‘ਵਿਕੇ ਹੋਏ ਸਿੰਘ’ ਵਜੋਂ ਜਾਣਿਆ ਜਾਵੇਗਾ। ਪੌਇਲੀਐਵ ਨੇ ਅੱਗੇ ਕਿਹਾ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਲਈ ਜਗਮੀਤ ਸਿੰਘ ਮੁਲਕ ਦੇ ਲੋਕਾਂ ਨੂੰ ਇਹ ਦਲੀਲ ਦੇ ਸਕਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੈਲੀਫੈਕਸ ਵਿਖੇ ਕੈਬਨਿਟ ਰਿਟ੍ਰੀਟ ਦੌਰਾਨ ਮੰਤਰੀ ਮੰਡਲ ਵਿਚ ਰੱਦੋ-ਬਦਲ ਨਹੀਂ ਕਰ ਸਕੇ ਜਦਕਿ ਕਈ ਲਿਬਰਲ ਐਮ.ਪੀਜ਼ ਅਜਿਹਾ ਚਾਹੁੰਦੇ ਸਨ। ਪਿਅਰੇ ਪੌਇਲੀਐਵ ਦੀ ਚੁਣੌਤੀ ਅਜਿਹੇ ਸਮੇਂ ਆਈ ਹੈ ਜਦੋਂ ਮੈਨੀਟੋਬਾ ਦੀ ਇਕ ਪਾਰਲੀਮਾਨੀ ਸੀਟ ’ਤੇ 16 ਸਤੰਬਰ ਨੂੰ ਹੋ ਰਹੀ ਜ਼ਿਮਨੀ ਚੋਣ ਦੌਰਾਨ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਦਰਮਿਆਨ ਫਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਦੂਜੇ ਪਾਸੇ ਐਨ.ਡੀ.ਪੀ. ਦੇ ਹਾਊਸ ਲੀਡਰ ਪੀਟਰ ਜੂਲੀਅਨ ਨੇ ਟੋਰੀ ਆਗੂ ਦੀ ਚਿੱਠੀ ਦਾ ਜਵਾਬ ਦਿੰਦਿਆਂ ਕਿਹਾ ਕਿ ਲਿਬਰਲ ਪਾਰਟੀ ਨਾਲੋਂ ਤੋੜ-ਵਿਛੋੜੇ ਦਾ ਰਾਹ ਜਗਮੀਤ ਸਿੰਘ ਨੇ ਹਮੇਸ਼ ਖੁੱਲ੍ਹਾ ਰੱਖਿਆ ਹੈ ਪਰ ਇਕ ਗੱਲ ਸਪੱਸ਼ਟ ਕਰਨੀ ਲਾਜ਼ਮੀ ਹੈ ਕਿ ਪਿਅਰੇ ਪੌਇਲੀਐਵ ਚੋਣਾਂ ਜਿੱਤਣਾ ਚਾਹੁੰਦੇ ਹਨ ਤਾਂਕਿ ਹੈਲਥ ਕੇਅਰ ਫੰਡਾਂ ਵਿਚ ਕਟੌਤੀ ਕਰ ਸਕਣ, ਲੋਕਾਂ ਦੀ ਪੈਨਸ਼ਨ ਘਟਾ ਸਕਣ ਅਤੇ ਕਾਰਪੋਰੇਟਸ ਦੇ ਫਾਇਦੇ ਲਈ ਰੁਜ਼ਗਾਰ ਬੀਮੇ ’ਤੇ ਕੈਂਚੀ ਚਲਾ ਸਕਣ। ਜੂਲੀਅਨ ਨੇ ਦੋਸ਼ ਲਾਇਆ ਕਿ ਕੰਜ਼ਰਵੇਟਿਵ ਪਾਰਟੀ ਬਿਲਕੁਲ ਨਹੀਂ ਚਾਹੁੰਦੀ ਕਿ ਕੈਨੇਡਾ ਵਿਚ ਫਾਰਮਾਕੇਅਰ ਇਸੇ ਸਾਲ ਲਾਗੂ ਹੋ ਜਾਵੇ। ਇਸੇ ਦੌਰਾਨ ਪਾਰਲੀਮੈਂਟ ਹਿਲ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿਅਰੇ ਪੌਇਲੀਐਵ ਨੇ ਜਗਮੀਤ ਸਿੰਘ ਨੂੰ ਕਿਰਤੀਆਂ ਦਾ ਸਾਥ ਛੱਡਣ ਦਾ ਮਿਹਣਾ ਦਿਤਾ।
ਪਿਅਰੇ ਪੌਇਲੀਐਵ ਨੇ ਐਨ.ਡੀ.ਪੀ. ਆਗੂ ਨੂੰ ਲਿਖਿਆ ਪੱਤਰ
ਉਨ੍ਹਾਂ ਕਿਹਾ ਕਿ ਰੇਲਵੇ ਮੁਲਾਜ਼ਮਾਂ ਦੀ ਹੜਤਾਲ ਦੌਰਾਨ ਸਰਕਾਰ ਨੇ ਜ਼ਬਰਦਸਤੀ ਹੜਤਾਲ ਖਤਮ ਕਰਵਾਈ ਅਤੇ ਜਗਮੀਤ ਸਿੰਘ ਜਸਟਿਨ ਟਰੂਡੋ ਦੇ ਹੱਕ ਵਿਚ ਖੜ੍ਹੇ ਰਹੇ। ਪੱਤਰਕਾਰਾਂ ਵੱਲੋਂ ਇਹ ਪੱਛੇ ਜਾਣ ਕਿ ਜੇ ਰੇਲਵੇ ਮੁਲਾਜ਼ਮਾਂ ਦੀ ਹੜਤਾਲ ਲੰਮੀ ਚੱਲਣ ’ਤੇ ਕੈਨੇਡੀਅਨ ਅਰਥਚਾਰੇ ਦਾ ਨੁਕਸਾਨ ਹੁੰਦਾ ਤਾਂ ਉਨ੍ਹਾਂ ਹਾਲਾਤ ਵਿਚ ਉਹ ਕੀ ਕਰਦੇ ਤਾਂ ਟੋਰੀ ਆਗੂ ਨੇ ਕਿਹਾ ਕਿ ਹੜਤਾਲ ਦਾ ਮੁੱਖ ਕਾਰਨ ਅਸਮਾਨ ਛੂੰਹਦੀ ਮਹਿੰਗਾਈ ਦੌਰਾਨ ਉਜਰਤ ਦਰਾਂ ਬਾਰੇ ਛਿੜਿਆ ਵਿਵਾਦ ਸੀ ਅਤੇ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਚੁਣੀ ਜਾਣ ’ਤੇ ਮਹਿੰਗਾਈ ਕੋਈ ਮਸਲਾ ਨਹੀਂ ਰਹਿ ਜਾਵੇਗਾ। ਪੌਇਲੀਐਵ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਵੀ ਜਗਮੀਤ ਸਿੰਘ ਨੂੰ ਸੱਦਾ ਦਿਤਾ ਕਿ ਆਪਣੇ ਪੈਨਸ਼ਨ ਪਿੱਛੇ ਲੋਕਾਂ ਦਾ ਨੁਕਸਾਨ ਨਾ ਕਰੋ ਅਤੇ ਤੁਰਤ ਕਾਰਬਨ ਟੈਕਸ ਚੋਣਾਂ ਲਈ ਵੋਟ ਪਾ ਦਿਉ। ਇਥੇ ਦਸਣਾ ਬਣਦਾ ਹੈ ਕਿ ਜਗਮੀਤ ਸਿੰਘ 2019 ਵਿਚ ਪਹਿਲੀ ਵਾਰ ਐਮ.ਪੀ. ਚੁਣੇ ਗਏ ਸਨ ਅਤੇ ਉਨ੍ਹਾਂ ਨੂੰ ਸੇਵਾ ਮੁਕਤੀ ਦੇ ਲਾਭ ਤਾਂ ਹੀ ਮਿਲਣਗੇ ਜੇ ਉਹ ਫਰਵਰੀ 2025 ਤੱਕ ਸੰਸਦ ਮੈਂਬਰ ਬਣੇ ਰਹਿੰਦੇ ਹਨ। ਪੌਇਲੀਐਵ ਨੇ ਦੋਸ਼ ਲਾਇਆ ਕਿ ਜਸਟਿਲ ਟਰੂਡੋ ਕਦੇ ਵੀ ਕੁਰਸੀ ਨਹੀਂ ਛੱਡਣਗੇ ਅਤੇ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨਾ ਹੋਵੇਗਾ। ਇਹ ਕੰਮ ਜਗਮੀਤ ਸਿੰਘ ਹੀ ਕਰ ਸਕਦੇ ਹਨ।