Begin typing your search above and press return to search.

ਅਮਰੀਕਾ ਦੇ ਵੀਜ਼ੇ ਨੂੰ ਤਰਸੇ ਕੈਨੇਡੀਅਨ

ਅਮਰੀਕਾ ਦੇ ਵੀਜ਼ੇ ਲਈ ਜਿਥੇ ਭਾਰਤੀ ਲੋਕਾਂ ਨੂੰ ਇਕ ਸਾਲ ਤੋਂ ਵੱਧ ਉਡੀਕ ਕਰਨੀ ਪੈ ਰਹੀ ਹੈ, ਉਥੇ ਹੀ ਅਮਰੀਕਾ ਦੇ ਗੁਆਂਢੀ ਕੈਨੇਡਾ ਵਾਸੀਆਂ ਦਾ ਉਡੀਕ ਸਮਾਂ ਦੋ ਸਾਲ ਤੋਂ ਉਪਰ ਚੱਲ ਰਿਹਾ ਹੈ।

ਅਮਰੀਕਾ ਦੇ ਵੀਜ਼ੇ ਨੂੰ ਤਰਸੇ ਕੈਨੇਡੀਅਨ
X

Upjit SinghBy : Upjit Singh

  |  24 Aug 2024 11:19 AM GMT

  • whatsapp
  • Telegram

ਟੋਰਾਂਟੋ : ਅਮਰੀਕਾ ਦੇ ਵੀਜ਼ੇ ਲਈ ਜਿਥੇ ਭਾਰਤੀ ਲੋਕਾਂ ਨੂੰ ਇਕ ਸਾਲ ਤੋਂ ਵੱਧ ਉਡੀਕ ਕਰਨੀ ਪੈ ਰਹੀ ਹੈ, ਉਥੇ ਹੀ ਅਮਰੀਕਾ ਦੇ ਗੁਆਂਢੀ ਕੈਨੇਡਾ ਵਾਸੀਆਂ ਦਾ ਉਡੀਕ ਸਮਾਂ ਦੋ ਸਾਲ ਤੋਂ ਉਪਰ ਚੱਲ ਰਿਹਾ ਹੈ। ਬੀ-1 ਅਤੇ ਬੀ-2 ਵਜੋਂ ਜਾਣੇ ਜਾਂਦੇ ਵਿਜ਼ਟਰ ਵੀਜ਼ਾ ਵਾਸਤੇ ਟੋਰਾਂਟੋ ਵਾਸੀਆਂ ਨੂੰ ਅਪੁਆਇੰਟਮੈਂਟ ਵਾਸਤੇ 753 ਦਿਨ ਉਡੀਕ ਕਰਨੀ ਪੈ ਰਹੀ ਹੈ ਜਦਕਿ ਵੈਨਕੂਵਰ ਵਿਖੇ ਇਹ ਸਮਾਂ 731, ਔਟਵਾ ਵਿਖੇ 850 ਦਿਨ, ਹੈਲੀਫੈਕਸ ਵਿਖੇ 840 ਦਿਨ ਅਤੇ ਕੈਲਗਰੀ ਵਿਖੇ 839 ਦਿਨ ਉਡੀਕ ਕਰਨੀ ਪੈ ਰਹੀ ਹੈ। ਕੈਨੇਡੀਅਨ ਨਾਗਰਿਕਾਂ ਨੂੰ ਅਮਰੀਕਾ ਜਾਣ ਵਾਸਤੇ ਵੀਜ਼ੇ ਦੀ ਜ਼ਰੂਰਤ ਨਹੀਂ ਪਰ ਪਰਮਾਨੈਂਟ ਰੈਜ਼ੀਡੈਂਟਸ, ਕੌਮਾਂਤਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਵਾਸਤੇ ਵੀਜ਼ਾ ਲਾਜ਼ਮੀ ਹੈ।

