ਅਮਰੀਕਾ ਤੋਂ ਭੱਜੇ ਪ੍ਰਵਾਸੀ ਕੈਨੇਡਾ ਪੁਲਿਸ ਨੇ ਕੀਤੇ ਕਾਬੂ
ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਗੈਰਕਾਨੂੰਨੀ ਪ੍ਰਵਾਸੀ ਕੈਨੇਡੀਅਨ ਖੇਤਰ ਵਿਚ ਦਾਖਲ ਹੋਣ ਦੇ ਯਤਨ ਕਰ ਰਹੇ ਹਨ ਪਰ ਅੰਤਾਂ ਦੀ ਠੰਢ ਉਨ੍ਹਾਂ ਦੀ ਜਾਨ ਦਾ ਖੌਅ ਬਣ ਰਹੀ ਹੈ।

ਮੌਂਟਰੀਅਲ : ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਗੈਰਕਾਨੂੰਨੀ ਪ੍ਰਵਾਸੀ ਕੈਨੇਡੀਅਨ ਖੇਤਰ ਵਿਚ ਦਾਖਲ ਹੋਣ ਦੇ ਯਤਨ ਕਰ ਰਹੇ ਹਨ ਪਰ ਅੰਤਾਂ ਦੀ ਠੰਢ ਉਨ੍ਹਾਂ ਦੀ ਜਾਨ ਦਾ ਖੌਅ ਬਣ ਰਹੀ ਹੈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਗੈਰਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਦੀਆਂ ਸਰਗਰਮੀਆਂ ਬਾਰੇ ਪਤਾ ਲੱਗਣ ’ਤੇ 20 ਅਫ਼ਸਰਾਂ ਦੀ ਟੀਮ ਕਾਰਵਾਈ ਵਿਚ ਜੁਟ ਗਈ ਅਤੇ ਅੱਠ ਘੰਟੇ ਦੀ ਕਰੜੀ ਮੁਸ਼ੱਕਤ ਮਗਰੋਂ 2 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਪੰਜ ਜਣਿਆਂ ਨੂੰ ਹਾਈਪੋਥਰਮੀਆ ਦੀ ਸ਼ਿਕਾਇਤ ਕਾਰਨ ਹਸਪਤਾਲ ਲਿਜਾਣਾ ਪਿਆ। ਇਹ ਘਟਨਾ ਕਿਊਬੈਕ ਦੇ ਮੌਂਟੇਰੇਗੀ ਇਲਾਕੇ ਵਿਚ ਵਾਪਰੀ ਅਤੇ ਇਕ ਡਰਾਈਵਰ ਤੇ ਮਨੁੱਖੀ ਤਸਕਰ ਤੋਂ ਪੁੱਛ ਪੜਤਾਲ ਕੀਤੀ ਗਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਮਨੁੱਖੀ ਤਸਕਰ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਹੈ ਪਰ ਡਰਾਈਵਰ ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸਪੁਰਦ ਕਰ ਦਿਤਾ ਗਿਆ। ਅਮਰੀਕਾ ਦੇ ਬਾਰਡਰ ਪੈਟਰੌਲ ਏਜੰਟਾਂ ਵੱਲੋਂ ਕੁਝ ਲੋਕਾਂ ਦੇ ਬਾਰਡਰ ਪਾਰ ਕਰਨ ਦੀ ਇਤਲਾਹ ਮਿਲਣ ’ਤੇ ਆਰ.ਸੀ.ਐਮ.