ਕੈਨੇਡਾ ਵਿਚ ਨਵੇਂ ਵਰ੍ਹੇ ਮੌਕੇ ਪੰਜਾਬੀ ਪਰਵਾਰਾਂ ਦੇ ਘਰ ਗੂੰਜੀਆਂ ਕਿਲਕਾਰੀਆਂ
ਨਵਾਂ ਵਰ੍ਹਾ ਚੜ੍ਹਦਿਆਂ ਹੀ ਇਸ ਦੁਨੀਆਂ ਵਿਚ ਆਏ ਬੱਚਿਆਂ ਦਾ ਜਿਥੇ ਮਾਪਿਆਂ ਨੇ ਚਾਵਾਂ ਨਾਲ ਸਵਾਗਤ ਕੀਤਾ, ਉਥੇ ਹੀ ਕੈਨੇਡੀਅਨ ਹਸਪਤਾਲਾਂ ਦਾ ਸਟਾਫ਼ ਵੀ ਉਤਸ਼ਾਹਤ ਨਜ਼ਰ ਆਇਆ।
By : Upjit Singh
ਐਡਮਿੰਟਨ : ਨਵਾਂ ਵਰ੍ਹਾ ਚੜ੍ਹਦਿਆਂ ਹੀ ਇਸ ਦੁਨੀਆਂ ਵਿਚ ਆਏ ਬੱਚਿਆਂ ਦਾ ਜਿਥੇ ਮਾਪਿਆਂ ਨੇ ਚਾਵਾਂ ਨਾਲ ਸਵਾਗਤ ਕੀਤਾ, ਉਥੇ ਹੀ ਕੈਨੇਡੀਅਨ ਹਸਪਤਾਲਾਂ ਦਾ ਸਟਾਫ਼ ਵੀ ਉਤਸ਼ਾਹਤ ਨਜ਼ਰ ਆਇਆ। 2025 ਦੀ ਪਹਿਲੀ ਤਰੀਕ ਨੂੰ ਉਨਟਾਰੀਓ ਅਤੇ ਐਲਬਰਟਾ ਦੇ ਕਈ ਭਾਰਤੀ ਪਰਵਾਰ ਦੇ ਘਰ ਕਿਲਕਾਰੀਆਂ ਗੂੰਜਣ ਦੀ ਰਿਪੋਰਟ ਹੈ। ਵੌਅਨ ਦੇ ਹਸਪਤਾਲ ਵਿਚ ਤਰਨਪ੍ਰੀਤ ਅਤੇ ਵਿਜੇਵੀਰ ਦੇ ਘਰ ਨਵਾਂ ਮਹਿਮਾਨ ਆਇਆ ਜਿਸ ਨੂੰ ਅਨਹਦ ਨਾਂ ਦਿਤਾ ਗਿਆ।
ਵੌਅਨ ਦੇ ਤਰਨਪ੍ਰੀਤ ਅਤੇ ਵਿਜੇਵੀਰ ਦੇ ਘਰ ਪਹਿਲੇ ਬੱਚੇ ਨੇ ਜਨਮ ਲਿਆ
ਹਸਪਤਾਲ ਨੇ ਦੱਸਿਆ ਕਿ ਤਰਨਪ੍ਰੀਤ ਅਤੇ ਵਿਜੇਵੀਰ ਦੇ ਘਰ ਪਹਿਲੇ ਬੱਚੇ ਦਾ ਜਨਮ ਹੈ ਜੋ ਵਿਲੱਖਣ ਸਮੇਂ ’ਤੇ ਹੋਇਆ। ਇਸੇ ਤਰ੍ਹਾਂ ਔਸ਼ਵਾ ਦੇ ਹਸਪਤਾਲ ਭਾਰਤੀ ਮੂਲ ਦੀ ਰਤਨਾਗਿਰੀ ਅਥੀਆਨਨ ਅਤੇ ਨਵੇਤਰਾ ਗੋਵਿੰਦਾਰਾਸੂ ਦੇ ਘਰ ਪਹਿਲੇ ਬੱਚੇ ਨੇ ਜਨਮ ਲਿਆ ਜਿਨ੍ਹਾਂ ਵੱਲੋਂ ਨਾਂ ਰੱਖਿਆ ਜਾਣਾ ਹਾਲੇ ਬਾਕੀ ਹੈ। ਬਰੈਂਪਟਨ ਦੇ ਸਿਵਿਕ ਹਸਪਤਾਲ ਵਿਚ ਸਾਲ 2025 ਦੇ ਪਹਿਲੇ ਬੱਚੇ ਦਾ ਜਨਮ ਸਵੇਰੇ 6 ਵਜੇ ਹੋਇਆ ਪਰ ਇਸ ਦੇ ਮਾਪਿਆਂ ਬਾਰੇ ਜਾਣਕਾਰੀ ਹਾਸਲ ਨਾ ਹੋ ਸਕੀ। ਮਿਸੀਸਾਗਾ ਦੇ ਹਸਪਤਾਲ ਵਿਚ ਨਵਾਂ ਸਾਲ ਚੜ੍ਹਨ ਤੋਂ ਕੁਝ ਮਿੰਟ ਬਾਅਦ ਹੀ ਸਮਰੀਨ ਅਤੇ ਮਹਿਮੂਦ ਦੇ ਘਰ ਬੇਟੇ ਨੇ ਜਨਮ ਲਿਆ।
ਐਡਮਿੰਟਨ ਵਿਖੇ ਸੁਖਦੀਪ ਕੌਰ ਅਤੇ ਜਸਲੀਨ ਸਿੰਘ ਦੇ ਘਰ ਆਈ ਬੇਟੀ
ਉਧਰ ਐਲਬਰਟਾ ਦੇ ਐਡਮਿੰਟਨ ਸ਼ਹਿਰ ਵਿਚ ਸੁਖਦੀਪ ਕੌਰ ਅਤੇ ਜਸਲੀਨ ਸਿੰਘ ਚੌਹਾਨ ਦੇ ਘਰ ਨਵਾਂ ਸਾਲ ਚੜ੍ਹਨ ਤੋਂ ਅੱਧਾ ਘੰਟਾ ਬਾਅਦ ਬੇਟੀ ਨੇ ਜਨਮ ਲਿਆ। ਸਾਊਥ ਈਸਟ ਐਡਮਿੰਟਨ ਦੇ ਗਰੇਅ ਨਨਜ਼ ਕਮਿਊਨਿਟੀ ਹਸਪਤਾਲ ਵਿਚ ਜੰਮੀ ਬੱਚੀ ਪੂਰੀ ਤਰ੍ਹਾਂ ਸਿਹਤਮੰਦ ਹੈ। ਇਸੇ ਤਰ੍ਹਾਂ ਕੈਲਗਰੀ ਵਿਖੇ ਨਵਾਂ ਸਾਲ ਚੜ੍ਹਨ ਤੋਂ ਸਿਰਫ਼ ਦੋ ਮਿੰਟ ਬਾਅਦ ਅਮੀਰਾ ਨੇ ਜਨਮ ਲਿਆ। ਅਮੀਰਾ ਦੇ ਮਾਪਿਆਂ ਦਾ ਨਾਂ ਜਨਤਕ ਨਹੀਂ ਕੀਤਾ ਗਿਆ।