ਟੋਰਾਂਟੋ ਵਿਖੇ 10ਵੀਂ ਮੰਜ਼ਿਲ ਤੋਂ ਡਿੱਗੇ ਬੱਚੇ ਦੀ ਮੌਤ
ਟੋਰਾਂਟੋ ਦੇ ਨੌਰਥ ਯਾਰਕ ਇਲਾਕੇ ਵਿਚ 6 ਸਾਲ ਦਾ ਬੱਚਾ 10ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਦਮ ਤੋੜ ਗਿਆ।

By : Upjit Singh
ਟੋਰਾਂਟੋ : ਟੋਰਾਂਟੋ ਦੇ ਨੌਰਥ ਯਾਰਕ ਇਲਾਕੇ ਵਿਚ 6 ਸਾਲ ਦਾ ਬੱਚਾ 10ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਦਮ ਤੋੜ ਗਿਆ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਹਾਦਸਾ ਵੀਰਵਾਰ ਸ਼ਾਮ ਤਕਰੀਬਨ ਸਾਢੇ ਚਾਰ ਵਜੇ ਵਾਪਰਿਆ ਅਤੇ ਐਮਰਜੰਸੀ ਕਾਮਿਆਂ ਨੂੰ ਡ੍ਰਿਫਟਵੁੱਡ ਐਵੇਨਿਊ ਨੇੜੇ ਜੇਨ ਸਟ੍ਰੀਟ ਵਿਖੇ ਇਕ ਬਹੁਮੰਜ਼ਿਲਾ ਇਮਾਰਤ ਵਿਚ ਸੱਦਿਆ ਗਿਆ। ਪੈਰਾਮੈਡਿਕਸ ਨੇ ਬੱਚੇ ਨੂੰ ਬੇਹੱਦ ਨਾਜ਼ੁਕ ਹਾਲਤ ਵਿਚ ਟਰੌਮਾ ਸੈਂਟਰ ਵਿਚ ਭਰਤੀ ਕਰਵਾਇਆ ਪਰ ਸ਼ੁੱਕਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਮੁਢਲੀ ਜਾਂਚ ਦੌਰਾਨ ਮਾਮਲਾ ਅਪਰਾਧਕ ਕਿਸਮ ਦਾ ਮਹਿਸੂਸ ਨਹੀਂ ਹੋ ਰਿਹਾ ਅਤੇ ਪੁਲਿਸ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ।
ਨਿਊ ਬ੍ਰਨਜ਼ਵਿਕ ਵਿਖੇ ਕਾਰ ਹਾਦਸੇ ਦੌਰਾਨ 2 ਹਲਾਕ
ਦੂਜੇ ਪਾਸੇ ਕੈਨੇਡਾ ਦੇ ਨਿਊ ਬ੍ਰਨਜ਼ਵਿਕ ਸੂਬੇ ਵਿਚ ਇਕ ਤੇਜ਼ ਰਫ਼ਤਾਰ ਕਾਰ ਪਲਟਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਗੱਡੀ ਵਿਚ ਸਵਾਰ ਨੌਜਵਾਨ ਸਾਊਥ ਏਸ਼ੀਅਨ ਦੱਸੇ ਜਾ ਰਹੇ ਹਨ ਜੋ ਬ੍ਰਿਟਿਸ਼ ਕੋਲੰਬੀਆ ਨਾਲ ਸਬੰਧਤ ਸਨ। ਦੂਜੇ ਪਾਸੇ ਤਿੰਨ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਸੈਕਸ ਆਰ.ਸੀ.ਐਮ.ਪੀ. ਦਾ ਮੰਨਣਾ ਹੈ ਕਿ ਪੱਛਮ ਵੱਲ ਜਾ ਰਹੀ ਗੱਡੀ ਅਚਾਨਕ ਬੇਕਾਬੂ ਹੋ ਗਈ ਅਤੇ ਖਤਾਨਾਂ ਵਿਚ ਦਾਖਲ ਹੁੰਦਿਆਂ ਕਈ ਦਰੱਖਤਾਂ ਵਿਚ ਜਾ ਵੱਜੀ। ਫਿਲਹਾਲ ਮਰਨ ਵਾਲਿਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਕੋਈ ਜਾਣਕਾਰੀ ਉਭਰ ਕੇ ਸਾਹਮਣੇ ਆ ਸਕਦੀ ਹੈ।


