ਰਜਿੰਦਰ ਸਿੰਘ ਦੀ ਮੌਤ ਦੇ ਮਾਮਲੇ ਵਿਚ ਬੀ.ਸੀ. ਪੁਲਿਸ ਨੂੰ ਕਲੀਨ ਚਿਟ
ਕੈਨੇਡਾ ਦੇ ਬੀ.ਸੀ. ਵਿਚ ਟੈਕਸੀ ਡਰਾਈਵਰ ਰਜਿੰਦਰ ਸਿੰਘ ਉਰਫ਼ ਰੌਨੀ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੂੰ ਕਲੀਨ ਚਿਟ ਮਿਲ ਗਈ ਹੈ।
By : Upjit Singh
ਵਿਕਟੋਰੀਆ : ਕੈਨੇਡਾ ਦੇ ਬੀ.ਸੀ. ਵਿਚ ਟੈਕਸੀ ਡਰਾਈਵਰ ਰਜਿੰਦਰ ਸਿੰਘ ਉਰਫ਼ ਰੌਨੀ ਦੀ ਮੌਤ ਦੇ ਮਾਮਲੇ ਵਿਚ ਪੁਲਿਸ ਨੂੰ ਕਲੀਨ ਚਿਟ ਮਿਲ ਗਈ ਹੈ। ਪੰਜਾਬ ਦੇ ਬੋਹਾ ਕਸਬੇ ਨਾਲ ਸਬੰਧਤ ਰਜਿੰਦਰ ਸਿੰਘ ਸੱਤ ਸਾਲ ਪਹਿਲਾਂ ਕੈਨੇਡਾ ਪੁੱਜਾ ਸੀ ਅਤੇ ਅਕਤੂਬਰ 2024 ਵਿਚ ਪੁਲਿਸ ਨਾਕਾ ਤੋੜ ਕੇ ਫਰਾਰ ਹੋਏ ਇਕ ਸ਼ੱਕੀ ਨੇ ਉਸ ਦੀ ਟੈਕਸੀ ਨੂੰ ਟੱਕਰ ਮਾਰ ਦਿਤੀ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ।
ਸ਼ੱਕੀ ਨੇ ਪੁਲਿਸ ਨਾਕਾ ਤੋੜਦਿਆਂ ਰਜਿੰਦਰ ਸਿੰਘ ਦੀ ਟੈਕਸੀ ਨੂੰ ਮਾਰੀ ਸੀ ਟੱਕਰ
ਬੀ.ਸੀ. ਦੇ ਇੰਡੀਪੈਂਡੈਂਟ ਇਨਵੈਸਟੀਗੇਸ਼ਨਜ਼ ਆਫ਼ਿਸ ਨੇ ਦੱਸਿਆ ਕਿ ਟੈਕਸੀ ਡਰਾਈਵਰ ਰਜਿੰਦਰ ਸਿੰਘ ਦੀ ਵਿਕਟੋਰੀਆ ਵਿਖੇ ਹੋਈ ਮੌਤ ਦੇ ਮਾਮਲੇ ਵਿਚ ਕੀਤੀ ਪੜਤਾਲ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਮੌਕੇ ’ਤੇ ਮੌਜੂਦ ਪੁਲਿਸ ਅਫ਼ਸਰ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਸਨ ਜਦੋਂ ਉਨ੍ਹਾਂ ਵੱਲੋਂ ਟ੍ਰੈਫਿਕ ਸਟੌਪ ’ਤੇ ਇਕ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। 