ਚੰਦਰਾ ਆਰਿਆ ਨੂੰ ਮਹਿੰਗਾ ਪੈ ਗਿਆ ਭਾਰਤ ਦਾ ਗੁਪਚੁੱਪ ਦੌਰਾ
ਚੰਦਰਾ ਆਰਿਆ ਦੀ ਉਮੀਦਵਾਰੀ ਰੱਦ ਹੋਣ ਦਾ ਮੁੱਖ ਕਾਰਨ ਗੁਪਚੁੱਪ ਤਰੀਕੇ ਨਾਲ ਭਾਰਤ ਦੌਰੇ ’ਤੇ ਜਾਣ ਅਤੇ ਕੈਨੇਡਾ ਸਰਕਾਰ ਦੇ ਧਿਆਨ ਵਿਚ ਲਿਆਂਦੇ ਬਗੈਰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੀਆਂ ਘਟਨਾਵਾਂ ਮੰਨੀਆਂ ਜਾ ਰਹੀਆਂ ਹਨ।

By : Upjit Singh
ਔਟਵਾ : ਭਾਰਤੀ ਮੂਲ ਦੇ ਐਮ.ਪੀ. ਚੰਦਰਾ ਆਰਿਆ ਦੀ ਉਮੀਦਵਾਰੀ ਰੱਦ ਹੋਣ ਦਾ ਮੁੱਖ ਕਾਰਨ ਗੁਪਚੁੱਪ ਤਰੀਕੇ ਨਾਲ ਭਾਰਤ ਦੌਰੇ ’ਤੇ ਜਾਣ ਅਤੇ ਕੈਨੇਡਾ ਸਰਕਾਰ ਦੇ ਧਿਆਨ ਵਿਚ ਲਿਆਂਦੇ ਬਗੈਰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੀਆਂ ਘਟਨਾਵਾਂ ਮੰਨੀਆਂ ਜਾ ਰਹੀਆਂ ਹਨ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਚੰਦਰਾ ਆਰਿਆ ਅਗਸਤ 2024 ਵਿਚ ਭਾਰਤ ਗਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਜਦਕਿ ਦੂਜੇ ਪਾਸੇ ਕੈਨੇਡਾ ਵਿਚ ਕਤਲ ਅਤੇ ਹਿੰਸਾ ਦੀਆਂ ਕਈ ਹੋਰ ਵਾਰਦਾਤਾਂ ਦੇ ਮੱਦੇਨਜ਼ਰ ਦੋਹਾਂ ਮੁਲਕਾਂ ਦੇ ਸਬੰਧਾਂ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਸਨ। ਸੂਤਰਾਂ ਨੇ ਦੱਸਿਆ ਕਿ ਕੈਨੇਡੀਅਨ ਖੁਫੀਆ ਏਜੰਸੀ ਵੱਲੋਂ ਚੰਦਰਾ ਆਰਿਆ ਦੀ ਭਾਰਤ ਸਰਕਾਰ ਨਾਲ ਨੇੜਤਾ ਬਾਰੇ ਵਿਸਤਾਰਤ ਜਾਣਕਾਰੀ ਕੈਨੇਡਾ ਸਰਕਾਰ ਨਾਲ ਸਾਂਝੀ ਕੀਤੀ ਗਈ।ਖੁਫੀਆ ਏਜੰਸੀ ਵੱਲੋਂ ਇਕੱਤਰ ਵੇਰਵੇ ਲਿਬਰਲ ਪਾਰਟੀ ਦੇ ਅਧਿਕਾਰੀਆਂ ਤੱਕ ਵੀ ਪੁੱਜੇ ਅਤੇ ਸੰਭਾਵਤ ਤੌਰ ’ਤੇ ਇਸੇ ਕਰ ਕੇ ਚੰਦਰਾ ਆਰਿਆ ਨੂੰ ਲਿਬਰਲ ਲੀਡਰਸ਼ਿਪ ਦੌੜ ਵਿਚੋਂ ਬਾਹਰ ਕੱਢਿਆ ਗਿਆ। ਉਧਰ ਚੰਦਰਾ ਆਰਿਆ ਵੱਲੋਂ ਭਾਰਤ ਜਾਂ ਮੋਦੀ ਸਰਕਾਰ ਨਾਲ ਖਾਸ ਰਿਸ਼ਤਿਆਂ ਦੇ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਕਰਾਰ ਦਿਤਾ। ਉਨ੍ਹਾਂ ਕਿਹਾ, ‘‘ਬਤੌਰ ਐਮ.ਪੀ. ਉਹ ਵੱਖ ਵੱਖ ਮੁਲਕਾਂ ਦੇ ਡਿਪਲੋਮੈਟਸ ਅਤੇ ਨੁਮਾਇੰਦਿਆਂ ਨੂੰ ਮਿਲਦੇ ਆਏ ਹਨ। ਅਜਿਹੀਆਂ ਮੁਲਾਕਾਤਾਂ ਵਾਸਤੇ ਫੈਡਰਲ ਸਰਕਾਰ ਤੋਂ ਕਿਸੇ ਕਿਸਮ ਦੀ ਇਜਾਜ਼ਤ ਲਾਜ਼ਮੀ ਨਹੀਂ ਹੁੰਦੀ।’’
