ਕੈਨੇਡਾ ਵਾਲਿਆਂ ਨੂੰ ਮਿਲਣਗੇ ਸੈਂਕੜੇ ਡਾਲਰ
ਕੈਨੇਡਾ ਵਾਲਿਆਂ ਨੂੰ ਇਸ ਮਹੀਨੇ ਆਰਥਿਕ ਸਹਾਇਤਾ ਦੇ ਰੂਪ ਵਿਚ ਸੈਂਕੜੇ ਡਾਲਰ ਮਿਲਣਗੇ

By : Upjit Singh
ਟੋਰਾਂਟੋ : ਕੈਨੇਡਾ ਵਾਲਿਆਂ ਨੂੰ ਇਸ ਮਹੀਨੇ ਆਰਥਿਕ ਸਹਾਇਤਾ ਦੇ ਰੂਪ ਵਿਚ ਸੈਂਕੜੇ ਡਾਲਰ ਮਿਲਣਗੇ। ਜੀ ਹਾਂ, ਕੈਨੇਡਾ ਚਾਇਲਡ ਬੈਨੇਫਿਟ ਅਧੀਨ 19 ਸਤੰਬਰ ਨੂੰ ਬੈਂਕ ਖਾਤਿਆਂ ਵਿਚ ਰਕਮ ਪੁੱਜ ਜਾਵੇਗੀ ਅਤੇ ਆਮਦਨ ਦੇ ਹਿਸਾਬ ਨਾਲ ਇਹ ਵੱਖੋ ਵੱਖਰੀ ਹੋ ਸਕਦੀ ਹੈ। ਛੇ ਸਾਲ ਤੋਂ ਘੱਟ ਉਮਰ ਵਾਲੇ ਹਰ ਬੱਚੇ ਦੇ ਮਾਪਿਆਂ ਨੂੰ 7,997 ਡਾਲਰ ਸਾਲਾਨਾ ਮਿਲ ਰਹੇ ਹਨ ਪਰ ਪਰਵਾਰ ਦੀ ਆਮਦਨ 37,487 ਡਾਲਰ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਫੈਡਰਲ ਸਰਕਾਰ ਜਾਰੀ ਕਰ ਰਹੀ ਆਰਥਿਕ ਸਹਾਇਤਾ
6 ਸਾਲ ਤੋਂ 17 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਦੇ ਮਾਮਲੇ ਵਿਚ ਸਾਲਾਨਾ ਅਦਾਇਗੀ 6,748 ਡਾਲਰ ਕੀਤੀਜਾ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਡਿਸਐਬੀਲਿਟੀ ਬੈਨੇਫਿਟ ਅਧੀਨ ਯੋਗ ਕੈਨੇਡੀਅਨਜ਼ ਨੂੰ 18 ਸਤੰਬਰ ਤੱਕ ਤੈਅਸ਼ੁਦਾ ਰਕਮ ਮਿਲ ਸਕਦੀ ਹੈ। ਵੈਟਰਨ ਡਿਸਐਬੀਲਿਟੀ ਪੈਨਸ਼ਨ ਅਧੀਨ ਅਗਲੀ ਅਦਾਇਗੀ 26 ਸਤੰਬਰ ਨੂੰ ਕੀਤੀ ਜਾਵੇਗੀ। ਕੈਨੇਡਾ ਪੈਨਸ਼ਨ ਪਲੈਨ ਤਹਿਤ 25 ਸਤੰਬਰ ਨੂੰ ਅਦਾਇਗੀਆਂ ਕੀਤੀਆਂ ਜਾਣਗੀਆਂ। ਪੈਨਸ਼ਨ ਦੇ ਰੂਪ ਵਿਚ ਮਿਲਣ ਵਾਲੀ ਰਕਮ ਸਬੰਧਤ ਕੈਨੇਡੀਅਨ ਵੱਲੋਂ ਕੈਨੇਡਾ ਪੈਨਸ਼ਨ ਪਲੈਨ ਵਿਚ ਪਾਏ ਯੋਗਦਾਨ ਅਤੇ ਇਸ ਦੀ ਮਿਆਦ ’ਤੇ ਨਿਰਭਰ ਕਰਦੀ ਹੈ।
19 ਸਤੰਬਰ, 25 ਸਤੰਬਰ ਅਤੇ 26 ਸਤੰਬਰ ਨੂੰ ਮਿਲੇਗੀ ਰਕਮ
65 ਸਾਲ ਤੋਂ ਵੱਧ ਉਮਰ ਵਾਲੇ ਹਰ ਬਜ਼ੁਰਗ ਨੂੰ 25 ਸਤੰਬਰ ਨੂੰ ਓਲਡ ਏਜ ਸਕਿਉਰਿਟੀ ਅਧੀਨ ਅਗਲੀ ਅਦਾਇਗੀ ਕਰ ਦਿਤੀ ਜਾਵੇਗੀ। ਜ਼ਿਆਦਾਤਰ ਕੈਨੇਡੀਅਨ ਦਾ ਨਾਂ ਇਸ ਯੋਜਨਾ ਵਿਚ ਖੁਦ ਬ ਖੁਦ ਦਰਜ ਹੋ ਜਾਂਦਾ ਹੈ ਪਰ ਜਿਨ੍ਹਾਂ ਨੂੰ 64 ਸਾਲ ਦੀ ਉਮਰ ਤੋਂ ਬਾਅਦ ਸਰਵਿਸ ਕੈਨੇਡਾ ਦਾ ਪੱਤਰ ਨਹੀਂ ਮਿਲਦਾ, ਉਨ੍ਹਾਂ ਵਾਸਤੇ ਅਰਜ਼ੀ ਦਾਇਰ ਕਰਨੀ ਲਾਜ਼ਮੀ ਹੈ।


