ਸੀ.ਬੀ.ਐਸ.ਏ. ਮੁਲਾਜ਼ਮਾਂ ਦੀ ਹੜਤਾਲ 12 ਜੂਨ ਤੱਕ ਟਲੀ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਦੀ ਹੜਤਾਲ ਬੁੱਧਵਾਰ ਤੱਕ ਟਲ ਗਈ ਹੈ। ਮੁਲਾਜ਼ਮ ਯੂਨੀਅਨ ਨੇ ਕਿਹਾ ਕਿ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਅਗਲੇ ਨੋਟਿਸ ਤੱਕ ਕੰਮਕਾਜ ਜਾਰੀ ਰਹੇਗਾ।
By : Upjit Singh
ਟੋਰਾਂਟੋ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਦੀ ਹੜਤਾਲ ਬੁੱਧਵਾਰ ਤੱਕ ਟਲ ਗਈ ਹੈ। ਮੁਲਾਜ਼ਮ ਯੂਨੀਅਨ ਨੇ ਕਿਹਾ ਕਿ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਅਗਲੇ ਨੋਟਿਸ ਤੱਕ ਕੰਮਕਾਜ ਜਾਰੀ ਰਹੇਗਾ। ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਅਤੇ ਕਸਟਮਜ਼ ਐਂਡ ਇੰਮੀਗ੍ਰੇਸ਼ਨ ਯੂਨੀਅਨ ਵੱਲੋਂ ਨਵੀਂ ਪੇਸ਼ਕਸ਼ ਵਾਸਤੇ ਸ਼ੁੱਕਰਵਾਰ ਸ਼ਾਮ 4 ਵਜੇ ਤੱਕ ਦੀ ਸਮਾਂ ਹੱਦ ਤੈਅ ਕੀਤੀ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ 9 ਹਜ਼ਾਰ ਮੁਲਾਜ਼ਮਾਂ ਦੇ ਹੜਤਾਲ ’ਤੇ ਜਾਣ ਦੀ ਚਿਤਾਵਨੀ ਦਿਤੀ ਗਈ।
ਇਸੇ ਦੌਰਾਨ ਫੈਡਰਲ ਸਰਕਾਰ ਵੱਲੋਂ ਮੁੜ ਗੱਲਬਾਤ ਸ਼ੁਰੂ ਕਰਨ ਦੀ ਪੇਸ਼ਕਸ਼ ਭੇਜ ਦਿਤੀ ਗਈ। ਟਰੈਜ਼ਰੀ ਬੋਰਡ ਸਕੱਤਰੇਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਮੁੜ ਗੱਲਬਾਤ ਲਈ ਸਹਿਮਤ ਹੋਣ ’ਤੇ ਕੈਨੇਡਾ ਸਰਕਾਰ ਖੁਸ਼ ਹੈ। ਹੁਣ ਤੱਕ ਹੋਈ ਗੱਲਬਾਤ ਸਿੱਟੇ ਭਰਪੂਰ ਰਹੀ ਅਤੇ ਬਾਰਡਰ ਅਫਸਰਾਂ ਵਾਸਤੇ ਜਾਇਜ਼ ਸਮਝੌਤੇ ’ਤੇ ਪੁੱਜਣ ਲਈ ਅਸੀਂ ਵਚਨਬੱਧ ਹਾਂ। ਇਸ ਤੋਂ ਪਹਿਲਾਂ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਸੰਭਾਵਤ ਹੜਤਾਲ ਦੇ ਕੈਨੇਡੀਅਨ ਅਰਥਚਾਰੇ ਉਤੇ ਪੈਣ ਵਾਲੇ ਅਸਰਾਂ ਵੱਲ ਧਿਆਨ ਕੇਂਦਰਤ ਕੀਤਾ ਗਿਆ ਹੈ ਅਤੇ ਗੱਲਬਾਤ ਦੀ ਮੇਜ਼ ’ਤੇ ਹਰ ਮਸਲਾ ਸੁਲਝਾਉਣ ਦੇ ਯਤਨ ਕੀਤੇ ਜਾਣਗੇ। ਦੂਜੇ ਪਾਸੇ ਕੈਨੇਡਾ ਅਤੇ ਅਮਰੀਕਾ ਦੇ ਸਰਹੱਦੀ ਸ਼ਹਿਰਾਂ ਦੇ ਮੇਅਰ ਵੀ ਹੜਤਾਲ ਨਹੀਂ ਚਾਹੁੰਦੇ ਅਤੇ ਹਾਲਾਤ ’ਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਕੈਨੇਡਾ ਸਰਕਾਰ ਹੜਤਾਲ ਦਾ ਮਸਲਾ ਪੱਕੇ ਤੌਰ ’ਤੇ ਹੱਲ ਕਰ ਲਵੇਗੀ ਅਤੇ ਸੈਰਸਪਾਟੇ ਸਣੇ ਦੋਹਾਂ ਮੁਲਕਾਂ ਦਰਮਿਆਨ ਵਪਾਰ ਬੇਰੋਕ ਚਲਦਾ ਰਹੇਗਾ।