Begin typing your search above and press return to search.

ਕੈਨੇਡੀਅਨ ਨਾਗਰਿਕਾਂ ਦੇ ਵਿਦੇਸ਼ਾਂ ’ਚ ਜੰਮੇ ਬੱਚਿਆਂ ਨੂੰ ਦਸੰਬਰ ਤੱਕ ਕਰਨੀ ਹੋਵੇਗੀ ਉਡੀਕ

ਕੈਨੇਡੀਅਨ ਮਾਪਿਆਂ ਦੇ ਵਿਦੇਸ਼ਾਂ ਵਿਚ ਜੰਮੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਦੇ ਹੱਕ ਵਾਸਤੇ ਘੱਟੋ ਘੱਟ ਦਸੰਬਰ ਤੱਕ ਉਡੀਕ ਕਰਨੀ ਪੈ ਸਕਦੀ ਹੈ। ਜੀ ਹਾਂ, ਅਦਾਲਤ ਵੱਲੋਂ ਫੈਡਰਲ ਸਰਕਾਰ ਨੂੰ ਸਬੰਧਤ ਬਿਲ ਪਾਸ ਕਰਨ ਵਾਸਤੇ 19 ਜੂਨ ਤੱਕ ਦਾ ਸਮਾਂ ਦਿਤਾ ਗਿਆ ਸੀ ਪਰ ਲਿਬਰਲ ਸਰਕਾਰ ਤੈਅਸ਼ੁਦਾ ਹੱਦ ਤੋਂ ਪਹਿਲਾਂ ਬਿਲ ਪਾਸ ਨਾ ਕਰਵਾ ਸਕੀ।

ਕੈਨੇਡੀਅਨ ਨਾਗਰਿਕਾਂ ਦੇ ਵਿਦੇਸ਼ਾਂ ’ਚ ਜੰਮੇ ਬੱਚਿਆਂ ਨੂੰ ਦਸੰਬਰ ਤੱਕ ਕਰਨੀ ਹੋਵੇਗੀ ਉਡੀਕ
X

Upjit SinghBy : Upjit Singh

  |  21 Jun 2024 5:14 PM IST

  • whatsapp
  • Telegram

ਔਟਵਾ : ਕੈਨੇਡੀਅਨ ਮਾਪਿਆਂ ਦੇ ਵਿਦੇਸ਼ਾਂ ਵਿਚ ਜੰਮੇ ਬੱਚਿਆਂ ਨੂੰ ਸਿਟੀਜ਼ਨਸ਼ਿਪ ਦੇ ਹੱਕ ਵਾਸਤੇ ਘੱਟੋ ਘੱਟ ਦਸੰਬਰ ਤੱਕ ਉਡੀਕ ਕਰਨੀ ਪੈ ਸਕਦੀ ਹੈ। ਜੀ ਹਾਂ, ਅਦਾਲਤ ਵੱਲੋਂ ਫੈਡਰਲ ਸਰਕਾਰ ਨੂੰ ਸਬੰਧਤ ਬਿਲ ਪਾਸ ਕਰਨ ਵਾਸਤੇ 19 ਜੂਨ ਤੱਕ ਦਾ ਸਮਾਂ ਦਿਤਾ ਗਿਆ ਸੀ ਪਰ ਲਿਬਰਲ ਸਰਕਾਰ ਤੈਅਸ਼ੁਦਾ ਹੱਦ ਤੋਂ ਪਹਿਲਾਂ ਬਿਲ ਪਾਸ ਨਾ ਕਰਵਾ ਸਕੀ। ਦੂਜੇ ਪਾਸੇ ਹਾਊਸ ਆਫ ਕਾਮਨਜ਼ ਦਾ ਇਜਲਾਸ ਸਤੰਬਰ ਤੱਕ ਮੁਲਤਵੀ ਕਰ ਦਿਤਾ ਗਿਆ ਹੈ ਅਤੇ ਹੁਣ ਇਜਲਾਸ ਮੁੜ ਸ਼ੁਰੂ ਹੋਣ ’ਤੇ ਹੀ ਬਿਲ ਸੀ-71 ਨੂੰ ਪਾਸ ਕਰਵਾਇਆ ਜਾ ਸਕਦਾ ਹੈ। ਫੈਡਰਲ ਸਰਕਾਰ ਦੀ ਗੁਜ਼ਾਰਿਸ਼ ’ਤੇ ਉਨਟਾਰੀਓ ਦੀ ਸੁਪੀਰੀਅਰ ਕੋਰਟ ਨੇ ਬਿਲ ਪਾਸ ਕਰਨ ਦੀ ਸਮਾਂ ਹੱਦ 9 ਅਗਸਤ ਤੱਕ ਵਧਾ ਦਿਤੀ ਪਰ ਇਹ ਸਮਾਂ ਹੱਦ ਵੀ ਕਾਫੀ ਨਹੀਂ ਜਿਸ ਦੇ ਮੱਦੇਨਜ਼ਰ ਅਦਾਲਤ ਵੱਲੋਂ ਪਹਿਲੀ ਅਗਸਤ ਨੂੰ ਮੁੜ ਸੁਣਵਾਈ ਤੈਅ ਕੀਤੀ ਗਈ ਹੈ ਅਤੇ ਬਿਲ ਪਾਸ ਕਰਨ ਦੀ ਸਮਾਂ ਹੱਦ ਦਸੰਬਰ ਤੱਕ ਵਧਾਈ ਜਾ ਸਕਦੀ ਹੈ।

