Begin typing your search above and press return to search.

Canadian passport 30 ਦਿਨ ਦੇ ਅੰਦਰ ਜਾਂ ਮੁਫ਼ਤ

ਕੈਨੇਡਾ ਵਿਚ ਅੱਜ ਤੋਂ 30 ਦਿਨ ਦੇ ਅੰਦਰ ਪਾਸਪੋਰਟ ਜਾਂ ਫ਼ਰੀ ਵਾਲੀ ਸਹੂਲਤ ਲਾਗੂ ਹੋ ਗਈ ਹੈ

Canadian passport 30 ਦਿਨ ਦੇ ਅੰਦਰ ਜਾਂ ਮੁਫ਼ਤ
X

Upjit SinghBy : Upjit Singh

  |  1 April 2026 6:11 PM IST

  • whatsapp
  • Telegram

ਔਟਵਾ : ਕੈਨੇਡਾ ਵਿਚ ਅੱਜ ਤੋਂ 30 ਦਿਨ ਦੇ ਅੰਦਰ ਪਾਸਪੋਰਟ ਜਾਂ ਫ਼ਰੀ ਵਾਲੀ ਸਹੂਲਤ ਲਾਗੂ ਹੋ ਗਈ ਹੈ। ਜੀ ਹਾਂ, ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਐਬ ਨੇ ਪਾਸਪੋਰਟ ਗਾਰੰਟੀ ਆਰੰਭ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਅਰਜ਼ੀ ਦਾਖਲ ਹੋਣ ਮਗਰੋਂ ਪਾਸਪੋਰਟ ਤਿਆਰ ਹੋਣ ਵਿਚ 30 ਕੰਮ ਵਾਲੇ ਦਿਨਾਂ ਤੋਂ ਵੱਧ ਸਮਾਂ ਲੱਗਿਆ ਤਾਂ ਫ਼ੀਸ ਵਾਪਸ ਕਰ ਦਿਤੀ ਜਾਵੇਗੀ। ਪਾਸਪੋਰਟ ਐਪਲੀਕੇਸ਼ਨ ਦੀ ਪ੍ਰੋਸੈਸਿੰਗ ਦਾ ਸਮਾਂ ਆਨਲਾਈਨ ਅਰਜ਼ੀ ਦਾਖਲ ਕਰਨ ਦੀ ਤਰੀਕ ਜਾਂ ਸਰਵਿਸ ਕੈਨੇਡਾ ਦੇ ਦਫ਼ਤਰ ਵਿਚ ਅਰਜ਼ੀ ਪੁੱਜਣ ਤੋਂ ਸ਼ੁਰੂ ਹੋਵੇਗਾ ਅਤੇ ਪਾਸਪੋਰਟ ਜਾਂ ਯਾਤਰਾ ਦਸਤਾਵੇਜ਼ ਦੀ ਪ੍ਰਿੰਟਿੰਗ ਮਗਰੋਂ ਤਸਦੀਕ ਹੋਣ ਤੱਕ ਖ਼ਤਮ ਹੋ ਜਾਵੇਗਾ। ਮੁਕੰਮਲ ਤੌਰ ’ਤੇ ਭਰੀ ਹੋਈ ਪਾਸਪੋਰਟ ਐਪਲੀਕੇਸ਼ਨ ਨਾਲ ਬਿਨੈਕਾਰ ਦੀ ਤਸਵੀਰ ਅਤੇ ਲੋੜੀਂਦੇ ਦਤਸਾਵੇਜ਼ ਹੋਣੇ ਲਾਜ਼ਮੀ ਹਨ ਜਦਕਿ ਫ਼ੀਸ ਦੀ ਅਦਾਇਗੀ ਵੀ ਕੀਤੀ ਗਈ ਹੋਵੇ। 30 ਦਿਨ ਵਾਲੀ ਸ਼ਰਤ ਪਾਸਪੋਰਟ ਦੀਆਂ ਆਨਲਾਈਨ ਅਰਜ਼ੀਆਂ, ਡਾਕ ਰਾਹੀਂ ਭੇਜੀਆਂ ਅਰਜ਼ੀਆਂ ਜਾਂ ਸਰਵਿਸ ਕੈਨੇਡਾ ਦੇ ਦਫ਼ਤਰ ਵਿਚ ਜਾ ਕੇ ਦਾਖਲ ਕੀਤੀਆਂ ਅਰਜ਼ੀਆਂ ’ਤੇ ਲਾਗੂ ਹੋਵੇਗੀ।

