Begin typing your search above and press return to search.

Toronto ਦੇ Pearson International ’ਤੇ ਪਈਆਂ ਭਾਜੜਾਂ

ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੀ ਹੈਰਾਨਕੁੰਨ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਮਕੈਨਿਕ ਨੂੰ ਨਸ਼ਾ ਤਸਕਰੀ ਕਰ ਰਹੇ ਬੈਗੇਜ ਹੈਂਡਲਰ ਬਾਰੇ ਪਤਾ ਲਗਦਾ ਹੈ

Toronto ਦੇ Pearson International ’ਤੇ ਪਈਆਂ ਭਾਜੜਾਂ
X

Upjit SinghBy : Upjit Singh

  |  5 Feb 2026 6:48 PM IST

  • whatsapp
  • Telegram

ਟੋਰਾਂਟੋ : ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੀ ਹੈਰਾਨਕੁੰਨ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਮਕੈਨਿਕ ਨੂੰ ਨਸ਼ਾ ਤਸਕਰੀ ਕਰ ਰਹੇ ਬੈਗੇਜ ਹੈਂਡਲਰ ਬਾਰੇ ਪਤਾ ਲਗਦਾ ਹੈ ਅਤੇ ਉਹ ਸ਼ੱਕੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ। ਸੀ.ਟੀ.ਵੀ. ਨਿਊਜ਼ ਵੱਲੋਂ ਪੇਸ਼ ਹੈਰਾਨਕੁੰਨ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੈਗੇਜ ਹੈਂਡਲਰ ਲੁਕਣ ਦਾ ਯਤਨ ਕਰਦਾ ਹੈ ਪਰ ਫਲੈਸ਼ ਲਾਈਟਸ ਲੈ ਕੇ ਉਸ ਦੀ ਭਾਲ ਕਰ ਰਹੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰ ਪੁੱਜ ਜਾਂਦੇ ਹਨ। ਸ਼ੱਕੀ ਉਥੋਂ ਵੀ ਫ਼ਰਾਰ ਹੋਣ ਦਾ ਯਤਨ ਕਰਦਾ ਹੈ ਪਰ ਅੜਿੱਕੇ ਆ ਜਾਂਦਾ ਹੈ। ਇਹ ਸਾਰੀ ਵੀਡੀਓ ਸਬੂਤ ਦੇ ਰੂਪ ਵਿਚ ਬਰੈਂਪਟਨ ਦੀ ਸੁਪੀਰੀਅਰ ਕੋਰਟ ਵਿਚ ਪੇਸ਼ ਕੀਤੀ ਗਈ ਅਤੇ ਬੈਗੇਜ ਹੈਂਡਲਰ ਦੀ ਸ਼ਲਾਂਖਤ 52 ਸਾਲ ਦੇ ਨਾਈਜਲ ਵੈਲਸ਼ ਵਜੋਂ ਕੀਤੀ ਗਈ ਹੈ ਜਿਸ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ।

ਨਸ਼ਾ ਤਸਕਰ ਨੂੰ ਕਾਬੂ ਕਰਨ ਦੀ ਵੀਡੀਓ ਆਈ ਸਾਹਮਣੇ

ਅਦਾਲਤੀ ਵਿਚ ਪੇਸ਼ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਬੈਗੇਜ ਹੈਂਡਲਰ ਰੋਜ਼ਾਨਾ ਵਾਂਗ ਅਕਤੂਬਰ 2021 ਵਿਚ ਆਪਣਾ ਕੰਮ ਸ਼ੁਰੂ ਕਰਦਾ ਹੈ। ਜ਼ਿਆਦਾਤਰ ਹਵਾਈ ਅੱਡਿਆਂ ਦੀ ਤਰਜ਼ ’ਤੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਬੈਗੇਜ ਹੈਂਡਲਰ ਵੀ ਏਅਰਲਾਈਨਜ਼ ਦੇ ਮੁਲਾਜ਼ਮ ਹੁੰਦੇ ਹਨ ਜਾਂ ਠੇਕੇ ’ਤੇ ਭਰਤੀ ਕੀਤਾ ਜਾਂਦਾ ਹੈ। ਵੀਡੀਓ ਵਿਚ ਨਾਈਜਲ ਨੂੰ ਹਵਾਈ ਅੱਡੇ ਅਤਿ ਸੁਰੱਖਿਅਤ ਇਲਾਕੇ ਵਿਚੋਂ ਲੰਘਦਿਆਂ ਦੇਖਿਆ ਜਾ ਸਕਦਾ ਹੈ ਅਤੇ ਫਿਰ ਉਹ ਹੋਰਨਾਂ ਨਾਲ ਰਲ ਕੇ ਜਮਾਇਕਾ ਤੋਂ ਆਏ ਸਨਵਿੰਗ ਦੇ ਜਹਾਜ਼ ਵਿਚੋਂ ਸਮਾਨ ਉਤਾਰਨ ਵਿਚ ਰੁੱਝ ਜਾਂਦਾ ਹੈ। ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸਾਰੇ ਜਣੇ ਚਲੇ ਗਏ ਪਰ ਨਾਈਜਲ ਉਥੇ ਹੀ ਮੌਜੂਦ ਰਿਹਾ ਅਤੇ ਮਕੈਨਿਕ ਨੇ ਉਸ ਨੂੰ ਦੇਖਿਆ। ਉਸ ਨੂੰ ਬੈਕਪੈਕ ਨਾਲ ਜਹਾਜ਼ ਵਿਚੋਂ ਬਾਹਰ ਆਉਂਦਿਆਂ ਦੇਖਿਆ ਜਾ ਸਕਦਾ ਹੈ ਅਤੇ ਇਸੇ ਦੌਰਾਨ ਮਕੈਨਿਕ ਆਪਣੇ ਮੈਨੇਜਰ ਨੂੰ ਕਾਲ ਕਰ ਰਿਹਾ ਸੀ। ਅਗਲੀ ਵੀਡੀਓ ਵਿਚ ਮਕੈਨਿਕ ਨੂੰ ਉਸ ਦਾ ਪਿੱਛਾ ਕਰਦਿਆਂ ਦੇਖਿਆ ਜਾ ਸਕਦਾ ਹੈ ਪਰ ਉਹ ਮਕੈਨਿਕ ਦੇ ਹੱਥ ਨਹੀਂ ਆਉਂਦਾ। ਇਸੇ ਦੌਰਾਨ ਉਹ ਨਸ਼ਿਆਂ ਵਾਲਾ ਬੈਗ ਸੁੱਟ ਦਿੰਦਾ ਹੈ ਜੋ ਉਸ ਨੇ ਹਵਾਈ ਜਹਾਜ਼ ਵਿਚੋਂ ਹਾਸਲ ਕੀਤਾ। ਬੈਗ ਵਿਚ ਕੁਝ ਸੈੱਲਫੋਨ ਅਤੇ ਇਕ ਕਿਲੋ ਕੋਕੀਨ ਤੋਂ ਇਲਾਵਾ 780 ਗ੍ਰਾਮ ਭੰਗ ਮੌਜੂਦ ਸੀ ਜਿਨ੍ਹਾਂ ਦੀ ਕੁਲ ਕੀਮਤ 10 ਲੱਖ ਡਾਲਰ ਮੰਨੀ ਗਈ।

