ਕੈਨੇਡਾ ਵਾਸੀਆਂ ਨੂੰ ਮਿਲੀ ਸਿਰਫ 10 ਮਿੰਟ ਵਿਚ ਟੈਕਸ ਰਿਟਰਨ ਭਰਨ ਦੀ ਸਹੂਲਤ
ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਦੇ ਪਾਇਲਟ ਪ੍ਰੌਜੈਕਟ ਅਧੀਨ ਮੌਜੂਦਾ ਵਰ੍ਹੇ ਦੌਰਾਨ 20 ਲੱਖ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ।
By : Upjit Singh
ਟੋਰਾਂਟੋ : ਕੈਨੇਡਾ ਰੈਵੇਨਿਊ ਏਜੰਸੀ ਵੱਲੋਂ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਦੇ ਪਾਇਲਟ ਪ੍ਰੌਜੈਕਟ ਅਧੀਨ ਮੌਜੂਦਾ ਵਰ੍ਹੇ ਦੌਰਾਨ 20 ਲੱਖ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ। ਸੀ.ਆਰ.ਏ. ਵੱਲੋਂ ਜਾਰੀ ਬਿਆਨ ਮੁਤਾਬਕ ਇਕੱਲੇ ਜੁਲਾਈ ਦੌਰਾਨ 5 ਲੱਖ ਤੋਂ ਵੱਧ ਕੈਨੇਡੀਅਨਜ਼ ਨੂੰ 2023 ਦੀਆਂ ਟੈਕਸ ਰਿਟਰਨਾਂ ਫੋਨ ਰਾਹੀਂ, ਆਨਲਾਈਨ ਜਾਂ ਮੇਲ ਰਾਹੀਂ ਦਾਖਲ ਕਰਨ ਦੇ ਸੱਦੇ ਭੇਜੇ ਗਏ ਹਨ। ਫੈਡਰਲ ਬਜਟ ਵਿਚ ਐਲਾਨੇ ਪਾਇਲਟ ਪ੍ਰੌਜਕਟ ਰਾਹੀਂ ਘੱਟ ਆਮਦਨ ਵਾਲੇ ਉਨ੍ਹਾਂ ਕੈਨੇਡੀਅਨਜ਼ ਦੀ ਰਿਟਰਨ ਦਾਖਲ ਕਰਵਾਈ ਜਾ ਰਹੀ ਹੈ ਜਿਨ੍ਹਾਂ ਵੱਲੋਂ ਕਦੇ ਇਹ ਕੰਮ ਕੀਤਾ ਹੀ ਨਹੀਂ ਗਿਆ ਜਾਂ ਟੈਕਸ ਰਿਟਰਨਾਂ ਦੇ ਮਾਮਲੇ ਵਿਚ ਖੱਪਾ ਬਹੁਤ ਜ਼ਿਆਦਾ ਵਧ ਗਿਆ ਹੈ। ਸੀ.ਆਰ.ਏ. ਨੇ ਦਾਅਵਾ ਕੀਤਾ ਕਿ ਨਵੀਂ ਸੇਵਾ ਰਾਹੀਂ ਸਿਰਫ 10 ਮਿੰਟ ਵਿਚ ਟੈਕਸ ਰਿਟਰਲ ਦਾਖਲ ਕੀਤੀ ਜਾ ਸਕਦੀ ਹੈ।
ਸੀ.ਆਰ.ਏ. ਵੱਲੋਂ 20 ਲੱਖ ਲੋਕਾਂ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਦਾ ਸੱਦਾ