1 ਅਪ੍ਰੈਲ ਤੋਂ ਲਾਗੂ ਹੋਈ ਨਵੀਂ ਗਾਰੰਟੀ

ਡਾਕ ਰਾਹੀਂ ਭੇਜੀਆਂ ਅਰਜ਼ੀਆਂ ਦੇ ਮਾਮਲੇ ਵਿਚ ਰਾਹ ਵਿਚ ਲੱਗਣ ਵਾਲਾ ਸਮਾਂ ਨਹੀਂ ਗਿਣਿਆ ਜਾਵੇਗਾ। ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਮੁਲਕ ਦੇ ਲੋਕ ਸਰਕਾਰ ਤੋਂ ਭਰੋਸੇਮੰਦ ਸੇਵਾਵਾਂ ਦੀ ਉਮੀਦ ਕਰਦੇ ਹਨ ਜਿਸ ਦੇ ਮੱਦੇਨਜ਼ਰ 1 ਅਪ੍ਰੈਲ 2026 ਤੋਂ ਗਾਰੰਟੀ ਆਰੰਭੀ ਜਾ ਰਹੀ ਹੈ। ਭਾਵੇਂ ਜ਼ਿਆਦਾਤਰ ਪਾਸਪੋਰਟ ਤੈਅਸ਼ੁਦਾ ਸਮੇਂ ਦੇ ਅੰਦਰ ਹੀ ਤਿਆਰ ਹੋ ਜਾਂਦੇ ਹਨ ਪਰ ਨਵੀਂ ਰਿਫ਼ੰਡ ਪੌਲਿਸੀ ਪਾਸਪੋਰਟ ਡਿਲੀਵਰੀ ਸਿਸਟਮ ਨੂੰ ਬਿਹਤਰੀਨ ਬਣਾਈ ਰੱਖਣ ਦੀ ਵਚਨਬੱਧਤਾ ਦਰਸਾਉਂਦੀ ਹੈ। ਉਧਰ, ਰੁਜ਼ਗਾਰ ਅਤੇ ਪਰਵਾਰ ਭਲਾਈ ਮੰਤਰੀ ਪੈਟੀ ਹੈਦੂ ਨੇ ਕਿਹਾ ਕਿ ਜਦੋਂ ਕੈਨੇਡੀਅਨਜ਼ ਨੂੰ ਤੈਅਸ਼ੁਦਾ ਸਮਾਂ ਹੱਦ ਅੰਦਰ ਸੇਵਾਵਾਂ ਮਿਲਣਗੀਆਂ ਤਾਂ ਕੰਮ ਤੋਂ ਛੁੱਟੀ ਲੈਣ ਜਾਂ ਵਾਧੂ ਖ਼ਰਚਾ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਦੱਸ ਦੇਈਏ ਕਿ ਆਮ ਤੌਰ ’ਤੇ ਪਾਸਪੋਰਟ ਅਰਜ਼ੀਆਂ ਦੀ ਪ੍ਰੋਸੈਸਿੰਗ ਨਾਲ ਸਬੰਧਤ ਸਮਾਂ ਹੱਦ 10 ਤੋਂ 20 ਕੰਮ ਵਾਲੇ ਦਿਨ ਦਰਮਿਆਨ ਹੁੰਦੀ ਹੈ ਪਰ ਸਰਵਿਸ ਕੈਨੇਡਾ ਦੇ ਦਫ਼ਤਰ ਉਤੇ ਵੀ ਬਹੁਤ ਕੁਝ ਨਿਰਭਰ ਕਰਦਾ ਹੈ। ਕੈਨੇਡਾ ਸਰਕਾਰ ਵੱਲੋਂ 30 ਦਿਨ ਦੇ ਅੰਦਰ ਪਾਸਪੋਰਟ ਵਾਲੀ ਯੋਜਨਾ ਪਹਿਲੀ ਵਾਰ ਮਾਰਚ 2025 ਵਿਚ ਐਲਾਨੀ ਗਈ ਅਤੇ ਹੁਣ ਇਸ ਨੂੰ ਲਾਗੂ ਕਰਨਾ ਮੁਮਕਿਨ ਹੋ ਸਕਿਆ ਹੈ। ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਪਾਸਪੋਰਟ ਹਾਸਲ ਕਰਨ ਦੇ ਰਾਹ ਵਿਚ ਆਉਣ ਵਾਲੇ ਸਾਰੇ ਅੜਿੱਕੇ ਖਤਮ ਕੀਤੇ ਜਾ ਰਹੇ ਹਨ ਅਤੇ ਖਰਚਾ ਵੀ ਘਟਾਇਆ ਜਾ ਰਿਹਾ ਹੈ। ਮਹਾਂਮਾਰੀ ਦੌਰਾਨ ਪਾਸਪੋਰਟ ਅਰਜ਼ੀਆਂ ਦਾ ਬੈਕਲਾਗ ਵਧਣ ਕਰ ਕੇ ਲੋਕਾਂ ਨੂੰ ਯਾਤਰਾ ਦਸਤਾਵੇਜ਼ ਹਾਸਲ ਕਰਨ ਲਈ ਲੰਮੀ ਉਡੀਕ ਕਰਨੀ ਪਈ। ਵੱਡੇ ਪੱਧਰ ’ਤੇ ਕੀਤੀ ਯੋਜਨਾਬੰਦੀ ਦੇ ਬਾਵਜੂਦ ਪਾਸਪੋਰਟ ਦੀ ਮੰਗ ਵਿਚ ਹੋਏ ਵਾਧੇ ਨਾਲ ਨਜਿੱਠਣਾ ਔਖਾ ਹੋ ਗਿਆ।

