ਪੰਜਾਬ ਚੋਂ ਜਵਾਕ ਕੱਢ ਕੇ ਲੈ ਗਈ ਕੈਨੇਡੀਅਨ ਮਾਂ
4 ਸਾਲ ਦੇ ਪੁੱਤ ਤੋਂ ਵਿੱਛੜੀ ਕੈਨੇਡੀਅਨ ਮਾਂ ਆਖਰਕਾਰ ਜੇਤੂ ਰਹੀ ਅਤੇ ਭਾਰਤ ਤੋਂ ਆਪਣਾ ਬੱਚਾ ਕੈਨੇਡਾ ਲਿਆਉਣ ਵਿਚ ਸਫ਼ਲ ਹੋ ਗਈ।

ਟੋਰਾਂਟੋ : 4 ਸਾਲ ਦੇ ਪੁੱਤ ਤੋਂ ਵਿੱਛੜੀ ਕੈਨੇਡੀਅਨ ਮਾਂ ਆਖਰਕਾਰ ਜੇਤੂ ਰਹੀ ਅਤੇ ਭਾਰਤ ਤੋਂ ਆਪਣਾ ਬੱਚਾ ਕੈਨੇਡਾ ਲਿਆਉਣ ਵਿਚ ਸਫ਼ਲ ਹੋ ਗਈ। ਟੋਰਾਂਟੋ ਦੇ ਨੌਰਥ ਯਾਰਕ ਦੀ ਵਸਨੀਕ ਕੈਮੀਲਾ ਵਿਲਾਸ ਬੋਅਸ ਦਾ ਕਪਿਲ ਸੁਨਕ ਨਾਲ ਤਲਾਕ ਹੋ ਚੁੱਕਾ ਹੈ ਅਤੇ ਦੋਹਾਂ ਦਾ ਇਕ ਬੇਟਾ ਵੈਲਨਟੀਨੋ ਹੈ। ਪਿਛਲੇ ਸਾਲ ਜੁਲਾਈ ਵਿਚ ਅਦਾਲਤ ਨੇ ਕਪਿਲ ਸੁਨਕ ਨੂੰ ਆਪਣੇ ਬੇਟੇ ਸਣੇ ਭਾਰਤ ਦਾ ਗੇੜਾ ਲਾਉਣ ਦੀ ਇਜਾਜ਼ਤ ਦੇ ਦਿਤੀ। ਕਪਿਲ ਸੁਨਕ ਨੇ 8 ਅਗਸਤ ਤੱਕ ਵਾਪਸੀ ਕਰਨੀ ਸੀ ਪਰ ਉਹ ਨਾ ਪਰਤਿਆ। ਟੋਰਾਂਟੋ ਪੁਲਿਸ ਨੇ ਕਪਿਲ ਵਿਰੁੱਧ ਪੇਰੈਂਟਲ ਐਬਡਕਸ਼ਨ ਦੇ ਦੋਸ਼ ਲਾਉਂਦਿਆਂ ਗ੍ਰਿਫ਼ਤਾਰੀ ਵਾਰੰਟੀ ਜਾਰੀ ਕਰ ਦਿਤੇ ਪਰ ਇਸ ਕਾਰਵਾਈ ਤੋਂ ਕੈਮੀਲਾ ਨੂੰ ਤਸੱਲੀ ਨਾ ਹੋਈ। ਕੈਮੀਲਾ ਨੇ ਭਾਰਤ ਜਾਣ ਦਾ ਫੈਸਲਾ ਕੀਤਾ ਅਤੇ ਇਸ ਸਾਲ 31 ਜਨਵਰੀ ਨੂੰ ਚੰਡੀਗੜ੍ਹ ਪੁੱਜ ਗਈ।
ਟੋਰਾਂਟੋ ਦੇ ਪਿਤਾ ’ਤੇ ਲੱਗੇ ਸਨ ਬੱਚਾ ਅਗਵਾ ਕਰਨ ਦੇ ਦੋਸ਼
ਕੈਮੀਲਾ ਨੇ 18 ਜੁਲਾਈ 2024 ਤੋਂ ਬਾਅਦ ਆਪਣੇ ਪੁੱਤ ਦੀ ਸ਼ਕਲ ਨਹੀਂ ਸੀ ਦੇਖੀ ਤੇ ਉਸ ਦੇ ਮਨ ਵਿਚ ਬੁਰੇ-ਬੁਰੇ ਖਿਆਲ ਵੀ ਆਉਂਦੇ ਰਹਿੰਦੇ। ਚੰਡੀਗੜ੍ਹ ਪੁੱਜਣ ਮਗਰੋਂ ਕੈਮੀਲਾ ਨੇ ਵਕੀਲਾਂ ਦੀਆਂ ਸੇਵਾਵਾਂ ਲਈਆਂ ਅਤੇ ਕਪਿਲ ਸੁਨਕ ਨੂੰ ਅਦਾਲਤ ਵਿਚ ਘੜੀਸ ਲਿਆਂਦਾ। ਲੰਮੇ ਅਰਸੇ ਬਾਅਦ ਕੈਮੀਲਾ ਨੇ 6 ਫ਼ਰਵਰੀ ਨੂੰ ਆਪਣੇ ਪੁੱਤ ਦਾ ਚਿਹਰਾ ਦੇਖਿਆ। ਦੂਜੇ ਪਾਸੇ ਅਦਾਲਤਾਂ ਵਿਚ ਕਪਿਲ ਸੁਨਕ ਨੂੰ ਲਗਾਤਾਰ ਮਾਤ ਮਿਲ ਰਹੀ ਸੀ। 22 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਪਿਲ ਸੁਨਕ ਨੂੰ ਹੁਕਮ ਦਿਤੇ ਕਿ ਉਹ ਬੱਚਾ ਉਸ ਦੀ ਮਾਂ ਨੂੰ ਸੌਂਪ ਦੇਵੇ ਅਤੇ ਵੈਲਨਟੀਨੋ ਦੇ ਕੈਨੇਡਾ ਜਾਣ ਦਾ ਪ੍ਰਬੰਧ ਕੀਤਾ ਜਾਵੇ। ਅਦਾਲਤੀ ਹੁਕਮਾਂ ਮਗਰੋਂ ਕਪਿਲ ਤੈਸ਼ ਵਿਚ ਆ ਗਿਆ ਅਤੇ ਆਪਣੇ ਹੀ ਬੇਟੇ ਨੂੰ ਇਕ ਵਾਰ ਫਿਰ ਅਗਵਾ ਕਰ ਕੇ ਫਰਾਰ ਹੋ ਗਿਆ। ਪੁਲਿਸ ਦੀ ਮਦਦ ਨਾਲ ਕਪਿਲ ਨੂੰ ਕਾਬੂ ਕੀਤਾ ਗਿਆ ਜਿਸ ਮਗਰੋਂ ਉਸ ਨੇ ਸੁਪਰੀਮ ਕੋਰਟ ਵਿਚ ਅਰਜ਼ੀ ਦਾਇਰ ਕਰ ਦਿਤੀ। ਕੈਨੇਡਾ ਦੇ ਗਲੋਬਲ ਅਫ਼ੇਅਰਜ਼ ਮੰਤਰਾਲੇ ਵੱਲੋਂ ਇਸ ਘਟਨਾਕ੍ਰਮ ਦੌਰਾਨ ਕੈਮੀਲਾ ਨੂੰ ਕੌਂਸਲਰ ਸਹਾਇਤਾ ਮੁਹੱਈਆ ਕਰਵਾਈ ਗਈ। ਭਾਰਤ ਦੀ ਸੁਪਰੀਮ ਕੋਰਟ ਨੇ ਵੀ ਫੈਸਲਾ ਕੈਮੀਲਾ ਦੇ ਹੱਕ ਵਿਚ ਸੁਣਾ ਦਿਤਾ ਜਿਸ ਮਗਰੋਂ ਕੈਨੇਡੀਅਨ ਮਾਂ ਨੇ ਸੁਖ ਦਾ ਸਾਹ ਲਿਆ। ਕਈ ਮਹੀਨੇ ਭਾਰਤ ਵਿਚ ਲੰਘਾਉਣ ਵਾਲੀ ਲਾਚਾਰ ਮਾਂ ਨੇ ਦੱਸਿਆ ਕਿ ਅਦਾਲਤੀ ਫੈਸਲੇ ਤੋਂ ਪਹਿਲਾਂ ਅਧਿਕਾਰੀਆਂ ਨੇ ਉਸ ਦਾ ਪਾਸਪੋਰਟ ਲੈ ਲਿਆ ਅਤੇ ਮੁਲਕ ਛੱਡ ਕੇ ਨਾ ਜਾਣ ਦੀ ਹਦਾਇਤ ਦਿਤੀ।
ਅਦਾਲਤੀ ਲੜਾਈ ਵਿਚ ਜੇਤੂ ਰਹੀ ਕੈਮੀਲਾ
