ਕੈਨੇਡਾ ਪੁਲਿਸ ਨੇ ਘੇਰੇ ਅੰਨ੍ਹੇਵਾਹ ਟਰੱਕ ਚਲਾਉਣ ਵਾਲੇ
ਅੰਨ੍ਹੇਵਾਹ ਡਰਾਈਵਿੰਗ ਕਰਨ ਵਾਲੇ ਟਰੱਕ ਡਰਾਈਵਰਾਂ ਦੀ ਸ਼ਾਮਤ ਆ ਗਈ ਜਦੋਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਵੱਖ ਵੱਖ ਥਾਵਾਂ ’ਤੇ ਨਾਕੇ ਲਾਉਂਦਿਆਂ ਕਾਰਵਾਈ ਆਰੰਭ ਦਿਤੀ।

By : Upjit Singh
ਟੋਰਾਂਟੋ : ਅੰਨ੍ਹੇਵਾਹ ਡਰਾਈਵਿੰਗ ਕਰਨ ਵਾਲੇ ਟਰੱਕ ਡਰਾਈਵਰਾਂ ਦੀ ਸ਼ਾਮਤ ਆ ਗਈ ਜਦੋਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਵੱਖ ਵੱਖ ਥਾਵਾਂ ’ਤੇ ਨਾਕੇ ਲਾਉਂਦਿਆਂ ਕਾਰਵਾਈ ਆਰੰਭ ਦਿਤੀ। ਹਾਈਵੇਅ 11 ’ਤੇ ਵਿੱਢੀ ਮੁਹਿੰਮ ਵਿਚ ਔਰੀਲੀਆ ਅਤੇ ਹਰਨਾ ਵੈਸਟ ਓ.ਪੀ.ਪੀ. ਡਿਟੈਚਮੈਂਟਸ ਵੱਲੋਂ ਸੈਂਟਰਲ ਰੀਜਨ ਦੀ ਟ੍ਰੈਫ਼ਿਕ ਇੰਸੀਡੈਂਟ ਮੈਨੇਜਮੈਂਟ ਐਨਫੋਰਸਮੈਂਟ ਟੀਮ ਨਾਲ ਤਾਲਮੇਲ ਅਧੀਨ 115 ਪ੍ਰੋਵਿਨਸ਼ੀਅਲ ਔਫੈਂਸ ਨੋਟਿਸ ਜਾਰੀ ਕੀਤੇ ਗਏ। ਲਾਪ੍ਰਵਾਹੀ ਨਾਲ ਡਰਾਈਵਿੰਗ ਤੋਂ ਇਲਾਵਾ ਸ਼ਰਾਬ ਪੀ ਕੇ ਟਰੱਕ ਚਲਾਉਣ ਵਾਲਿਆਂ ਦੀ ਨਕੇਲ ਕਸਣ ਦੇ ਬੰਦੋਬਸਤ ਕੀਤੇ ਗਏ।
ਉਨਟਾਰੀਓ ਵਿਚ ਕਈ ਥਾਵਾਂ ’ਤੇ ਲਾਏ ਨਾਕੇ
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਮੁਹਿੰਮ ਦੌਰਾਨ 80 ਤੋਂ ਵੱਧ ਡਰਾਈਵਰਾਂ ਦੇ ਐਲਕੌਹਲ ਟੈਸਟ ਕੀਤੇ ਗਏ। ਇਕ ਬਿਆਨ ਜਾਰੀ ਕਰਦਿਆਂ ਓ.ਪੀ.ਪੀ. ਨੇ ਕਿਹਾ ਕਿ ਸ਼ਰਾਬ ਪੀ ਕੇ ਡਰਾਈਵਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਸ ਮੁਹਿੰਮ ਦਾ ਮਕਸਦ ਹਾਈਵੇਜ਼ ’ਤੇ ਹੋਣ ਵਾਲੇ ਹਾਦਸਿਆਂ ਨੂੰ ਘਟਾਉਣਾ ਅਤੇ ਕੀਮਤੀ ਜਾਨਾਂ ਬਚਾਉਣਾ ਹੈ। ਸੜਕ ’ਤੇ ਹੋਣ ਵਾਲਾ ਕੋਈ ਵੀ ਹਾਦਸਾ ਸਿਰਫ ਇਕ ਪਰਵਾਰ ਨੂੰ ਪ੍ਰਭਾਵਤ ਨਹੀਂ ਕਰਦਾ ਸਗੋਂ ਕਈ ਪਰਵਾਰ ਪ੍ਰਭਾਵਤ ਹੁੰਦੇ ਹਨ।