19 ਜੂਨ ਤੱਕ ਪਾਸ ਨਾ ਕੀਤਾ ਜਾ ਸਕਿਆ ਬਿਲ ਸੀ-71

ਇਥੇ ਦਸਣਾ ਬਣਦਾ ਹੈ ਕਿ 2009 ਵਿਚ ਸਟੀਫਨ ਹਾਰਪਰ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਕਾਨੂੰਨ ਵਿਚ ਤਬਦੀਲੀ ਕਰਦਿਆਂ ਵਿਦੇਸ਼ ਵਿਚ ਜੰਮੇ ਕੈਨੇਡੀਅਨ ਨਾਗਰਿਕਾਂ ਦਾ ਬੱਚਾ ਵਿਦੇਸ਼ ਵਿਚ ਪੈਦਾ ਹੋਣ ’ਤੇ ਉਸ ਨੂੰ ਨਾਗਰਿਕਤਾ ਦੇ ਹੱਕ ਤੋਂ ਵਾਂਝਾ ਕਰ ਦਿਤਾ ਸੀ। ਕਾਨੂੰਨ ਵਿਚ ਕੀਤੀ ਸੋਧ ਨੂੰ ‘ਲੌਸਟ ਕੈਨੇਡੀਅਨਜ਼’ ਵਜੋਂ ਜਾਣਿਆ ਗਿਆ ਪਰ ਕੁਝ ਜਥੇਬੰਦੀਆਂ ਨੇ ਇਸ ਦਾ ਵਿਰੋਧ ਕਰਦਿਆਂ ਅਦਾਲਤ ਵਿਚ ਅਪੀਲ ਦਾਇਰ ਕਰ ਦਿਤੀ। ਪਿਛਲੇ ਸਾਲ ਉਨਟਾਰੀਓ ਦੀ ਸੁਪੀਰੀਅਰ ਕੋਰਟ ਨੇ ਕੰਜ਼ਰਵੇਟਿਵ ਸਰਕਾਰ ਦੇ ਕਦਮ ਨੂੰ ਗੈਰਸੰਵਿਧਾਨਕ ਕਰਾਰ ਦਿਤਾ ਅਤੇ ਕਿਹਾ ਕਿ ਇਸ ਤਰੀਕੇ ਨਾਲ ਕੈਨੇਡੀਅਨ ਨਾਗਰਿਕ ਦੋ ਵਰਗਾਂ ਵਿਚ ਵੰਡੇ ਗਏ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਹਾਊਸ ਆਫ ਕਾਮਨਜ਼ ਵਿਚ ਬਿਲ ਪੇਸ਼ ਕਰਦਿਆਂ ਕਿਹਾ ਸੀ ਕਿ ਕੈਨੇਡਾ ਹਮੇਸ਼ਾ ਤੋਂ ਮਨੁੱਖੀ ਹੱਕਾਂ, ਬਰਾਬਰੀ ਅਤੇ ਸਭਨਾਂ ਦੇ ਸਤਿਕਾਰ ਦੀ ਕਦਰ ਕਰਦਾ ਆਇਆ ਹੈ ਅਤੇ ਉਨ੍ਹਾਂ ਬੱਚਿਆਂ ਨੂੰ ਕੈਨੇਡੀਅਨ ਨਾਗਰਿਕ ਬਣਨ ਦਾ ਹੱਕ ਜੋ 2009 ਤੋਂ ਬਾਅਦ ਵਿਦੇਸ਼ਾਂ ਵਿਚ ਪੈਦਾ ਹੋਏ।

