ਬੀ.ਸੀ. ਵਿਧਾਨ ਸਭਾ ਚੋਣਾਂ ’ਚ ਬੇਨਿਯਮੀਆਂ ਦੇ ਨਵੇਂ ਸਬੂਤਾਂ ਦਾ ਦਾਅਵਾ
ਕੈਨੇਡਾ ਦੇ ਬੀ.ਸੀ. ਵਿਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਰਫ਼ 22 ਵੋਟਾਂ ਨਾਲ ਹਾਰਨ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਵੱਲੋਂ ਬੇਨਿਯਮੀਆਂ ਦੇ ਨਵੇਂ ਸਬੂਤ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ।

ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਰਫ਼ 22 ਵੋਟਾਂ ਨਾਲ ਹਾਰਨ ਵਾਲੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਵੱਲੋਂ ਬੇਨਿਯਮੀਆਂ ਦੇ ਨਵੇਂ ਸਬੂਤ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਮੌਜੂਦਾ ਵਰ੍ਹੇ ਦੇ ਆਰੰਭ ਵਿਚ ਹੋਨਵੀਰ ਰੰਧਾਵਾ ਵੱਲੋਂ ਸਰੀ-ਗਿਲਫਰਡ ਰਾਈਡਿੰਗ ਦੇ ਚੋਣ ਨਤੀਜੇ ਨੂੰ ਕਾਨੂੰਨੀ ਚੁਣੌਤੀ ਦਿੰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਅਤੇ ਹੁਣ ਚੋਣ ਘਪਲੇ ਦੇ ਨਵੇਂ ਸਬੂਤਾਂ ਦੀ ਮੌਜੂਦਗੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਹੋਨਵੀਰ ਰੰਧਾਵਾ ਦੇ ਵਕੀਲ ਨੇ ਕਿਹਾ ਕਿ ਇਲੈਕਸ਼ਨਜ਼ ਬੀ.ਸੀ. ਵੱਲੋਂ ਇਸ ਗੱਲ ਦੀ ਤਸਦੀਕ ਕੀਤੀ ਜਾ ਚੁੱਕੀ ਹੈ ਕਿ ਮਾਨਸਿਕ ਰੋਗੀਆਂ ਦੀ ਰਿਹਾਇਸ਼ ਵਾਲੇ ਆਰਗਾਇਲ ਲੌਜ ਨਾਲ ਸਬੰਧਤ ਇਕ ਸ਼ਖਸ ਵੱਲੋਂ ਡਾਕ ਰਾਹੀਂ 22 ਵੋਟਾਂ ਪਾਉਣ ਦੀ ਸਹੂਲਤ ਮੰਗੀ ਗਈ।
ਹੋਨਵੀਰ ਸਿੰਘ ਰੰਧਾਵਾ ਨੇ ਮਾਨਸਿਕ ਰੋਗੀਆਂ ਦੀਆਂ 22 ਵੋਟਾਂ ਦਾ ਮਸਲਾ ਉਠਾਇਆ