ਟੋਰਾਂਟੋ ਵਾਲਿਆਂ ਦਾ ਉਡੀਕ ਸਮਾਂ 753 ਦਿਨ

ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਭਾਰਤ ਅਤੇ ਮੈਕਸੀਕੋ ਵਰਗੇ ਮੁਲਕਾਂ ਵਿਚ ਯੂ.ਐਸ. ਵੀਜ਼ਾ ਲਈ ਉਡੀਕ ਸਮਾਂ ਘਟ ਰਿਹਾ ਹੈ ਪਰ ਕੈਨੇਡਾ ਵਾਲਿਆਂ ਦਾ ਉਡੀਕ ਸਮਾਂ ਵਧਦਾ ਜਾ ਰਿਹਾ ਹੈ। ਅਗਸਤ ਦੇ ਆਰੰਭ ਵਿਚ ਟੋਰਾਂਟੋ ਦਾ ਉਡੀਕ ਸਮਾਂ 900 ਦਿਨ ਚੱਲ ਰਿਹਾ ਸੀ। ਨਵੰਬਰ 2022 ਵਿਚ 464 ਦਿਨ ਦੇ ਔਸਤ ਉਡੀਕ ਸਮੇਂ ਨਾਲ ਟੋਰਾਂਟੋ ਨੂੰ ਦੁਨੀਆਂ ਭਰ ਵਿਚ 23ਵੇਂ ਸਥਾਨ ’ਤੇ ਰੱਖਿਆ ਗਿਆ ਅਤੇ ਕੈਲਗਰੀ 371 ਦਿਨ ਦੀ ਉਡੀਕ ਨਾਲ 30ਵੇਂ ਸਥਾਨ ’ਤੇ ਰਿਹਾ। ਇਸ ਵੇਲੇ ਅਮਰੀਕਾ ਦੇ ਵਿਜ਼ਟਰ ਵੀਜ਼ਾ ਲਈ ਕੌਮਾਂਤਰੀ ਪੱਧਰ ’ਤੇ ਉਡੀਕ ਸਮਾਂ 151 ਦਿਨ ਹੈ ਪਰ ਕੈਨੇਡੀਅਨਜ਼ ਲਈ ਔਸਤ ਉਡੀਕ ਸਮਾਂ 810 ਦਿਨ ਚੱਲ ਰਿਹਾ ਹੈ। ਉਡੀਕ ਸਮਾਂ ਬਹੁਤ ਜ਼ਿਆਦਾ ਹੋਣ ਕਾਰਨ ਠੱਗੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਅਤੇ ਅਮਰੀਕੀ ਅਧਿਕਾਰੀਆਂ ਵੱਲੋਂ ਕੈਨੇਡਾ ਵਾਸੀਆਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ ਲਈ ਆਖਿਆ ਗਿਆ ਹੈ ਜੋ ਪੈਸੇ ਦੇ ਕੇ ਜਲਦ ਅਪੁਆਇੰਟਮੈਂਟ ਦਿਵਾਉਣ ਦਾ ਲਾਰਾ ਲਾਉਂਦੇ ਹਨ।

