ਟਰੰਪ ਦੇ ਵਾਅਦੇ ਮਗਰੋਂ ਟਰੂਡੋ ਸਰਕਾਰ ਵਿਚ ਹਫੜਾ-ਦਫੜੀ
ਡੌਨਲਡ ਟਰੰਪ ਵੱਲੋਂ ਕੈਨੇਡੀਅਨ ਲੋਕਾਂ ਦਾ 60 ਫੀ ਸਦੀ ਟੈਕਸ ਮੁਆਫ਼ ਕਰਨ ਦੇ ਵਾਅਦੇ ਮਗਰੋਂ ਟਰੂਡੋ ਸਰਕਾਰ ਵਿਚ ਹਫੜਾ-ਦਫੜੀ ਵਾਲਾ ਮਾਹੌਲ ਹੈ
By : Upjit Singh
ਔਟਵਾ : ਡੌਨਲਡ ਟਰੰਪ ਵੱਲੋਂ ਕੈਨੇਡੀਅਨ ਲੋਕਾਂ ਦਾ 60 ਫੀ ਸਦੀ ਟੈਕਸ ਮੁਆਫ਼ ਕਰਨ ਦੇ ਵਾਅਦੇ ਮਗਰੋਂ ਟਰੂਡੋ ਸਰਕਾਰ ਵਿਚ ਹਫੜਾ-ਦਫੜੀ ਵਾਲਾ ਮਾਹੌਲ ਹੈ ਅਤੇ ਦੋ ਮੰਤਰੀ ਅੱਜ ਫਲੋਰੀਡਾ ਪੁੱਜ ਰਹੇ ਹਨ। ਵਿਦੇਸ਼ ਮੰਤਰੀ ਮੈਲਨੀ ਜੌਲੀ ਅਤੇ ਨਵੇਂ ਬਣੇ ਵਿੱਤ ਮੰਤਰੀ ਡੌਮੀਨਿਕ ਲਾਬਲੈਂਕ ਵੱਲੋਂ ਟਰੰਪ ਦੀ ਟੀਮ ਨਾਲ ਮੁਲਾਕਾਤ ਕਰਨਗੇ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਸਿਰਫ਼ 25 ਫੀ ਸਦੀ ਟੈਕਸਾਂ ਦੇ ਮੁੱਦੇ ਤੱਕ ਸੀਮਤ ਨਹੀਂ ਹੋਵੇਗੀ। ਕੌਮਾਂਤਰੀ ਸਰਹੱਦ ਤੋਂ ਗੈਰਕਾਨੂੰਨੀ ਪ੍ਰਵਾਸ ਅਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਟਰੂਡੋ ਸਰਕਾਰ ਪਹਿਲਾਂ ਹੀ 1.3 ਅਰਬ ਡਾਲਰ ਖਰਚ ਕਰਨ ਦਾ ਐਲਾਨ ਕਰ ਚੁੱਕੀ ਹੈ ਪਰ ਟਰੰਪ, ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਦੇ ਇੱਛਕ ਜਾਪਦੇ ਹਨ। ਇਸੇ ਤੀਬਰ ਇੱਛਾ ਅਧੀਨ ਕੈਨੇਡੀਅਨ ਲੋਕਾਂ ਦਾ ਮਨ ਫਰੋਲਣ ਵਾਸਤੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ 60 ਫੀ ਸਦੀ ਟੈਕਸ ਮੁਆਫ਼ ਕਰਨ ਦਾ ਟੋਟਕਾ ਛੱਡਿਆ ਗਿਆ ਹੈ।
ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਅੱਜ ਪੁੱਜਣਗੇ ਫਲੋਰੀਡਾ
ਸਰਵੇਖਣਾਂ ਮੁਤਾਬਕ 13 ਫੀ ਸਦੀ ਕੈਨੇਡੀਅਨ ਤਾਂ ਪਹਿਲਾਂ ਹੀ ਅਮਰੀਕਾ ਦਾ ਹਿੱਸਾ ਬਣਨ ਦੀ ਸਹਿਮਤੀ ਦੇ ਚੁੱਕੇ ਹਨ ਅਤੇ ਹੁਣ ਅੱਧੇ ਤੋਂ ਵੱਧ ਟੈਕਸਾਂ ਦਾ ਬੋਝ ਖਤਮ ਹੋਣ ਦਾ ਵਾਅਦਾ ਅੰਕੜੇ ਵਿਚ ਮੋਟਾ ਵਾਧਾ ਕਰ ਸਕਦਾ ਹੈ। ਦੱਸ ਦੇਈਏ ਕਿ ਡੌਨਲਡ ਟਰੰਪ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਕ ਟਿੱਪਣੀ ਕਰਦਿਆਂ ਕਿਹਾ ਗਿਆ ਸੀ ਕਿ ਅਮਰੀਕਾ ਦਾ ਹਿੱਸਾ ਬਣ ਕੇ ਕੈਨੇਡਾ ਵਾਲੇ ਆਪਣੀ ਜ਼ਿੰਦਗੀ ਬਿਹਤਰ ਬਦਾ ਸਕਦੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਕੈਨੇਡਾ ਦੇ ਲੋਕ ਅਮਰੀਕਾ ਦਾ ਹਿੱਸਾ ਬਣਨ ਦੀ ਹਾਮੀ ਭਰ ਦੇਣ ਤਾਂ ਦੁਨੀਆਂ ਦੇ ਕਿਸੇ ਵੀ ਮੁਲਕ ਤੋਂ ਵੱਧ ਫੌਜੀ ਸੁਰੱਖਿਆ ਉਨ੍ਹਾਂ ਨੂੰ ਮਿਲੇਗੀ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਵਿਚ ਸ਼ਾਮਲ ਹੋਣ ਮਗਰੋਂ ਕੈਨੇਡਾ ਵਾਲਿਆਂ ਦੇ ਕਾਰੋਬਾਰ ਦੁੱਗਣੇ ਹੋ ਜਾਣਗੇ। ਇਸ ਤੋਂ ਪਹਿਲਾਂ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਵੱਲੋਂ ਇਕ ਸਾਬਕਾ ਹਾਕੀ ਖਿਡਾਰੀ ਵੇਨ ਗ੍ਰੈਟਜ਼ਕੀ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਇੱਛਾ ਵੀ ਜ਼ਾਹਰ ਕੀਤੀ ਸੀ।
ਕੈਨੇਡਾ ਬਾਰੇ ਕਈ ਟਿੱਪਣੀਆਂ ਕਰ ਚੁੱਕੇ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ
ਫਲੋਰੀਡਾ ਦੇ ਪਾਮ ਬੀਚ ਵਿਖੇ ਸ਼ੁੱਕਰਵਾਰ ਨੂੰ ਹੋਣ ਵਾਲੀ ਮੁਲਾਕਾਤ ਦਾ ਮੁੱਖ ਮਕਸਦ ਟਰੰਪ ਦੇ ਮੰਤਰੀਆਂ ਨੂੰ ਇਹ ਸਮਝਾਉਣਾ ਹੈ ਕਿ ਕੌਮਾਂਤਰੀ ਸਰਹੱਦ ਬਾਰੇ ਚਿੰਤਾਵਾਂ ਦੂਰ ਕਰਨ ਵਾਸਤੇ ਬਹੁਤ ਕੁਝ ਕੀਤਾ ਜਾ ਰਿਹਾ ਹੈ। ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦਫ਼ਤਰ ਵੱਲੋਂ ਟਰੰਪ ਦੀਆਂ ਤਾਜ਼ਾ ਟਿੱਪਣੀਆਂ ਬਾਰੇ ਕੋਈ ਮੋੜਵਾਂ ਬਿਆਨ ਵੀ ਸਾਹਮਣੇ ਨਹੀਂ ਆਇਆ। ਟਰੰਪ ਦੇ ਸਹੁੰ ਚੁੱਕਣ ਵਿਚ ਕੁਝ ਦਿਨ ਬਾਕੀ ਹਨ ਅਤੇ ਸਿਆਸੀ ਮਾਹਰਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਸੱਤਾ ਵਿਚ ਆਉਣ ’ਤੇ ਟਰੰਪ ਦੀਆਂ ਇਛਾਵਾਂ ਹੋਰ ਤੀਬਰ ਹੋ ਸਕਦੀਆਂ ਹਨ। ਇਕ ਪਾਸੇ ਚੀਨ ਆਪਣੀ ਫੌਜ ਵਿਚ ਭਾਰੀ ਵਾਧਾ ਕਰ ਰਿਹਾ ਹੈ ਅਤੇ ਦੂਜੇ ਪਾਸੇ ਰੂਸ ਠੰਢੀ ਜੰਗ ਵੇਲੇ ਦੇ ਟਿਕਾਣਿਆਂ ’ਤੇ ਮੁੜ ਸਰਗਰਮੀਆਂ ਵਧਾ ਰਿਹਾ ਹੈ। ਅਜਿਹੇ ਵਿਚ ਟਰੰਪ ਵੱਲੋਂ ਦੁਨੀਆਂ ਦਾ ਸਭ ਤੋਂ ਵੱਡਾ ਟਾਪੂ ਗਰੀਨਲੈਂਡ ਖਰੀਦਣ ਦੀ ਦਲੀਲ ਤਾਂ ਸਮਝ ਵਿਚ ਆਉਂਦੀ ਹੈ ਪਰ ਜਦੋਂ ਕੋਈ ਵੇਚਣ ਨੂੰ ਹੀ ਤਿਆਰ ਨਹੀਂ ਤਾਂ ਕੀ ਟਰੰਪ ਜ਼ੋਰ-ਜ਼ਬਰਦਸਤੀ ’ਤੇ ਉਤਾਰੂ ਹੋਣਗੇ।