ਕੈਨੇਡਾ ਦਾ ਕਾਤਲ ਪੰਜਾਬੀ ਅਮਰੀਕਾ ਦਾਖਲ ਹੁੰਦਾ ਕਾਬੂ
ਕੈਨੇਡਾ ਵਿਚ ਕਤਲ ਦੇ ਦੋਸ਼ੀ ਸੁਖਵੀਰ ਬਦੇਸ਼ਾ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੁੰਦਿਆਂ ਬਾਰਡਰ ਏਜੰਟਾਂ ਨੇ ਗ੍ਰਿਫ਼ਤਾਰ ਕਰ ਲਿਆ

By : Upjit Singh
ਬਲੇਨ : ਕੈਨੇਡਾ ਵਿਚ ਕਤਲ ਦੇ ਦੋਸ਼ੀ ਸੁਖਵੀਰ ਬਦੇਸ਼ਾ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੁੰਦਿਆਂ ਬਾਰਡਰ ਏਜੰਟਾਂ ਨੇ ਗ੍ਰਿਫ਼ਤਾਰ ਕਰ ਲਿਆ। ਬ੍ਰਿਟਿਸ਼ ਕੋਲੰਬੀਆ ਦੇ ਨਾਲ ਲਗਦੇ ਵਾਸ਼ਿੰਗਟਨ ਸੂਬੇ ਦੇ ਬਲੇਨ ਸ਼ਹਿਰ ਨੇੜੇ ਸੁਖਵੀਰ ਬਦੇਸ਼ਾ ਨੂੰ ਕਾਬੂ ਕੀਤਾ ਗਿਆ ਅਤੇ ਜਲਦ ਹੀ ਕੈਨੇਡਾ ਡਿਪੋਰਟ ਕਰ ਦਿਤਾ ਜਾਵੇਗਾ। ਬਲੇਨ ਸੈਕਟਰ ਵਿਚ ਚੀਫ਼ ਪੈਟਰੋÇਲੰਗ ਏਜੰਟ ਰੋਜ਼ਾਰੀਓ ਪੀਟ ਵੈਸਕੁਐਜ਼ ਨੇ ਕਿਹਾ ਕਿ ਖ਼ਤਰਨਾਕ ਕਿਸਮ ਦੇ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ ਅਤੇ ਗੈਰਕਾਨੂੰਨੀ ਪ੍ਰਵਾਸ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਸੁਖਵੀਰ ਬਦੇਸ਼ਾ ਨੇ 2016 ਵਿਚ ਕੀਤਾ ਸੀ ਮਾਂ ਦਾ ਕਤਲ!
ਇਥੇ ਦਸਣਾ ਬਣਦਾ ਹੈ ਕਿ 2016 ਵਿਚ ਸੁਖਵੀਰ ਬਦੇਸ਼ਾ ਨੂੰ ਆਪਣੀ ਮਾਂ ਦਰਸ਼ਨ ਕੌਰ ਬਦੇਸ਼ਾ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਰੀ ਦੀ 128 ਏ ਸਟ੍ਰੀਟ ਦੇ 10100 ਬਲਾਕ ਵਿਚ ਵਾਪਰੀ ਵਾਰਦਾਤ ਦੌਰਾਨ 35 ਸਾਲ ਦੀ ਇਕ ਔਰਤ ਗੰਭੀਰ ਜ਼ਖਮੀ ਹਾਲਤ ਵਿਚ ਮਿਲੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਸ ਵੇਲੇ 39 ਸਾਲ ਦੇ ਸੁਖਵੀਰ ਬਦੇਸ਼ਾ ਵਿਰੁੱਧ ਦੂਜੇ ਦਰਜੇ ਦੀ ਹੱਤਿਆ, ਹਮਲਾ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ਆਇਦ ਕੀਤੇ ਗਏ। ਵਾਰਦਾਤ ਸਾਹਮਣੇ ਆਉਣ ਮਗਰੋਂ ਆਂਢ-ਗੁਆਂਢ ਦੇ ਲੋਕ ਬੇਹੱਦ ਹੈਰਾਨ ਸਨ ਕਿਉਂਕਿ ਇਸ ਤੋਂ ਪਹਿਲਾਂ ਕਦੇ ਵੀ ਘਰ ਵਿਚ ਲੜਾਈ-ਝਗੜਾ ਸਾਹਮਣੇ ਨਹੀਂ ਸੀ ਆਇਆ। ਬਿਲਕੁਲ ਨਾਲ ਲਗਦੇ ਘਰ ਵਿਚ ਰਹਿੰਦੇ ਪਰਮਵੀਰ ਗਿੱਲ ਮੁਤਾਬਕ ਉਸ ਦੇ ਗੁਆਂਢੀ ਨੂੰ ਗ੍ਰਿਫ਼ਤਾਰ ਕਰਨ ਆਏ ਪੁਲਿਸ ਮੁਲਾਜ਼ਮਾਂ ਨੂੰ ਕਰੜੀ ਮੁਸ਼ੱਕਤ ਕਰਨੀ ਪਈ।
ਬਾਰਡਰ ਏਜੰਟਾਂ ਨੇ ਵਾਸ਼ਿੰਗਟਨ ਦੇ ਬਲੇਨ ਸ਼ਹਿਰ ਨੇੜੇ ਕੀਤਾ ਗ੍ਰਿਫ਼ਤਾਰ
ਦੂਜੇ ਪਾਸੇ ਡੌਨਲਡ ਟਰੰਪ ਦੀ ਸਖ਼ਤੀ ਦੇ ਬਾਵਜੂਦ ਨਾਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਗਿਣਤੀ ਘਟਦੀ ਨਜ਼ਰ ਨਹੀਂ ਆ ਰਹੀ। ਅਮਰੀਕਾ ਦੇ ਮੇਨ ਸੂਬੇ ਦੀ ਸਰਹੱਦ ’ਤੇ ਬਾਰਡਰ ਏਜੰਟਾਂ ਵੱਲੋਂ 15 ਭਾਰਤੀ ਨਾਗਰਿਕਾਂ ਸਣੇ 113 ਪ੍ਰਵਾਸੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਵਿਚੋਂ 2 ਜਣਿਆਂ ਵਿਰੁੱਧ ਬਣਦੀ ਕਾਰਵਾਈ ਕਰਦਿਆਂ ਡਿਪੋਰਟ ਕਰ ਦਿਤਾ ਗਿਆ। ਯੂ.ਐਸ. ਬਾਰਡਰ ਪੈਟਰੋਲ ਵੱਲੋਂ ਚਿਤਾਵਨੀ ਦਿਤੀ ਗਈ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨੀ ਗੰਭੀਰ ਅਪਰਾਧ ਹੈ ਅਤੇ ਅਜਿਹਾ ਕਰਨ ਵਾਲਿਆਂ ਨੂੰ ਲੰਮਾ ਸਮਾਂ ਜੇਲ ਦੀ ਹਵਾ ਖਾਣੀ ਪੈ ਸਕਦੀ ਹੈ।