ਇੰਮੀਗ੍ਰੇਸ਼ਨ ਮੰਤਰੀ ਵੱਲੋਂ ਰੀਫ਼ੰਡ ਪੌਲਿਸੀ ਦਾ ਐਲਾਨ

2021 ਤੋਂ 2022 ਦਰਮਿਆਨ ਲੋਕਾਂ ਵੱਲੋਂ ਪਾਸਪੋਰਟ ਅਰਜ਼ੀਆਂ ਨਾਲ ਸਬੰਧਤ ਫੋਨ ਕਾਲਜ਼ ਚਾਰ ਗੁਣਾ ਵਧ ਗਈਆਂ ਅਤੇ ਕਿਸੇ ਕੋਲ ਢੁਕਵਾਂ ਜਵਾਬ ਨਹੀਂ ਸੀ ਹੁੰਦਾ। 2021-22 ਦੇ ਵਰ੍ਹੇ ਦੌਰਾਨ ਸਰਵਿਸ ਕੈਨੇਡਾ ਵੱਲੋਂ 13 ਲੱਖ ਪਾਸਪੋਰਟ ਜਾਰੀ ਕੀਤੇ ਗਏ ਜਦਕਿ 2018-19 ਵਿਚ 30 ਲੱਖ ਪਾਸਪੋਰਟ ਜਾਰੀ ਕੀਤੇ ਗਏ ਸਨ। ਹਾਲਾਤ ਦੇ ਮੱਦੇਨਜ਼ਰ ਨਾਗਰਿਕ ਸੇਵਾਵਾਂ ਵਿਭਾਗ ਵੱਲੋਂ ਪ੍ਰੋਸੈਸਿੰਗ ਤੇਜ਼ ਕਰਨ ਖਾਤਰ ਵਸੀਲਿਆਂ ਵਿਚ ਵਾਧਾ ਕੀਤਾ ਗਿਆ ਅਤੇ ਲੋਕਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਣ ਲਈ ਆਟੋਮੈਟਿਕ ਪ੍ਰਣਾਲੀ ਲਿਆਂਦੀ। ਸਿਰਫ ਐਨਾ ਹੀ ਨਹੀਂ ਆਨਲਾਈਨ ਪਾਸਪੋਰਟ ਨਵਿਆਉਣ ਦੀ ਸਹੂਲਤ ਆਰੰਭੀ ਗਈ ਅਤੇ ਇਸ ਨੂੰ ਕੁਝ ਥਾਵਾਂ ਤੋਂ ਸ਼ੁਰੂ ਕਰਦਿਆਂ ਘੇਰਾ ਲਗਾਤਾਰ ਵਧਾਇਆ ਜਾ ਰਿਹਾ ਹੈ। ਪਾਸਪੋਰਟ ਤੋਂ ਅੱਗੇ ਵਧਦਿਆਂ ਸਰਵਿਸ ਕੈਨੇਡਾ ਵੱਲੋਂ ਇੰਪਲੌਇਮੈਂਟ ਇੰਸ਼ੋਰੈਂਸ, ਓਲਡ ਏਜ ਸਕਿਉਰਿਟੀ ਅਤੇ ਕੈਨੇਡਾ ਪੈਨਸ਼ਨ ਪਲੈਨ ਵਰਗੀਆਂ ਸੇਵਾਵਾਂ ਵੀ ਤੇਜ਼ ਕੀਤੀਆਂ ਜਾ ਰਹੀਆਂ ਹਨ।

Next Story
ਤਾਜ਼ਾ ਖਬਰਾਂ
Share it