Begin typing your search above and press return to search.

ਟੈਕਸੀ ਕਿਰਾਏ ਦੇ ਨਾਂ ’ਤੇ ਕੈਨੇਡੀਅਨ ਮੁਸਾਫ਼ਰਾਂ ਨਾਲ 5 ਲੱਖ ਡਾਲਰ ਦੀ ਠੱਗੀ

ਟੋਰਾਂਟੋ ਵਿਖੇ ਟੈਕਸੀ ਕਿਰਾਏ ਦੇ ਨਾਂ ’ਤੇ ਸੈਂਕੜੇ ਲੋਕਾਂ ਤੋਂ 5 ਲੱਖ ਡਾਲਰ ਦੀ ਰਕਮ ਠੱਗਣ ਦੇ ਮਾਮਲੇ ਵਿਚ ਪੰਜ ਭਾਰਤੀਆਂ ਸਣੇ 11 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਟੈਕਸੀ ਕਿਰਾਏ ਦੇ ਨਾਂ ’ਤੇ ਕੈਨੇਡੀਅਨ ਮੁਸਾਫ਼ਰਾਂ ਨਾਲ 5 ਲੱਖ ਡਾਲਰ ਦੀ ਠੱਗੀ
X

Upjit SinghBy : Upjit Singh

  |  20 Jun 2025 4:45 PM IST

  • whatsapp
  • Telegram

ਟੋਰਾਂਟੋ : ਟੋਰਾਂਟੋ ਵਿਖੇ ਟੈਕਸੀ ਕਿਰਾਏ ਦੇ ਨਾਂ ’ਤੇ ਸੈਂਕੜੇ ਲੋਕਾਂ ਤੋਂ 5 ਲੱਖ ਡਾਲਰ ਦੀ ਰਕਮ ਠੱਗਣ ਦੇ ਮਾਮਲੇ ਵਿਚ ਪੰਜ ਭਾਰਤੀਆਂ ਸਣੇ 11 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਦੇ ਡਿਟੈਕਟਿਵ ਡੇਵਿਡ ਕੌਫ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰੌਜੈਕਟ ਫੇਅਰ ਅਧੀਨ 10 ਮਹੀਨੇ ਤੱਕ ਕੀਤੀ ਗਈ ਪੜਤਾਲ ਦੇ ਆਧਾਰ ’ਤੇ ਇਹ ਗ੍ਰਿਫ਼ਤਾਰੀਆਂ ਸੰਭਵ ਹੋ ਸਕੀਆਂ। ਪੁਲਿਸ ਮੁਤਾਬਕ ਟੈਕਸੀ ਡਰਾਈਵਰ ਬਣੇ ਸ਼ੱਕੀਆਂ ਵੱਲੋਂ ਮੁਸਾਫ਼ਰਾਂ ਨੂੰ ਕਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਕਿਰਾਇਆ ਅਦਾ ਕਰਨ ਵਾਸਤੇ ਆਖਿਆ ਜਾਂਦਾ। ਕਿਰਾਏ ਦੀ ਅਦਾਇਗੀ ਦੌਰਾਨ ਸ਼ੱਕੀਆਂ ਵੱਲੋਂ ਮੁਸਾਫ਼ਰਾਂ ਦਾ ਪਿਨ ਕੋਡ ਕਾਪੀ ਕਰ ਲਿਆ ਜਾਂਦਾ ਅਤੇ ਅਸਲ ਕਾਰਡ ਆਪਣੇ ਕੋਲ ਰੱਖ ਕੇ ਉਸ ਨਾਲ ਮਿਲਦੇ ਜੁਲਦੇ ਕਾਰਡ ਮੋੜ ਦਿਤੇ ਜਾਂਦੇ।

ਟੋਰਾਂਟੋ ਪੁਲਿਸ ਵੱਲੋਂ 5 ਭਾਰਤੀਆਂ ਸਣੇ 11 ਜਣੇ ਗ੍ਰਿਫ਼ਤਾਰ

ਇਹ ਕਾਰਡ ਤੁਰਤ ਠੱਗਾਂ ਦੇ ਸਾਥੀਆਂ ਕੋਲ ਪੁੱਜਦੇ ਅਤੇ ਇਨ੍ਹਾਂ ਰਾਹੀਂ ਏ.ਟੀ.ਐਮਜ਼ ਵਿਚੋਂ ਰਕਮ ਕਢਵਾਉਣ ਤੋਂ ਇਲਾਵਾ ਮਹਿੰਗੀਆਂ ਚੀਜ਼ਾਂ ਖਰੀਦਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ। ਸ਼ੱਕੀਆਂ ਦੀ ਸ਼ਨਾਖਤ ਏਕਜੋਤ ਨਾਹਲ, ਹਰਜੋਬਨ ਨਾਹਲ, ਹਰਪ੍ਰੀਤ ਸਿੰਘ, ਗੁਰਨੂਰ ਸਿੰਘ ਰੰਧਾਵਾ, ਗੌਰਵ ਤਾਕ ਅਤੇ ਰਿਆਜ਼ੂਦੀਨ ਸ਼ੇਖ ਸਣੇ ਹੋਰਨਾਂ ਵਜੋਂ ਕੀਤੀ ਗਈ ਹੈ ਜਿਨ੍ਹਾਂ ਵਿਰੁੱਧ ਸਾਂਝੇ ਤੌਰ ’ਤੇ 108 ਦੋਸ਼ ਆਇਦ ਕੀਤੇ ਗਏ। ਡੇਵਿਡ ਕੌਫੀ ਨੇ ਅੱਗੇ ਦੱਸਿਆ ਕਿ ਠੱਗੀ ਦਾ ਇਹ ਤਰੀਕਾ ਸ਼ਹਿਰ ਵਿਚ ਨਵਾਂ ਨਹੀਂ। ਵੱਡੀ ਗਿਣਤੀ ਵਿਚ ਸ਼ਿਕਾਇਤਾਂ ਸਾਹਮਣੇ ਆਉਣ ਮਗਰੋਂ ਜੁਲਾਈ 2024 ਵਿਚ ਪ੍ਰੌਜੈਕਟ ਫੇਅਰ ਅਧੀਨ ਪੜਤਾਲ ਆਰੰਭੀ ਗਈ ਅਤੇ 300 ਤੋਂ ਵੱਧ ਪੀੜਤ ਹੋਣ ਬਾਰੇ ਪਤਾ ਲੱਗਾ। ਪੁਲਿਸ ਦਾ ਮੰਨਣਾ ਹੈ ਕਿ ਠੱਗੀ ਦਾ ਸ਼ਿਕਾਰ ਬਣੇ ਪੀੜਤਾਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਮਾਰੇ ਛਾਪਿਆਂ ਦੌਰਾਨ ਕਰੈਡਿਟ ਐਂਡ ਡੈਬਿਟ ਟਰਮੀਨਲਜ਼, ਮਹਿੰਗੇ ਕੱਪੜੇ, ਗਹਿਣੇ, ਕੰਪਿਊਟਰ, ਮੋਬਾਈਲ ਫੋਨ ਅਤੇ ਕਈ ਕਿਸਮ ਦੇ ਕਰੈਡਿਟ ਤੇ ਡੈਬਿਟ ਕਾਰਡ ਜ਼ਬਤ ਕੀਤੇ ਗਏ। ਦੋ ਸ਼ੱਕੀਆਂ ਨੂੰ ਪੁਲਿਸ ਹੁਣ ਤੱਕ ਗ੍ਰਿਫ਼ਤਾਰ ਨਹੀਂ ਕਰ ਸਕੀ। ਡੇਵਿਡ ਕੌਫ਼ੀ ਨੇ ਦਾਅਵਾ ਕੀਤਾ ਕਿ ਲੱਖਾਂ ਡਾਲਰ ਦੀ ਠੱਗੀ ਦਾ ਇਹ ਮਾਮਲਾ ਕਾਨੂੰਨ ਦੇ ਦਾਇਰੇ ਵਿਚ ਰਹਿ ਰਹੇ ਟੈਕਸੀ ਚਲਾਉਣ ਵਾਲਿਆਂ ਨੂੰ ਪ੍ਰਭਾਵਤ ਨਹੀਂ ਕਰਦਾ।

ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਕਿਰਾਏ ਦੀ ਅਦਾਇਗੀ ’ਤੇ ਦਿੰਦੇ ਸਨ ਜ਼ੋਰ

ਲਾਇਸੰਸਸ਼ੁਦਾ ਟੈਕਸੀ ਅਪ੍ਰੇਟਰ ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਨ ਪਰ ਠੱਗਾ ਦੇ ਟੋਲੇ ਨੇ ਆਪਣੀਆਂ ਜੇਬਾਂ ਭਰਨ ਦੇ ਮਕਸਦ ਨਾਲ ਮੁਸਾਫ਼ਰਾਂ ਨੂੰ ਲੁੱਟਣਾ ਸ਼ੁਰੂ ਕਰ ਦਿਤਾ। ਸ਼ੱਕੀਆਂ ਵੱਲੋਂ ਜ਼ਿਆਦਾਤਰ ਉਨ੍ਹਾਂ ਇਲਾਕਿਆਂ ਵਿਚ ਵਾਰਦਾਤ ਕੀਤੀ ਜਾਂਦੀ ਜਿਥੇ ਸੈਲਾਨੀਆਂ ਦੀ ਆਵਾਜਾਈ ਵੱਧ ਹੁੰਦੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਸ਼ਹਿਰ ਵਿਚ ਟੈਕਸੀ ਸਫ਼ਰ ਦੌਰਾਨ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਸਲ ਟੈਕਸੀ ਡਰਾਈਵਰ ਕਦੇ ਵੀ ਨਕਦ ਕਿਰਾਏ ਨੂੰ ਨਾਂਹ ਨਹੀਂ ਕਰਦੇ ਅਤੇ ਤੁਹਾਡਾ ਕਰੈਡਿਟ ਜਾਂ ਡੈਬਿਟ ਕਾਰਡ ਤੁਹਾਡੀਆਂ ਅੱਖਾਂ ਤੋਂ ਓਹਲੇ ਲੈ ਕੇ ਨਹੀਂ ਜਾਂਦੇ। ਜੇ ਕੋਈ ਟੈਕਸੀ ਡਰਾਈਵਰ ਅਜਿਹਾ ਕਰਦਾ ਹੈ ਤਾਂ ਉਸ ਨੂੰ ਅਦਾਇਗੀ ਕਰਨ ਦੀ ਬਜਾਏ ਪੁਲਿਸ ਕੋਲ ਸ਼ਿਕਾਇਤ ਕੀਤੀ ਜਾਵੇ।

Next Story
ਤਾਜ਼ਾ ਖਬਰਾਂ
Share it