ਸੀ.ਆਰ.ਏ. ਦਾ ਕਹਿਣਾ ਹੈ ਕਿ ਆਟੋਮੈਟਿਕ ਟੈਕਸ ਰਿਟਰਨ ਦਾਖਲ ਕਰਨ ਦੇ ਤਿੰਨ ਵੱਖੋ ਵੱਖਰੇ ਤਰੀਕੇ ਮੌਜੂਦ ਹਨ। ਜਿਹੜੇ ਲੋਕ ਫੋਨ ਜਾਂ ਡਿਜੀਟਲ ਸੇਵਾ ਦੀ ਵਰਤੋਂ ਕਰਨਾ ਚਾਹੁਣ, ਉਨ੍ਹਾਂ ਤੋਂ ਕੁਝ ਸਾਧਾਰਣ ਸਵਾਲ ਪੁੱਛੇ ਜਾਣਗੇ ਅਤੇ ਨਿਜੀ ਜਾਣਕਾਰੀ ਬਾਰੇ ਤਸਦੀਕ ਕਰਨੀ ਹੋਵੇਗੀ। ਫੋਨ ਕਾਲ ਕਰਨ ਵਾਲੇ ਜਿਹੜੇ ਲੋਕਾਂ ਵੱਲੋਂ ਪਰਸਨਲ ਆਇਡੈਂਟੀਫੀਕੇਸ਼ਨ ਨੰਬਰ ਸਿਰਜਿਆ ਗਿਆ ਹੈ, ਉਨ੍ਹਾਂ ਨੂੰ ਕਾਲ ਖਤਮ ਹੁੰਦਿਆਂ ਹੀ ਰਿਫੰਡ ਆ ਜਾਵੇਗੀ ਜੇ ਸਬੰਧਤ ਸ਼ਖਸ ਕੋਈ ਰਿਫੰਡ ਹਾਸਲ ਕਰਨ ਦੇ ਯੋਗ ਹੈ। ਪਰਸਨਲ ਆਇਡੈਂਟੀਫੀਕੇਸ਼ਨ ਨੰਬਰ ਭਾਵ ਪਿਨ ਦੀ ਗੈਰਮੌਜੂਦਗੀ ਵਿਚ ਅਸੈਸਮੈਂਟ ਨੋਟਿਸ ਮੇਲ ਰਾਹੀਂ ਜਾਂ ਸੀ.ਆਰ.ਏ. ਅਕਾਊਂਟ ਰਾਹੀਂ ਭੇਜ ਦਿਤਾ ਜਾਵੇਗਾ। ਫੋਨ ਅਤੇ ਡਿਜੀਟਲ ਸੇਵਾ ਰੋਜ਼ਾਨਾ ਸਵੇਰੇ 6 ਵਜੇ ਤੋਂ 3 ਵਜੇ ਤੱਕ ਹਫਤੇ ਦੇ ਸੱਤੋ ਦਿਨ ਮੁਹੱਈਆ ਕਰਵਾਈ ਜਾਂਦੀ ਹੈ।
ਜੁਲਾਈ ਦੌਰਾਨ 5 ਲੱਖ ਤੋਂ ਵੱਧ ਕੈਨੇਡੀਅਨ ਨੂੰ ਸੱਦਾ ਭੇਜਿਆ
ਆਟੋਮੈਟਿਕ ਟੈਕਸ ਰਿਟਰਨਾਂ ਦਾਖਲ ਕਰਨ ਵਾਸਤੇ ਮਾਹਰਾਂ ਅਤੇ ਵਕੀਲਾਂ ਨੂੰ ਸੱਦਿਆ ਜਾਂਦਾ ਹੈ ਤਾਂ ਕੈਨੇਡੀਅਨ ਲੋਕਾਂ ਨੂੰ ਉਹ ਸਾਰੇ ਆਰਥਿਕ ਲਾਭ ਮਿਲ ਸਕਣ ਜਿਨ੍ਹਾਂ ਤੋਂ ਉਹ ਵਾਂਝੇ ਰਹਿ ਜਾਂਦੇ ਹਨ। ਪਾਰਲੀਮਾਨੀ ਬਜਟ ਅਫਸਰ ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਰ ਸਾਲ ਇਕ ਅਰਬ ਡਾਲਰ ਤੋਂ ਵੱਧ ਰਕਮ ਦੇ ਆਰਥਿਕ ਲਾਭ ਅਣਵਰਤੇ ਰਹਿ ਜਾਂਦੇ ਹਨ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੀਆਂ ਟੈਕਸ ਰਿਟਰਨਾਂ ਨਹੀਂ ਭਰਦੇ। ਕਾਰਲਟ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਵੱਲੋਂ ਕੀਤੇ ਅਧਿਐਨ ਮੁਤਾਬਕ 10 ਤੋਂ 12 ਫੀ ਸਦੀ ਕੈਨੇਡੀਅਨ ਆਪਣੀਆਂ ਟੈਕਸ ਰਿਟਰਨਾਂ ਦਾਖਲ ਨਹੀਂ ਕਰਦੇ। ਦੂਜੇ ਪਾਸੇ ਕੈਨੇਡਾ ਰੈਵੇਨਿਊ ਏਜੰਸੀ ਦਾ ਮੰਨਣਾ ਹੈ ਕਿ ਸੱਤ ਫੀ ਸਦੀ ਲੋਕ ਆਪਣੀਆਂ ਰਿਟਰਨਾਂ ਦਾਖਲ ਨਹੀਂ ਕਰਦੇ।