ਪੀ. ਦੇ ਬਲੈਕ ਹੌਕ ਹੈਲੀਕਾਪਟਰ ਰਾਹੀਂ ਗਸ਼ਤ ਆਰੰਭੀ ਗਈ ਅਤੇ ਜਲਦ ਹੀ ਸੁੰਨਸਾਨ ਇਲਾਕੇ ਵਿਚ ਕੁਝ ਜਣਿਆਂ ਦੀ ਮੌਜੂਦਗੀ ਬਾਰੇ ਪਤਾ ਲੱਗ ਗਿਆ। ਦੱਸ ਦੇਈਏ ਕਿ ਟਰੰਪ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਗੈਰਕਾਨੂੰਨੀ ਪ੍ਰਵਾਸੀਆਂ ਦਾ ਦਰਿਆ ਕੈਨੇਡਾ ਤੋਂ ਅਮਰੀਕਾ ਵੱਲ ਵਗ ਰਿਹਾ ਸੀ।
ਇੰਮੀਗ੍ਰੇਸ਼ਨ ਛਾਪਿਆਂ ਕਾਰਨ ਅਮਰੀਕਾ ਛੱਡ ਰਹੇ ਲੋਕ
ਪਿਛਲੇ ਸਾਲ ਦਸੰਬਰ ਵਿਚ ਭਾਰਤ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦੋਸ਼ ਲਾਇਆ ਕਿ ਕੈਨੇਡਾ ਦਾ ਸਟੱਡੀ ਵੀਜ਼ਾ ਲੈ ਕੇ ਵੱਡੀ ਗਿਣਤੀ ਵਿਚ ਭਾਰਤੀ ਨੌਜਵਾਨ ਅਮਰੀਕਾ ਦਾਖਲ ਹੋ ਰਹੇ ਹਨ। ਈ.ਡੀ. ਮੁਤਬਕ ਅਮਰੀਕਾ ਪਹੁੰਚਾਉਣ ਲਈ ਏਜੰਟਾਂ ਵੱਲੋਂ 55 ਲੱਖ ਤੋਂ 60 ਲੱਖ ਰੁਪਏ ਦਰਮਿਆਨ ਸੌਦੇਬਾਜ਼ੀ ਕੀਤੀ ਜਾਂਦੀ ਹੈ ਅਤੇ ਸਾਢੇ ਤਿੰਨ ਹਜ਼ਾਰ ਤੋਂ ਵੱਧ ਏਜੰਟ ਇਸ ਧੰਦੇ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ ਜਿਨ੍ਹਾਂ ਵਿਚੋਂ ਤਕਰੀਬਨ 800 ਸਰਗਰਮੀ ਨਾਲ ਕੰਮ ਕਰ ਰਹੇ ਹਨ। ਦੂਜੇ ਪਾਸੇ 262 ਕੈਨੇਡੀਅਨ ਕਾਲਜ ਵੀ ਪੜਤਾਲ ਦੇ ਘੇਰੇ ਵਿਚ ਹਨ ਜਿਨ੍ਹਾਂ ਵਿਚੋਂ ਕਈਆਂ ਦਾ ਕੈਂਪਸ ਅਮਰੀਕਾ ਦੇ ਨਾਲ ਲਗਦੇ ਇਲਾਕਿਆਂ ਵਿਚ ਹੈ। ਈ.ਡੀ. ਵੱਲੋਂ ਮੁੰਬਈ, ਨਾਗਪੁਰ, ਗਾਂਧੀਨਗਰ ਅਤੇ ਵਡੋਦਰਾ ਵਿਖੇ ਅੱਠ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਅਤੇ ਜਾਂਚ ਏਜੰਸੀ ਦਾ ਮੰਨਣਾ ਹੈ ਕਿ 25 ਹਜ਼ਾਰ ਵਿਦਿਆਰਥੀ ਨੂੰ ਇਕ ਧਿਰ ਵੱਲੋਂ ਰੈਫ਼ਰ ਕੀਤਾ ਗਿਆ ਹੈ ਜਿਸ ਦਾ ਕੈਨੇਡਾ ਦੇ 112 ਕਾਲਜਾਂ ਨਾਲ ਸਮਝੌਤਾ ਦੱਸਿਆ ਜਾ ਰਿਹਾ ਹੈ ਜਦਕਿ 10 ਹਜ਼ਾਰ ਵਿਦਿਆਰਥੀਆਂ ਨੂੰ ਦੂਜੀ ਧਿਰ ਨੇ ਰੈਫ਼ਰ ਕੀਤਾ ਜਿਸ ਦਾ 150 ਤੋਂ ਵੱਧ ਕੈਨੇਡੀਅਨ ਕਾਲਜਾਂ ਨਾਲ ਸਮਝੌਤਾ ਦੱਸਿਆ ਜਾ ਰਿਹਾ ਹੈ।