ਠੱਗ ਪੰਜਾਬੀ ਜੋੜੇ ਦੀ ਭਾਲ ਕਰ ਰਹੀ ਕੈਨੇਡਾ ਪੁਲਿਸ
ਕੈਨੇਡਾ ਵਿਚ ਜਾਅਲੀ ਕਾਗਜ਼ਾਂ ਦੇ ਆਧਾਰ ’ਤੇ ਮਹਿੰਗੀਆਂ ਗੱਡੀਆਂ ਫਾਇਨਾਂਸ ਕਰਵਾਉਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ 2 ਪੰਜਾਬੀਆਂ ਦੀ ਭਾਲ ਕਰ ਰਹੀ ਹੈ।

By : Upjit Singh
ਬਰੈਂਪਟਨ : ਕੈਨੇਡਾ ਵਿਚ ਜਾਅਲੀ ਕਾਗਜ਼ਾਂ ਦੇ ਆਧਾਰ ’ਤੇ ਮਹਿੰਗੀਆਂ ਗੱਡੀਆਂ ਫਾਇਨਾਂਸ ਕਰਵਾਉਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ 2 ਪੰਜਾਬੀਆਂ ਦੀ ਭਾਲ ਕਰ ਰਹੀ ਹੈ। ਦੋਹਾਂ ਦੀ ਸ਼ਨਾਖਤ ਸੁਖਦਿਆਲ ਸਿੰਘ ਅਤੇ ਸੁਪਿੰਦਰ ਕੌਰ ਵਜੋਂ ਕੀਤੀ ਗਈ ਹੈ ਜਿਨ੍ਹਾਂ ਨੇ ਕਥਿਤ ਤੌਰ ’ਤੇ 11 ਅਪ੍ਰੈਲ ਤੋਂ 5 ਮਈ ਦਰਮਿਆਨ ਗਰੇਟਰ ਟੋਰਾਂਟੋ ਏਰੀਆ ਦੀਆਂ ਵੱਖ-ਵੱਖ ਆਟੋ ਡੀਲਰਸ਼ਿਪਸ ਤੋਂ 5 ਲੱਖ 32 ਹਜ਼ਾਰ ਡਾਲਰ ਮੁੱਲ ਦੀਆਂ ਗੱਡੀਆਂ ਖਰੀਦੀਆਂ ਅਤੇ ਆਟੋ ਫਾਇਨਾਂਸ ਵਾਸਤੇ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਇਨ੍ਹਾਂ ਗੱਡੀਆਂ ਨੂੰ ਕੈਨੇਡਾ ਤੋਂ ਬਾਹਰ ਭੇਜਣਾ ਚਾਹੁੰਦੇ ਹਨ ਕਿਉਂਕਿ ਇਕ ਗੱਡੀ ਮੌਂਟਰੀਅਲ ਦੀ ਬੰਦਰਗਾਹ ਨੇੜੇ ਬਰਾਮਦ ਕੀਤੀ ਗਈ ਜਦਕਿ ਦੂਜੀ ਹਾਲਟਨ ਰੀਜਨ ਵਿਚੋਂ ਮਿਲੀ। ਬਾਕੀ ਤਿੰਨ ਗੱਡੀਆਂ ਫ਼ਿਲਹਾਲ ਬਰਾਮਦ ਨਹੀਂ ਹੋ ਸਕੀਆਂ।
ਜਾਅਲੀ ਦਸਤਾਵੇਜ਼ਾਂ ’ਤੇ ਫਾਇਨਾਂਸ ਕਰਵਾਈਆਂ ਮਹਿੰਗੀਆਂ ਗੱਡੀਆਂ
ਬਰੈਂਪਟਨ ਦੇ 50 ਸਾਲਾ ਸੁਖਦਿਆਲ ਸਿੰਘ ਅਤੇ 48 ਸਾਲ ਦੀ ਸੁਪਿੰਦਰ ਕੌਰ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਦੇ ਪੰਜ ਦੋਸ਼ਾਂ ਅਧੀਨ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਦਿਆਂ ਲੋਕਾਂ ਤੋਂ ਮਦਦ ਮੰਗੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ ਦੇ ਫਰੌਡ ਬਿਊਰੋ ਮੁਤਾਬਕ ਠੱਗੀ-ਠੋਰੀ ਰਾਹੀਂ ਗੱਡੀਆਂ ਹਾਸਲ ਕਰਨਾ ਵੀ ਕਾਰ ਚੋਰੀ ਦਾ ਹੀ ਇਕ ਰੂਪ ਹੈ ਜਿਸ ਨੂੰ ਆਰਗੇਨਾਈਜ਼ਡ ਆਟੋ ਥੈਫ਼ਟ ਮੰਨਿਆ ਜਾਂਦਾ ਹੈ। ਸੁਖਦਿਆਲ ਸਿੰਘ ਅਤੇ ਸੁਪਿੰਦਰ ਕੌਰ ਮਾਮਲੇ ਵਿਚ ਪੀਲ ਪੁਲਿਸ ਦੀ ਪੜਤਾਲ ਨੇ ਇਹ ਰੁਝਾਨ ਘਟਾਉਣ ਵਿਚ ਮਦਦ ਕੀਤੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸੁਖਦਿਆਲ ਸਿੰਘ ਅਤੇ ਸੁਪਿੰਦਰ ਕੌਰ ਦੇ ਪਤੇ-ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਫਰੌਡ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 3311 ਐਕਸਟੈਨਸ਼ਨ 3335 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਟੋਰਾਂਟੋ ਪੁਲਿਸ ਵੱਲੋਂ ਸੋਨੇ ਦੀ ਚੇਨੀ ਖੋਹਣ ਦੇ ਮਾਮਲੇ ਵਿਚ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਲ ਹੀ ਵਿਚ ਸਾਹਮਣੇ ਆਈਆਂ ਵਾਰਦਾਤਾਂ ਦੇ ਮੱਦੇਨਜ਼ਰ 42 ਡਵੀਜ਼ਨ ਦੇ ਮੇਜਰ ਕ੍ਰਾਈਮ ਯੂਨਿਟ ਵੱਲੋਂ ਗਸ਼ਤ ਵਧਾ ਦਿਤੀ ਗਈ।
ਪੁਲਿਸ ਵੱਲੋਂ 5 ਗੱਡੀਆਂ ਵਿਚੋਂ 2 ਬਰਾਮਦ
ਸਕਾਰਬ੍ਰੋਅ ਵਿਖੇ ਕੈਨੇਡੀ ਰੋਡ ਅਤੇ ਸ਼ੈਪਰਡ ਐਵੇਨਿਊ ਈਸਟ ਇਲਾਕੇ ਵਿਚ ਗਸ਼ਤ ਕਰ ਰਹੇ ਅਫ਼ਸਰਾਂ ਨੂੰ ਇਕ ਔਰਤ ਅਤੇ ਮਰਦ ਨਜ਼ਰ ਆਏ ਜੋ ਕਾਲੇ ਰੰਗ ਦੀ ਚੋਰੀਸ਼ੁਦਾ ਗੱਡੀ ਵਿਚ ਸਨ। ਫਲੋਰੀਡਾ ਨਾਲ ਸਬੰਧਤ ਲਾਇਸੰਸ ਪਲੇਟ ਵਾਲੀ ਗੱਡੀ ਵਿਚ ਦੋਵੇਂ ਜਣੇ ਇਕ ਪਾਰਕਿੰਗ ਵਿਚ ਗਏ ਅਤੇ ਉਥੇ ਔਰਤਾਂ ਨੂੰ ਗੱਲਾਂ ਵਿਚ ਲਾ ਲਿਆ। ਮੌਕਾ ਕੇ ਵੇਖ ਦੋਹਾਂ ਨੇ ਇਕ ਔਰਤ ਦੀ ਚੇਨੀ ਖੋਹੀ ਅਤੇ ਫ਼ਰਾਰ ਹੋ ਗਏ। ਪੁਲਿਸ ਅਫ਼ਸਰਾਂ ਨੇ ਤੁਰਤ ਕਾਰਵਾਈ ਕਰਦਿਆਂ ਦੋਹਾਂ ਨੂੰ ਕਾਬੂ ਕਰ ਲਿਆ ਅਤੇ ਚੋਰੀ ਕੀਤੀ ਚੈਨੀ ਬਰਾਮਦ ਕਰ ਲਈ। 29 ਸਾਲ ਦੇ ਦੋਹਾਂ ਸ਼ੱਕੀਆਂ ਵਿਰੁੱਧ ਪੰਜ ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ ਕਰਨ ਅਤੇ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ੱਕੀਆਂ ਦੀ ਅਦਾਲਤ ਵਿਚ ਪੇਸ਼ੀ 26 ਜੂਨ ਨੂੰ ਹੋਵੇਗੀ। ਪੁਲਿਸ ਦਾ ਮੰਨਣਾ ਹੈ ਕਿ ਚੇਨੀ ਖੋਹਣ ਦੀਆਂ ਵਾਰਦਾਤਾਂ ਦੇ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਸ਼ਹਿਰ ਵਾਸੀਆਂ ਨੂੰ ਅਣਜਾਣ ਤੋਂ ਸੁਚੇਤ ਰਹਿਣ ਲਈ ਆਖਿਆ ਗਿਆ ਹੈ। ਟੋਰਾਂਟੋ ਪੁਲਿਸ ਨੇ ਕਿਹਾ ਕਿ ਧਿਆਨ ਵੰਡਾਉਂਦਿਆਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਅਕਸਰ ਇਕ ਤੋਂ ਜ਼ਿਆਦਾ ਹੁੰਦੇ ਹਨ ਜਿਨ੍ਹਾਂ ਵਿਚੋਂ ਇਕ ਜਣਾ ਰਾਹ ਪੁੱਛਣ ਲਗਦਾ ਹੈ ਜਦਕਿ ਦੂਜਾ ਕਾਰਵਾਈ ਕਰ ਕੇ ਫਰਾਰ ਹੋ ਜਾਂਦਾ ਹੈ।