ਔਟਵਾ ਵਾਲਿਆਂ ਨੂੰ 850 ਦਿਨ ਉਡੀਕ ਕਰਨੀ ਪੈ ਰਹੀ

ਹੈਰਾਨੀ ਇਸ ਗੱਲ ਦੀ ਹੈ ਕਿ ਚੀਨ ਵਰਗੇ ਮੁਲਕ ਵਿਚ ਵੀਜ਼ਾ ਇੰਟਰਵਿਊ ਲਈ ਸਿਰਫ 40 ਦਿਨ ਦੀ ਉਡੀਕ ਕਰਨੀ ਪੈਂਦੀ ਹੈ। ਦੁਨੀਆਂ ਭਰ ਵਿਚ ਅਮਰੀਕਾ ਦੇ 109 ਵੀਜ਼ਾ ਕੇਂਦਰ ’ਤੇ ਉਡੀਕ ਸਮੇਂ ਵਿਚ ਕਮੀ ਆਈ ਹੈ ਜਦਕਿ 84 ਥਾਵਾਂ ’ਤੇ ਇਸ ਵਿਚ ਵਾਧਾ ਹੋਇਆ ਹੈ। 2023 ਵਿਚ ਔਟਵਾ ਸਥਿਤ ਯੂ.ਐਸ. ਅੰਬੈਸੀ ਅਤੇ ਵੱਖ ਵੱਖ ਕੌਂਸਲੇਟਸ ਵੱਲੋਂ 2 ਲੱਖ 30 ਹਜ਼ਾਰ ਕੈਨੇਡੀਅਨਜ਼ ਨੂੰ ਵਿਜ਼ਟਰ ਵੀਜ਼ੇ ਦਿਤੇ ਗਏ। 2021 ਦੀ ਮਰਦਮਸ਼ੁਮਾਰੀ ਮੁਤਾਬਕ 31 ਲੱਖ ਕੈਨੇਡਾ ਵਾਸੀਆਂ ਕੋਲ ਸਿਟੀਜ਼ਨਸ਼ਿਪ ਨਹੀਂ ਜਿਨ੍ਹਾਂ ਵਿਚੋਂ 22 ਲੱਖ ਪਰਮਾਨੈਂਟ ਰੈਜ਼ੀਡੈਂਟ ਹਨ। ਆਸਟ੍ਰੇਲੀਆ, ਇਜ਼ਰਾਈਲ ਅਤੇ ਯੂਰਪ ਦੇ ਕਈ ਮੁਲਕਾਂ ਨਾਲ ਸਬੰਧਤ ਕੈਨੇਡੀਅਨਜ਼ ਨੂੰ ਪੀ.ਆਰ. ਹੋਣ ’ਤੇ ਵੀ ਵੀਜ਼ੇ ਦੇ ਜ਼ਰੂਰਤ ਨਹੀਂ ਪਰ ਭਾਰਤ, ਚੀਨ, ਮੈਕਸੀਕੋ ਅਤੇ ਅਫਰੀਕੀ ਮੁਲਕਾਂ ਨਾਲ ਸਬੰਧਤ ਲੋਕ ਵੀਜ਼ਾ ਤੋਂ ਬਗੈਰ ਕੈਨੇਡਾ ਤੋਂ ਅਮਰੀਕਾ ਨਹੀਂ ਜਾ ਸਕਦੇ। ਯੂ.ਐਸ. ਅੰਬੈਸੀ ਜਾਂ ਕੈਨੇਡਾ ਦੇ ਵੱਖ ਵੱਖ ਕੌਂਸਲੇਟਸ ਕੋਲ ਬਕਾਇਆ ਵੀਜ਼ਾ ਅਰਜ਼ੀਆਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਇੰਮੀਗ੍ਰੇਸ਼ਨ ਅਫਸਰਾਂ ਦਾ ਕਹਿਣਾ ਹੈ ਕਿ ਸੁਰੱਖਿਆ ਜਾਂਚ ਉਡੀਕ ਸਮੇਂ ਨੂੰ ਪ੍ਰਭਾਵਤ ਕਰ ਰਹੀ ਹੈ। ਅਮਰੀਕਾ ਦੇ ਇੰਮੀਗ੍ਰੇਸ਼ਨ ਵਕੀਲ ਗ੍ਰੈਗ ਬੂਜ਼ ਦਾ ਕਹਿਣਾ ਸੀ ਕਿ ਯੂ.ਐਸ. ਅੰਬੈਸੀ ਅਤੇ ਕੌਂਸਲੇਟਸ ਵਿਚ ਸਟਾਫ ਦੀ ਕਮੀ ਕਾਰਨ ਕੈਨੇਡਾ ਵਾਲਿਆਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਉਨ੍ਹਾਂ ਸੁਝਾਅ ਦਿਤਾ ਕਿ ਅਮਰੀਕਾ ਸਰਕਾਰ ਵੀਜ਼ੇ ਦੀਆਂ ਕੁਝ ਸ਼੍ਰੇਣੀਆਂ ਲਈ ਇੰਟਰਵਿਊ ਛੋਟ ਵਧਾ ਕੇ ਅਤੇ ਨਵੇਂ ਸਟਾਫ ਦੀ ਭਰਤੀ ਕਰ ਕੇ ਵੀਜ਼ਾ ਉਡੀਕ ਸਮਾਂ ਘਟਾ ਸਕਦੀ ਹੈ।

Next Story
ਤਾਜ਼ਾ ਖਬਰਾਂ
Share it