ਬੈਗੇਜ ਹੈਂਡਲਰ ਨੂੰ ਅਦਾਲਤ ਨੇ ਸੁਣਾਈ 9 ਸਾਲ ਦੀ ਸਜ਼ਾ

ਸੀ.ਬੀ.ਐਸ.ਏ. ਵਾਲਿਆਂ ਨੇ ਟਰਮੀਨਲ 3 ਦੀ ਤਲਾਸ਼ੀ ਆਰੰਭ ਦਿਤੀ ਅਤੇ ਕਿਸੇ ਜਗ੍ਹਾ ਲੁਕੇ ਵੈਲਸ਼ ਨੇ ਫਰਾਰ ਹੋਣ ਦਾ ਯਤਨ ਕੀਤਾ ਪਰ ਕਾਬੂ ਆ ਗਿਆ। ਅਦਾਲਤ ਵਿਚ ਵੈਲਸ਼ ਨੇ ਦਾਅਵਾ ਕੀਤਾ ਕਿ ਉਸ ਨੇ ਕੋਈ ਬੈਗ ਨਹੀਂ ਸੀ ਚੁੱਕਿਆ ਹੋਇਆ ਅਤੇ ਏਅਰਪੋਰਟ ਆਈ.ਡੀ. ਗੁੰਮ ਹੋਣ ਕਰ ਕੇ ਲੁਕਿਆ ਹੋਇਆ ਸੀ। ਉਸ ਨੂੰ ਡਰ ਕੇ ਬਗੈਰ ਆਈ.ਡੀ. ਤੋਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਦੇ ਜਵਾਬ ਵਿਚ ਸਰਕਾਰੀ ਵਕੀਲਾਂ ਨੇ ਸਬੂਤ ਪੇਸ਼ ਕਰਦਿਆਂ ਕਿਹਾ ਕਿ ਬੈਗ ਵਿਚੋਂ ਮਿਲੇ ਫੋਨ ਵਿਚ ਵੈਲਸ਼ ਦਾ ਈਮੇਲ ਪਤਾ ਲਿਖਿਆ ਹੋਇਆ ਸੀ। ਦੂਜੇ ਪਾਸੇ ਟੋਰਾਂਟੋ ਦੇ ਸਾਬਕਾ ਡਿਟੈਕਟਿਵ ਮਾਰਕ ਮੈਂਡਲਸਨ ਦਾ ਕਹਿਣਾ ਸੀ ਕਿ ਵੈਲਸ਼ ਦੀਆਂ ਹਰਕਤਾਂ ਤੋਂ ਉਹ ਘਬਰਾਇਆ ਹੋਇਆ ਨਜ਼ਰ ਆਇਆ। ਉਹ ਲੁਕਣਾ ਚਾਹੁੰਦਾ ਸੀ ਜਦਕਿ ਬਦਕਿਸਮਤੀ ਨਾਲ ਹਵਾਈ ਅੱਡੇ ਦੇ ਇਸ ਇਲਾਕੇ ਵਿਚ ਅਜਿਹੀ ਕੋਈ ਜਗ੍ਹਾ ਨਹੀਂ ਹੁੰਦੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ’ਤੇ ਕਈ ਬੈਗੇਜ ਹੈਂਡਲਰ ਰੰਗੇ ਹੱਥੀਂ ਫੜੇ ਜਾ ਚੁੱਕੇ ਹਨ। ਮਿਸਾਲ ਵਜੋਂ ਪਿਛਲੇ ਸਾਲ ਆਰ.ਸੀ.ਐਮ.ਪੀ. ਵੱਲੋਂ 2 ਬੈਗੇਜ ਹੈਂਡਲਰ ਕਾਬੂ ਕੀਤੇ ਗਏ ਜੋ ਡੇਢ ਲੱਖ ਡਾਲਰ ਦਾ ਨਸ਼ਾ ਇਧਰ ਉਧਰ ਕਰਨ ਦੇ ਰੌਂਅ ਵਿਚ ਸਨ।

Next Story
ਤਾਜ਼ਾ ਖਬਰਾਂ
Share it