Canada ਦੀ PR ਨੇ ਖੇਰੂੰ-ਖੇਰੂੰ ਕੀਤਾ ਪੰਜਾਬੀ ਪਰਵਾਰ
ਕੈਨੇਡਾ ਦੀ ਪੀ.ਆਰ. ਮਿਲਦਿਆਂ ਹੀ ਪਤੀ ਤੋਂ ਮੂੰਹ ਮੋੜਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ

By : Upjit Singh
ਵੈਨਕੂਵਰ : ਕੈਨੇਡਾ ਦੀ ਪੀ.ਆਰ. ਮਿਲਦਿਆਂ ਹੀ ਪਤੀ ਤੋਂ ਮੂੰਹ ਮੋੜਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਰਹਿੰਦੇ ਸਹੁਰਾ ਪਰਵਾਰ ਵੱਲੋਂ ਆਪਣੀ ਨੂੰਹ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਗਿਆ ਹੈ ਪਰ ਕੈਨੇਡੀਅਨ ਕਾਨੂੰਨ ਮੁਤਾਬਕ ਅਮਨਦੀਪ ਕੌਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਲੁਧਿਆਣਾ ਦੇ ਸਲੇਮ ਟਾਬਰੀ ਥਾਣੇ ਵਿਚ ਦਰਜ ਸ਼ਿਕਾਇਤ ਵਿਚ ਅਮਨਦੀਪ ਕੌਰ ਤੋਂ ਇਲਾਵਾ ਉਸ ਦੇ ਮਾਪਿਆਂ ਦੇ ਨਾਂ ਵੀ ਸ਼ਾਮਲ ਹਨ।
ਪੀ.ਆਰ. ਮਿਲਦਿਆਂ ਹੀ ਪਤੀ ਨੂੰ ਛੱਡਣ ਦੇ ਲੱਗੇ ਦੋਸ਼
ਅਮਨ ਨਗਰ ਦੇ ਰਹਿਣ ਵਾਲੇ ਜਰਨੈਲ ਸਿੰਘ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਉਨ੍ਹਾਂ ਦਾ ਬੇਟਾ ਮਾਨ ਸਿੰਘ ਕੈਨੇਡਾ ਦਾ ਪਰਮਾਨੈਂਟ ਰੈਜ਼ੀਡੈਂਟ ਹੈ ਅਤੇ 10 ਫ਼ਰਵਰੀ 2024 ਨੂੰ ਉਸ ਦਾ ਵਿਆਹ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਰਿਹਾਣਾ ਜੱਟਾਂਦੀ ਅਮਨਦੀਪ ਕੌਰ ਨਾਲ ਹੋਇਆ। ਵਿਆਹ ਤੋਂ ਕੁਝ ਦੇਰ ਬਾਅਦ ਮਾਨ ਸਿੰਘ ਆਪਣੇ ਪਤਨੀ ਅਮਨਦੀਪ ਕੌਰ ਨੂੰ ਵੀ ਕੈਨੇਡਾ ਲੈ ਲਿਆ ਗਿਆ ਅਤੇ ਜਿਉਂ ਹੀ ਉਸ ਨੂੰ ਪੀ.ਆਰ. ਮਿਲੀ ਤਾਂ ਉਹ ਪਤੀ ਨੂੰ ਛੱਡ ਕੇ ਕਿਸੇ ਅਣਦੱਸੀ ਥਾਂ ’ਤੇ ਚਲੀ ਗਈ। ਜਰਨੈਲ ਸਿੰਘ ਦਾ ਦੋਸ਼ ਹੈ ਕਿ ਅਮਨਦੀਪ ਕੌਰ ਨੇ ਸਿਰਫ਼ ਕੈਨੇਡਾ ਦੀ ਪੀ.ਆਰ. ਵਾਸਤੇ ਵਿਆਹ ਕੀਤਾ। ਅਮਨਦੀਪ ਕੌਰ ਇਸ ਵੇਲੇ ਪੰਜਾਬ ਵਿਚ ਮੌਜੂਦ ਨਹੀਂ ਪਰ ਉਸ ਦੇ ਪਿਤਾ ਬਲਬੀਰ ਸਿੰਘ ਅਤੇ ਭਰਾ ਜਸਵੀਰ ਸਿੰਘ ਵਿਰੁੱਧ ਪੁਲਿਸ ਪੜਤਾਲ ਕਰ ਸਕਦੀ ਹੈ।