ਹਾਊਸ ਆਫ ਕਾਮਨਜ਼ ਦਾ ਇਜਲਾਸ ਮੁਲਤਵੀ, ਸਤੰਬਰ ਵਿਚ ਮੁੜ ਹੋਵੇਗਾ ਆਰੰਭ

ਕੈਨੇਡੀਅਨ ਨਾਗਰਿਕ ਬਣ ਚੁੱਕੇ ਪਰ ਵਿਦੇਸ਼ਾਂ ਵਿਚ ਜੰਮੇ ਮਾਪਿਆਂ ਵਾਸਤੇ ਲਾਜ਼ਮੀ ਹੋਵੇਗਾ ਕਿ ਬੱਚੇ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਨੇ ਘੱਟੋ ਘੱਟ ਤਿੰਨ ਸਾਲ ਕੈਨੇਡਾ ਵਿਚ ਗੁਜ਼ਾਰੇ ਹੋਣ। ਫੈਡਰਲ ਸਰਕਾਰ ਨੂੰ ਫਿਲਹਾਲ ਕੋਈ ਅੰਦਾਜ਼ਾ ਨਹੀਂ ਕਿ ਸਿਟੀਜ਼ਨਸ਼ਿਪ ਦਾ ਨਵਾਂ ਕਾਨੂੰਨ ਪਾਸ ਹੋਣ ਮਗਰੋਂ ਕਿੰਨੇ ਜਣੇ ਕੈਨੇਡੀਅਨ ਨਾਗਰਿਕ ਬਣ ਜਾਣਗੇ। ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਨਵਾਂ ਕਾਨੂੰਨ ਲਾਗੂ ਹੋਣ ਮਗਰੋਂ ਵਿਦੇਸ਼ਾਂ ਵਿਚ ਪੈਦਾ ਹੋਣ ਵਾਲੇ ਬੱਚਿਆਂ ਵਾਸਤੇ ਇਕ ਟੈਸਟ ਰੱਖਿਆ ਜਾਵੇਗਾ। ਇੰਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਅਹਿਮੀਅਤ ਬਹੁਤ ਜ਼ਿਆਦਾ ਹੈ ਅਤੇ ਪੂਰੀ ਦੁਨੀਆਂ ਇਸ ਨੂੰ ਮੰਨਦੀ ਹੈ। ਲਿਬਰਲ ਸਰਕਾਰ ਚਾਹੁੰਦੀ ਹੈ ਕਿ ਸਿਟੀਜ਼ਨਸ਼ਿਪ ਹਾਸਲ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਹੋਵੇ। ਕੰਜ਼ਰਵੇਟਿਵ ਪਾਰਟੀ ਨੂੰ ਘੇਰਦਿਆਂ ਉਨ੍ਹਾਂ ਆਖਿਆ ਕਿ ਟੋਰੀਆਂ ਨੇ ਕੈਨੇਡਾ ਵਾਸੀਆਂ ਦੇ ਹੱਕ ਖੋਹਣ ਦੀ ਮਿਸਾਲ ਪੇਸ਼ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਦਿਲ ਦੇ ਟੁਕੜਿਆਂ ਤੋਂ ਦੂਰ ਕਰ ਦਿਤਾ। ਇਸੇ ਦੌਰਾਨ ਐਨ.ਡੀ.ਪੀ. ਦੀ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਆਲੋਚਕ ਜੈਨੀ ਕਵੈਨ ਨੇ ਕਿਹਾ ਕਿ 2009 ਵਿਚ ਹੋਈਆਂ ਤਬਦੀਲੀਆਂ ਦਾ ਪਰਵਾਰਾਂ ’ਤੇ ਵੱਡਾ ਅਸਾਰ ਪਿਆ। ਉਨ੍ਹਾਂ ਪਰਵਾਰਾਂ ਦਾ ਦਰਦ ਸਮਝਣਾ ਮੁਸ਼ਕਲ ਹੈ ਜਿਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਵੱਖ ਹੋਣਾ ਪਿਆ ਪਰ ਹੁਣ 15 ਸਾਲ ਬਾਅਦ ਆਸ ਦੀ ਨਵੀਂ ਕਿਰਨ ਨਜ਼ਰ ਆ ਰਹੀ ਹੈ। ਜੈਨੀ ਕਵੈਨ ਨੇ ਦੱਸਿਆ ਕਿ ਨਵੇਂ ਬਿਲ ਦਾ ਖਰੜਾ ਤਿਆਰ ਕਰਨ ਵਿਚ ਉਨ੍ਹਾਂ ਵੱਲੋਂ ਲਿਬਰਲ ਪਾਰਟੀ ਦੀ ਮਦਦ ਕੀਤੀ ਗਈ।

Next Story
ਤਾਜ਼ਾ ਖਬਰਾਂ
Share it