19 ਅਕਤੂਬਰ 2024 ਨੂੰ ਵੱਡੇ ਤੜਕੇ ਵਾਪਰੀ ਘਟਨਾ ਦੌਰਾਨ ਕੋਰਟਨੀ ਸਟ੍ਰੀਟ ਵਿਖੇ ਮੌਜੂਦ ਵਿਕਟੋਰੀਆ ਪੁਲਿਸ ਦੇ ਅਫ਼ਸਰਾਂ ਨੇ ਇਕ ਨੀਲੇ ਰੰਗ ਦੀ ਨਿਸਨ ਟਾਈਟਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਦੇ ਡਰਾਈਵਰ ਨੇ ਰੁਕਣ ਦੀ ਬਜਾਏ ਰਫ਼ਤਾਰ ਵਧਾ ਦਿਤੀ ਅਤੇ ਉਥੋਂ ਫ਼ਰਾਰ ਹੁੰਦਿਆਂ ਅੱਗੇ ਜਾ ਕੇ ਡਗਲਸ ਸਟ੍ਰੀਟ ਅਤੇ ਹੰਬੋਲਟ ਸਟ੍ਰੀਟ ਦੇ ਇੰਟਰਸੈਕਸ਼ਨ ’ਤੇ ਇਕ ਟੈਕਸੀ ਅਤੇ ਬੀ.ਸੀ. ਟ੍ਰਾਂਜ਼ਿਟ ਦੀ ਬੱਸ ਨੂੰ ਟੱਕਰ ਮਾਰ ਦਿਤੀ। ਟੈਕਸੀ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਅਤੇ ਐਮਰਜੰਸੀ ਕਾਮਿਆਂ ਨੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ। ਪੁਲਿਸ ਦੀ ਸ਼ਮੂਲੀਅਤ ਵਾਲੇ ਮਾਮਲੇ ਵਿਚ ਮੌਤ ਹੋਣ ਮਗਰੋਂ ਆਈ.ਆਈ.ਓ. ਨੂੰ ਸੱਦਿਆ ਗਿਆ ਅਤੇ ਪੜਤਾਲ ਦੌਰਾਨ ਕਈ ਗਵਾਹਾਂ ਦੇ ਬਿਆਨ ਦਰਜ ਕਰਨ ਤੋਂ ਇਲਾਵਾ ਵੀਡੀਓ ਫੁਟੇਜ ਤੇ ਫੌਰੈਂਸਿਕ ਟੀਮ ਵੱਲੋਂ ਮੁਹੱਈਆ ਜਾਣਕਾਰੀ ਨੂੰ ਆਧਾਰ ਬਣਾਇਆ ਗਿਆ।
ਬੋਹਾ ਨਾਲ ਸਬੰਧਤ ਪੰਜਾਬੀ ਨੌਜਵਾਨ 7 ਸਾਲ ਪਹਿਲਾਂ ਪੁੱਜਾ ਸੀ ਕੈਨੇਡਾ
ਇੰਡੀਪੈਂਡੈਂਟ ਇਨਵੈਸਟੀਗੇਸ਼ਨਜ਼ ਆਫਿਸ ਨੇ ਕਿਹਾ ਕਿ ਨਿਸਨ ਟਾਈਟਨ ਚਲਾ ਰਹੇ ਡਰਾਈਵਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਅਤੇ ਪੁਲਿਸ ਅਫ਼ਸਰ ਉਸ ਦਾ ਪਿੱਛਾ ਨਹੀਂ ਕਰ ਰਹੇ ਸਨ। ਰਜਿੰਦਰ ਸਿੰਘ ਦੇ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਅਤੇ ਉਸ ਦੇ ਦੋਸਤਾਂ ਨੇ ਦੱਸਿਆ ਕਿ ਰੌਨੀ ਇਕ ਹਸਮੁਖ ਸੁਭਾਅ ਵਾਲਾ ਇਨਸਾਨ ਸੀ ਜਿਸ ਨੇ ਹਰ ਮੌਕੇ ’ਤੇ ਆਪਣੇ ਸਾਥੀਆਂ ਦੀ ਮਦਦ ਕੀਤੀ। ਮਾਪਿਆਂ ਨੇ ਬੜੇ ਚਾਵਾਂ ਨਾਲ ਸਿਰਫ਼ 17 ਸਾਲ ਦੀ ਉਮਰ ਵਿਚ ਹੀ ਉਸ ਕੈਨੇਡਾ ਭੇਜ ਦਿਤਾ ਅਤੇ ਰਜਿੰਦਰ ਸਿੰਘ ਨੇ ਵੀ ਕਰੜੀ ਮੁਸ਼ੱਕਤ ਕਰਦਿਆਂ ਮਾਪਿਆਂ ਦਾ ਸਿਰ ਫਖਰ ਨਾਲ ਉਚਾ ਕਰ ਦਿਤਾ ਪਰ ਹੋਣੀ ਅੱਗੇ ਕਿਸੇ ਦਾ ਜ਼ੋਰ ਨਾ ਚੱਲ ਸਕਿਆ।