Canadian police ਵੱਲੋਂ 3 ਭਾਰਤੀ ਸ਼ਰਾਬ ਚੋਰ ਕਾਬੂ ਕਰਨ ਦਾ ਦਾਅਵਾ
ਕੈਨੇਡਾ ਦੇ ਸਟੋਰ ਤੋਂ ਹਜ਼ਾਰਾਂ ਡਾਲਰ ਦੀ ਸ਼ਰਾਬ ਲੁੱਟਣ ਦੇ ਮਾਮਲੇ ਵਿਚ ਤਿੰਨ ਭਾਰਤੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਸ਼ਨਾਖ਼ਤ 26 ਸਾਲ ਦੇ ਅੰਕਿਤ, 29 ਸਾਲ ਦੇ ਇਕਲਵਦੀਪ ਸਿੰਘ ਅਤੇ 27 ਸਾਲ ਦੇ ਸਿਮਰਨਜੀਤ ਸਿੰਘ ਵਜੋਂ ਕੀਤੀ ਗਈ ਹੈ

By : Upjit Singh
ਕੈਲੇਡਨ : ਕੈਨੇਡਾ ਦੇ ਸਟੋਰ ਤੋਂ ਹਜ਼ਾਰਾਂ ਡਾਲਰ ਦੀ ਸ਼ਰਾਬ ਲੁੱਟਣ ਦੇ ਮਾਮਲੇ ਵਿਚ ਤਿੰਨ ਭਾਰਤੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਸ਼ਨਾਖ਼ਤ 26 ਸਾਲ ਦੇ ਅੰਕਿਤ, 29 ਸਾਲ ਦੇ ਇਕਲਵਦੀਪ ਸਿੰਘ ਅਤੇ 27 ਸਾਲ ਦੇ ਸਿਮਰਨਜੀਤ ਸਿੰਘ ਵਜੋਂ ਕੀਤੀ ਗਈ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਔਰੇਂਜਵਿਲ ਦੇ ਸੈਂਟੇਨੀਅਲ ਰੋਡ ਨੇੜੇ ਰਿਡਲ ਰੋਡ ’ਤੇ ਇਕ ਲੁੱਟ ਦੀ ਵਾਰਦਾਤ ਬਾਰੇ ਇਤਲਾਹ ਮਿਲੀ। ਪੁਲਿਸ ਮੁਤਾਬਕ ਤਿੰਨ ਸ਼ੱਕੀ ਸਟੋਰ ਵਿਚ ਦਾਖਲ ਹੋਏ ਅਤੇ ਬਗੈਰ ਅਦਾਇਗੀ ਕੀਤਿਆਂ ਹਜ਼ਾਰਾਂ ਡਾਲਰ ਦੀ ਸ਼ਰਾਬ ਲੈ ਕੇ ਫਰਾਰ ਹੋ ਗਏ। ਵਾਰਦਾਤ ਸ਼ਾਮ ਸਵਾ ਚਾਰ ਵਜੇ ਵਾਪਰੀ ਅਤੇ ਪੰਜ ਵੱਜਣ ਤੋਂ ਕੁਝ ਮਿੰਟ ਪਹਿਲਾਂ ਸ਼ੱਕੀਆਂ ਦੀ ਗੱਡੀ ਬਾਰੇ ਪਤਾ ਲੱਗ ਗਿਆ ਜਿਸ ਨੇ ਕੈਲੇਡਨ ਵਿਖੇ ਹਾਰਟ ਲੇਕ ਰੋਡ ਨੇੜੇ ਇਕ ਗੱਡੀ ਨੂੰ ਟੱਕਰ ਮਾਰ ਦਿਤੀ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਤਿੰਨੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਅੰਕਿਤ, ਇਕਲਵਦੀਪ ਅਤੇ ਸਿਮਰਨਜੀਤ ਵਜੋਂ ਹੋਈ ਸ਼ਨਾਖ਼ਤ
ਤਿੰਨੋ ਜਣੇ ਬਰੈਂਪਟਨ ਦੇ ਵਸਨੀਕ ਦੱਸੇ ਜਾ ਰਹੇ ਹਨ ਅਤੇ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ ਸਣੇ ਕਈ ਦੋਸ਼ ਆਇਦ ਕੀਤੇ ਗਏ। ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਣ ਤੱਕ ਸ਼ੱਕੀਆਂ ਨੂੰ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਲੁੱਟ ਦੀ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤਾਂ 1888 310 1122 ’ਤੇ ਸੰਪਰਕ ਕੀਤਾ ਜਾਵੇ। ਪਛਾਣ ਗੁਪਤ ਰੱਖਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ ਅਤੇ ਵਡਮੁੱਲੀ ਜਾਣਕਾਰੀ ਦੇਣ ਵਾਲੇ ਨੂੰ 2 ਹਜ਼ਾਰ ਡਾਲਰ ਦਾ ਇਨਾਮ ਵੀ ਮਿਲ ਸਕਦਾ ਹੈ। ਦੱਸ ਦੇਈਏ ਕਿ ਕੈਨੇਡਾ ਵਿਚ ਸ਼ਰਾਬ ਦੇ ਠੇਕੇ ਲੁੱਟਣ ਦੀਆਂ ਵਾਰਦਾਤਾਂ ਆਮ ਗੱਲ ਹੈ ਅਤੇ ਹਾਲਟਨ ਰੀਜਨਲ ਪੁਲਿਸ ਨੇ ਕੁਝ ਹਫ਼ਤੇ ਪਹਿਲਾਂ 13 ਲੱਖ ਡਾਲਰ ਮੁੱਲ ਦੀ ਸ਼ਰਾਬ ਚੋਰੀ ਕਰਨ ਵਾਲੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ। ਗ੍ਰਿਫ਼ਤਾਰ ਕੀਤੇ ਤਿੰਨ ਜਣਿਆਂ ਵਿਚ 56 ਸਾਲ ਦੀ ਇਕ ਔਰਤ ਵੀ ਸ਼ਾਮਲ ਸੀ। ਇਸੇ ਤਰ੍ਹਾਂ ਪਰਥ ਕਾਊਂਟੀ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਤਿੰਨ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਸ਼ਰਾਬ ਦੀਆਂ ਬੋਤਲਾਂ ਲੁੱਟਣ ਦਾ ਜ਼ਿਕਰ ਕੀਤਾ ਗਿਆ।


