ਕੈਨੇਡੀਅਨਜ਼ ਦੇ ਅਮਰੀਕਾ ਵੱਲ ਗੇੜੇ ਹੋਰ ਘਟੇ
ਕੈਨੇਡੀਅਨ ਲੋਕਾਂ ਦੇ ਅਮਰੀਕਾ ਵੱਲ ਗੇੜੇ ਲਗਾਤਾਰ ਘਟਦੇ ਜਾ ਰਹੇ ਹਨ ਅਤੇ ਬੀ.ਸੀ. ਤੋਂ ਵਾਸ਼ਿੰਗਟਨ ਸੂਬੇ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਪ੍ਰਭਾਵਤ ਹੋਈ ਹੈ।

By : Upjit Singh
ਵੈਨਕੂਵਰ : ਕੈਨੇਡੀਅਨ ਲੋਕਾਂ ਦੇ ਅਮਰੀਕਾ ਵੱਲ ਗੇੜੇ ਲਗਾਤਾਰ ਘਟਦੇ ਜਾ ਰਹੇ ਹਨ ਅਤੇ ਬੀ.ਸੀ. ਤੋਂ ਵਾਸ਼ਿੰਗਟਨ ਸੂਬੇ ਵਿਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਪ੍ਰਭਾਵਤ ਹੋਈ ਹੈ। ਅਪ੍ਰੈਲ ਦੌਰਾਨ ਇਕ ਲੱਖ ਤੋਂ ਵੀ ਘੱਟ ਗੱਡੀਆਂ ਵਾਸ਼ਿੰਗਟਨ ਸੂਬੇ ਵਿਚ ਦਾਖਲ ਹੋਈਆਂ ਜਦਕਿ ਅਪ੍ਰੈਲ 2024 ਵਿਚ 2 ਲੱਖ 16 ਹਜ਼ਾਰ ਦਾ ਅੰਕੜਾ ਦਰਜ ਕੀਤਾ ਗਿਆ। ਵਾਸ਼ਿੰਗਟਨ ਟੂਰਿਜ਼ਮ ਦੀ ਮਾਰਕਿਟਿੰਗ ਡਾਇਰੈਕਟਰ ਮਿਸ਼ੇਲ ਮਕੈਨਜ਼ੀ ਨੇ ਦੱਸਿਆ ਕਿ ਹੋਟਲਾਂ ਦੀ ਮੰਗ ਵਿਚ ਵੱਡੀ ਕਮੀ ਆ ਰਹੀ ਹੈ। ਵਾਸ਼ਿੰਗਟਨ ਵੱਲ ਆਉਣ ਵਾਲੇ ਕੌਮਾਂਤਰੀ ਸੈਲਾਨੀਆਂ ਵਿਚੋਂ ਜ਼ਿਆਦਾਤਰ ਕੈਨੇਡਾ ਨਾਲ ਸਬੰਧਤ ਹੁੰਦੇ ਹਨ ਅਤੇ ਅਜੋਕੇ ਹਾਲਾਤ ਸੈਰ ਸਪਾਟੇ ’ਤੇ ਨਿਰਭਰ ਲੋਕਾਂ ਵਾਸਤੇ ਸੁਖਾਵੇਂ ਨਹੀਂ।
ਅਪ੍ਰੈਲ ਦੌਰਾਨ ਦੌਰਾਨ ਆਵਾਜਾਈ ਵਿਚ 60 ਫ਼ੀ ਸਦੀ ਕਮੀ
ਦੂਜੇ ਪਾਸੇ ਯੂ.ਐਸ. ਟਰੈਵਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਕੈਨੇਡੀਅਨ ਲੋਕਾਂ ਦੀ ਅਮਰੀਕਾ ਆਮਦ ਵਿਚ 10 ਫੀ ਸਦੀ ਕਮੀ ਦਾ ਸਿੱਧਾ ਮਤਲਬ 2 ਅਰਬ ਡਾਲਰ ਤੋਂ ਵੱਧ ਰਕਮ ਗੁਆਉਣ ਦੇ ਬਰਾਬਰ ਹੈ ਅਤੇ ਇਸ ਦੇ ਸਿੱਟੇ ਵਜੋਂ 14 ਹਜ਼ਾਰ ਨੌਕਰੀਆਂ ਖਤਮ ਹੋ ਸਕਦੀਆਂ ਹਨ। ਟਰੰਪ ਵੱਲੋਂ ਲਾਈਆਂ ਟੈਰਿਫ਼ਸ ਦੇ ਮੱਦੇਨਜ਼ਰ ਕੈਨੇਡਾ ਦੇ ਵੱਖ ਵੱਖ ਰਾਜਾਂ ਵਿਚ ਘਰੇਲੂ ਵਸਤਾਂ ’ਤੇ ਜ਼ੋਰ ਦਿਤਾ ਜਾ ਰਿਹਾ ਹੈ ਅਤੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਸੂਬੇ ਦੇ ਲੋਕਾਂ ਨੂੰ ਅਮਰੀਕਾ ਨਾ ਜਾਣ ਦਾ ਸੱਦਾ ਦਿਤਾ ਗਿਆ। ਵਾਸ਼ਿੰਗਟਨ ਵਿਚ ਕਈ ਕਾਰੋਬਾਰੀ ਸਿਰਫ ਅਤੇ ਸਿਰਫ ਕੈਨੇਡੀਅਨ ਸੈਲਾਨੀਆਂ ’ਤੇ ਨਿਰਭਰ ਕਰਦੇ ਹਨ ਅਤੇ ਇਨ੍ਹਾਂ ਦੀ ਗਿਣਤੀ ਵਿਚ ਕਮੀ ਝੱਲਣੀ ਔਖੀ ਹੋ ਰਹੀ ਹੈ।
ਅਮਰੀਕਾ ਵਿਚ ਸੈਰ ਸਪਾਟੇ ’ਤੇ ਨਿਰਭਰ ਲੋਕ ਚਿੰਤਤ
ਇਸੇ ਦੌਰਾਨ ਮਿਸ਼ੇਲ ਮਕੈਨਜ਼ੀ ਵੱਲੋਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਸੱਦਾ ਦਿਤਾ ਗਿਆ ਹੈ ਕਿ ਉਹ ਅਮਰੀਕਾ ਦਾ ਸਫਰ ਜਾਰੀ ਰੱਖਣ। ਸਿਰਫ਼ ਵਾਸ਼ਿੰਗਟਨ ਸੂਬਾ ਹੀ ਕੈਨੇਡੀਅਨ ਦੀ ਕਮੀ ਦਾ ਸ਼ਿਕਾਰ ਨਹੀਂ ਬਣਿਆ ਸਗੋਂ ਕੈਲੇਫੋਰਨੀਆ ਦੇ ਗਵਰਨਰ ਟਰੰਪ ਸਰਕਾਰ ਦੀਆਂ ਟੈਰਿਫ਼ਸ ਵਿਰੁੱਧ ਮੁਕੱਦਮਾ ਵੀ ਦਾਇਰ ਕਰ ਚੁੱਕੇ ਹਨ। ਕੈਲੇਫੋਰਨੀਆ ਵਿਚ ਦਰਜਨਾਂ ਕੈਨੇਡੀਅਨ ਕੰਪਨੀਆਂ ਦੇ ਦਫ਼ਤਰ ਮੌਜੂਦ ਹਨ ਅਤੇ ਟੈਰਿਫ਼ਸ ਲੱਗਣ ਮਗਰੋਂ ਹਰ ਤਬਕਾ ਪ੍ਰਭਾਵਤ ਹੋ ਰਿਹਾ ਹੈ।