ਕੈਨੇਡਾ ਸਰਕਾਰ ਨੂੰ ਇਤਲਾਹ ਦਿਤੇ ਬਗੈਰ ਕੀਤੀ ਮੋਦੀ ਨਾਲ ਮੁਲਾਕਾਤ
ਚੰਦਰਾ ਆਰਿਆ ਨੇ ਦਾਅਵਾ ਕੀਤਾ ਕਿ ਫੈਡਰਲ ਸਰਕਾਰ ਵੱਲੋਂ ਪਹਿਲਾਂ ਕਦੇ ਵੀ ਉਨ੍ਹਾਂ ਦੀ ਕਿਸੇ ਆਗੂ ਨਾਲ ਮੁਲਾਕਾਤ ਜਾਂ ਬਿਆਨ ਬਾਰੇ ਕੋਈ ਇਤਰਾਜ਼ ਜ਼ਾਹਰ ਨਹੀਂ ਕੀਤਾ ਗਿਆ। ਚੰਦਰਾ ਆਰਿਆ ਦਾ ਮੰਨਣਾ ਹੈ ਕਿ ਖਾਲਿਸਤਾਨ ਹਮਾਇਤੀਆਂ ਦੀਆਂ ਸਰਗਰਮੀਆਂ ਬਾਰੇ ਟਿੱਪਣੀ ਕੀਤੇ ਜਾਣ ਕਰ ਕੇ ਹੀ ਉਨ੍ਹਾਂ ਨੂੰ ਲਿਬਰਲ ਲੀਡਰਸ਼ਿਪ ਦੌੜ ਵਿਚੋਂ ਕੱਢਿਆ ਗਿਆ ਅਤੇ ਬਾਅਦ ਵਿਚ ਨਪੀਅਨ ਤੋਂ ਉਮੀਦਵਾਰ ਵੀ ਰੱਦ ਕਰ ਦਿਤੀ ਗਈ। ਇਥੇ ਦਸਣਾ ਬਣਦਾ ਹੈ ਕਿ ਚੰਦਰਾ ਆਰਿਆ ਸਿਰਫ਼ ਖਾਲਿਸਤਾਨ ਹਮਾਇਤੀਆਂ ਦੇ ਵਿਰੁੱਧ ਨਹੀਂ ਸਗੋਂ ਸਿੱਖਾਂ ਨਾਲ ਸਬੰਧਤ ਹਰ ਗੱਲ ਦਾ ਵਿਰੋਧ ਕਰਦੇ ਆਏ ਹਨ। ਲਿਬਰਲ ਐਮ.ਪੀ. ਸੁੱਖ ਧਾਲੀਵਾਲ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਰਾਰ ਦਿਤੇ ਜਾਣ ਬਾਰੇ ਮਤਾ ਪੇਸ਼ ਕੀਤਾ ਗਿਆ ਤਾਂ ਚੰਦਰਾ ਆਰਿਆ, ਸੁੱਖ ਧਾਲੀਵਾਲ ਨਾਲ ਖਹਿਬੜ ਪਏ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸੁੱਖ ਧਾਲੀਵਾਲ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਭਾਰਤ ਸਰਕਾਰ ਨਾਲ ਉਨ੍ਹਾਂ ਦੀ ਨੇੜਤਾ ਅਤੇ ਚੋਣਾਂ ਵਿਚ ਸੰਭਾਵਤ ਵਿਦੇਸ਼ੀ ਦਖਲ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿਉਂਕਿ ਬੀਤੇ ਸੋਮਵਾਰ ਨੂੰ ਹੀ ਕੈਨੇਡੀਅਨ ਖੁਫੀਆ ਏਜੰਸੀ ਨੇ ਚਿਤਾਵਨੀ ਦਿਤੀ ਸੀ ਕਿ ਭਾਰਤ, ਚੀਨ, ਪਾਕਿਸਤਾਨ ਅਤੇ ਈਰਾਨ 28 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿਚ ਦਖਲ ਦੇ ਸਕਦੇ ਹਨ। 62 ਸਾਲ ਦੇ ਚੰਦਰਾ ਆਰਿਆ 2015 ਤੋਂ ਨਪੀਅਨ ਸੀਟ ਤੋਂ ਐਮ.ਪੀ. ਸਨ ਪਰ ਹੁਣ ਇਹ ਸੀਟ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਂਭ ਲਈ ਹੈ। ਕੁਝ ਲਿਬਰਲ ਆਗੂਆਂ ਦਾ ਮੰਨਣਾ ਸੀ ਕਿ ਮਾਰਕ ਕਾਰਨੀ ਐਡਮਿੰਟਨ ਤੋਂ ਚੋਣ ਲੜ ਸਕਦੇ ਹਨ, ਜਿਥੇ ਉਨ੍ਹਾਂ ਦਾ ਬਚਪਨ ਲੰਘਿਆ ਜਦਕਿ ਕੁਝ ਆਗੂਆਂ ਨੇ ਟੋਰਾਂਟੋ ਦੀ ਕਿਸੇ ਸੁਰੱਖਿਅਤ ਸੀਟ ਤੋਂ ਹੀ ਉਨ੍ਹਾਂ ਨੂੰ ਮੈਦਾਨ ਵਿਚ ਉਤਾਰਨ ਦੀ ਵਕਾਲਤ ਕੀਤੀ।