ਕੈਮੀਲਾ ਮੁਤਾਬਕ ਤਕਰੀਬਨ ਚਾਰ ਮਹੀਨੇ ਵਿਚੋਂ ਉਸ ਨੇ ਜ਼ਿਆਦਾਤਰ ਸਮਾਂ ਭਾਰਤੀ ਅਦਾਲਤਾਂ ਵਿਚ ਹੀ ਗੁਜ਼ਾਰਿਆ। ਵੀਰਵਾਰ ਸਵੇਰੇ ਕੈਮੀਲਾ ਆਪਣੇ ਬੇਟੇ ਨੂੰ ਲੈ ਕੇ ਪੀਅਰਸਨ ਇੰਟਰਨੈਸ਼ਨ ਏਅਰਪੋਰਟ ’ਤੇ ਪੁੱਜ ਗਈ ਅਤੇ ਹੁਣ ਵੈਲਨਟੀਨੋ ਦੀ ਸੁਰੱਖਿਆ ਯਕੀਨੀ ਬਣਾਉਣਾ ਉਸ ਦੀ ਮੁੱਖ ਤਰਜੀਹ ਹੈ। ਆਉਂਦੇ ਫਾਲ ਸੀਜ਼ਨ ਦੌਰਾਨ ਵੈਲਨਟੀਨੋ ਸਕੂਲ ਜਾਣ ਲੱਗੇਗਾ ਅਤੇ ਦੋਹਾਂ ਨੂੰ ਆਪਣੀ ਜ਼ਿੰਦਗੀ ਸੁਖਾਲੇ ਤਰੀਕੇ ਨਾਲ ਗੁਜ਼ਾਰਨ ਮੌਕਾ ਮਿਲੇਗਾ। ਕੈਮੀਲਾ ਦਾ ਮੰਨਣਾ ਹੈ ਕਿ ਕੈਨੇਡਾ ਸਰਕਾਰ ਨੇ ਉਸ ਦੀ ਜ਼ਿਆਦਾ ਮਦਦ ਨਹੀਂ ਕੀਤੀ ਕਿਉਂਕਿ ਅਦਾਲਤੀ ਪ੍ਰਕਿਰਿਆ ਦੌਰਾਨ ਹੀ ਭਾਰਤ-ਪਾਕਿ ਵਿਚਾਲੇ ਜੰਗ ਛਿੜ ਗਈ ਅਤੇ ਚੰਡੀਗੜ੍ਹ ਉਤੇ ਹਮਲਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ। ਦੂਜੇ ਪਾਸੇ ਪੂਰੇ ਮਾਮਲੇ ਦਾ ਹੈਰਾਨਕੁੰਨ ਤੱਥ ਇਹ ਵੀ ਰਿਹਾ ਕਿ 48 ਸਾਲ ਦੇ ਕਪਿਲ ਸੁਨਕ ਨੂੰ ਭਾਰਤੀ ਪੁਲਿਸ ਨੇ ਬੱਚਾ ਅਗਵਾ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਨਹੀਂ ਕੀਤਾ ਕਿਉਂਕਿ ਇਥੇ ਪੇਰੈਂਟਲ ਐਬਡਕਸ਼ਨ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ। ਇਸ ਤੋਂ ਸਪੱਸ਼ਟ ਹੈ ਕਿ ਕਪਿਲ ਸੁਨਕ ਵਿਰੁੱਧ ਕਦੇ ਕੋਈ ਦੋਸ਼ ਨਹੀਂ ਲੱਗਣਗੇ ਅਤੇ ਨਾ ਹੀ ਉਸ ਨੂੰ ਕੈਨੇਡਾ ਦੇ ਹਵਾਲੇ ਕੀਤਾ ਜਾਵੇਗਾ। ਚੇਤੇ ਰਹੇ ਕਿ ਭਾਰਤ ਦੇ ਕਈ ਭਗੌੜੇ ਕੈਨੇਡਾ ਵਿਚ ਰਹਿ ਰਹੇ ਹਨ ਜਦਕਿ ਕੈਨੇਡਾ ਦੇ ਕਈ ਭਗੌੜੇ ਭਾਰਤ ਵਿਚ ਮੌਜੂਦ ਹਨ।