ਵਕੀਲ ਨੇ ਦਾਅਵਾ ਕੀਤਾ ਕਿ ਮਾਨਸਿਕ ਤੌਰ ’ਤੇ ਬਿਮਾਰ ਲੋਕਾਂ ਵੱਲੋਂ ਆਪਣੀ ਵੋਟ ਸਹੀ ਤਰੀਕੇ ਨਾਲ ਪਾਈ ਗਈ ਹੋਵੇਗੀ, ਇਸ ਬਾਰੇ ਯਕੀਨੀ ਤੌਰ ’ਤੇ ਕਹਿਣਾ ਮੁਸ਼ਕਲ ਹੈ। ਵਕੀਲ ਸਨੀ ਉਪਲ ਨੇ ਅੱਗੇ ਕਿਹਾ ਕਿ ਇਹ ਕੋਈ ਬੇਨਿਯਮੀ ਨਹੀਂ ਸਗੋਂ ਵੱਡਾ ਘਪਲਾ ਬਣਦਾ ਹੈ ਕਿਉਂਕਿ 22 ਜਣਿਆਂ ਵਾਸਤੇ ਡਾਕ ਰਾਹੀਂ ਵੋਟਾਂ ਦੀ ਸਹੂਲਤ ਮੰਗੀ ਗਈ ਅਤੇ ਇਸ ਗੱਲ ਦੀ ਪੜਤਾਲ ਕਰਨ ਵਾਲਾ ਕੋਈ ਨਹੀਂ ਸੀ ਕਿ ਮੈਂਟਲ ਹੈਲਥ ਫੈਸੀਲਿਟੀ ਦੇ ਲੋਕਾਂ ਨਾਲ ਕੋਈ ਧੋਖਾ ਤਾਂ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਸਰੀ-ਗਿਲਫਰਡ ਰਾਈਡਿੰਗ ਤੋਂ ਜੇਤੂ ਰਹੇ ਐਨ.ਡੀ.ਪੀ. ਦੇ ਗੈਰੀ ਬੈੱਗ ਦਾਅਵਾ ਕਰ ਚੁੱਕੇ ਹਨ ਕਿ ਪੁਲਿਸ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਨੁਮਾਇੰਦਿਆਂ ਨੂੰ ਆਰਗਾਇਲ ਲੌਜ ਤੋਂ ਦੂਰ ਰਹਿਣ ਦੀ ਚਿਤਾਵਨੀ ਦਿਤੀ ਗਈ ਕਿਉਂਕਿ ਇਕ ਔਰਤ ਨੇ ਲੌਜ ਵਿਚ ਰਹਿੰਦੇ ਲੋਕਾਂ ਤੋਂ ਬਿਆਨਾਂ ਉਤੇ ਦਸਤਖਤ ਕਰਵਾਉਣ ਦੇ ਯਤਨ ਕੀਤੇ ਜਦਕਿ ਬਿਆਨਾਂ ਵਿਚ ਲਿਖੀ ਸ਼ਬਦਾਵਲੀ ਬਾਰੇ ਕੋਈ ਕੁਝ ਨਹੀਂ ਸੀ ਜਾਣਦਾ।
ਸਰੀ-ਗਿਲਫ਼ਰਡ ਤੋਂ ਸਿਰਫ਼ 22 ਵੋਟਾਂ ਦੇ ਫ਼ਰਕ ਨਾਲ ਹਾਰੇ ਸਨ ਹੋਨਵੀਰ ਰੰਧਾਵਾ
ਬੀ.ਸੀ. ਐਨ.ਡੀ.ਪੀ. ਵੱਲੋਂ ਦਾਖਲ ਹਲਫ਼ੀਆ ਬਿਆਨ ਮੁਤਾਬਕ ਹੋਨਵੀਰ ਰੰਧਾਵਾ ਆਪਣਾ ਦਾਅਵਾ ਵਾਪਸ ਲੈ ਚੁੱਕੇ ਹਨ ਕਿ ਕੁਝ ਲੋਕਾਂ ਨੇ ਚੋਣਾਂ ਦੌਰਾਨ ਦੂਹਰੀ ਵਾਰ ਵੋਟ ਪਾਈ। ਉਧਰ ਬੀ.ਸੀ. ਕੰਜ਼ਰਵੇਟਿਵ ਪਾਰਟੀ ਹੋਨਵੀਰ ਰੰਧਾਵਾ ਦੀ ਕਾਨੂੰਨੀ ਚੁਣੌਤੀ ਵਿਚ ਸ਼ਾਮਲ ਨਹੀਂ ਪਰ ਪਾਰਟੀ ਆਗੂ ਜੌਹਨ ਰੁਸਤਾਦ ਅਤੀਤ ਵਿਚ ਆਖ ਚੁੱਕੇ ਹਨ ਕਿ ਸਿਸਟਮ ਦੀਆਂ ਕਈ ਚੋਰ ਮੋਰੀਆਂ ਸਾਹਮਣੇ ਆ ਸਕਦੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਬੀਤੇ ਮਈ ਮਹੀਨੇ ਦੌਰਾਨ ਮੁੱਖ ਚੋਣ ਅਫ਼ਸਰ ਐਂਟਨ ਬੋਇਗਮੈਨ ਨੇ ਕਿਹਾ ਸੀ ਕਿ ਉਹ ਅਦਾਲਤੀ ਕਾਰਵਾਈ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਪਰ ਕੁਲ ਮਿਲਾ ਕੇ ਚੋਣਾਂ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਰਹੀਆਂ।