ਕੈਨੇਡਾ ਚੋਣਾਂ : ਸਿਆਸਤਦਾਨਾਂ ਨੇ ਲਾਇਆ ਅੱਡੀ-ਚੋਟੀ ਦਾ ਜ਼ੋਰ
ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਕੈਨੇਡੀਅਨ ਸਿਆਸਤਦਾਨ ਅੱਡੀ-ਚੋਟੀ ਜ਼ੋਰ ਲਾ ਰਹੇ ਹਨ ਅਤੇ ਨਿੱਤ ਸਾਹਮਣੇ ਆ ਰਹੇ ਸਰਵੇਖਣਾਂ ਵਿਚ ਇਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ।

By : Upjit Singh
ਟੋਰਾਂਟੋ : ਚੋਣਾਂ ਵਿਚ ਜਿੱਤ ਯਕੀਨੀ ਬਣਾਉਣ ਲਈ ਕੈਨੇਡੀਅਨ ਸਿਆਸਤਦਾਨ ਅੱਡੀ-ਚੋਟੀ ਜ਼ੋਰ ਲਾ ਰਹੇ ਹਨ ਅਤੇ ਨਿੱਤ ਸਾਹਮਣੇ ਆ ਰਹੇ ਸਰਵੇਖਣਾਂ ਵਿਚ ਇਸ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। 338 ਕੈਨੇਡਾ ਦੇ ਤਾਜ਼ਾ ਸਰਵੇਖਣ ਮੁਤਾਬਕ ਲਿਬਰਲ ਪਾਰਟੀ ਨੂੰ 184 ਸੀਟਾਂ ਮਿਲ ਸਕਦੀਆਂ ਹਨ ਅਤੇ ਇਹ ਅੰਕੜਾ ਦੋ ਦਿਨ ਪਹਿਲਾਂ ਦੇ ਮੁਕਾਬਲੇ 4 ਸੀਟਾਂ ਹੇਠਾਂ ਆ ਚੁੱਕਾ ਹੈ। ਉਧਰ ਕੰਜ਼ਰਵੇਟਿਵ ਪਾਰਟੀ ਨੂੰ 126 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ ਅਤੇ ਟੋਰੀਆਂ ਨੂੰ ਦੋ ਦਿਨ ਪਹਿਲਾਂ ਦੇ ਮੁਕਾਬਲੇ ਤਿੰਨ ਸੀਟਾਂ ਦਾ ਫਾਇਦਾ ਹੋ ਰਿਹਾ ਹੈ। ਸਰਵੇਖਣ ਵਿਚ ਪੱਕੀਆਂ ਸੀਟਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਨ੍ਹਾਂ ਮੁਤਾਬਕ ਲਿਬਰਲ ਪਾਰਟੀ ਦੇ ਖਾਤੇ ਵਿਚ 95 ਸੀਟਾਂ ਹਰ ਹੀਲੇ ਜਾਣਗੀਆਂ ਅਤੇ 48 ਹੋਰ ਸੀਟਾਂ ਸੰਭਾਵਤ ਤੌਰ ’ਤੇ ਸੱਤਾਧਾਰੀ ਧਿਰ ਦੇ ਖਾਤੇ ਵਿਚ ਜਾ ਸਕਦੀਆਂ ਹਨ।
ਸਰਵੇਖਣਾਂ ਵਿਚ ਰੋਜ਼ਾਨਾ ਬਦਲ ਰਹੇ ਹਾਲਾਤ
ਟੋਰੀਆਂ ਦੇ ਮਾਮਲੇ ਵਿਚ ਪੱਕੀਆਂ ਸੀਟਾਂ ਦਾ ਅੰਕੜਾ 56 ਦੱਸਿਆ ਜਾ ਰਿਹਾ ਹੈ ਅਤੇ 38 ਸੀਟਾਂ ਸੰਭਾਵਤ ਤੌਰ ’ਤੇ ਪਾਰਟੀ ਦੀ ਝੋਲੀ ਵਿਚ ਆ ਸਕਦੀਆਂ ਹਨ। ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਇਸ ਮਾਮਲੇ ਵਿਚ ਸੀਟਾਂ ਤੋਂ ਸੱਖਣੀ ਨਜ਼ਰ ਆ ਰਹੀ ਹੈ ਕਿਉਂਕਿ ਸਰਵੇਖਣ ਵਿਚ ਯਕੀਨੀ ਤੌਰ ’ਤੇ ਕੋਈ ਸੀਟ ਮਿਲਦੀ ਨਜ਼ਰ ਨਹੀਂ ਆ ਰਹੀ ਅਤੇ ਸੰਭਾਵਤ ਸੀਟਾਂਦੀ ਗਿਣਤੀ ਵੀ ਸਿਰਫ 2 ਦੱਸੀ ਜਾ ਰਹੀ ਹੈ। ਇਸੇ ਦੌਰਾਨ ਕੰਜ਼ਰਵੇਟਿਵ ਪਾਰਟੀ ਦਾ ਇਕ ਨਵਾਂ ਇਸ਼ਤਿਹਾਰ ਸਾਹਮਣੇ ਆਇਆ ਹੈ ਜਿਸ ਵਿਚੋਂ ਪਿਅਰੇ ਪੌਇਲੀਐਵ ਨਦਾਰਦ ਹਨ। ਟੈਲੀਵਿਜ਼ਨ ’ਤੇ ਜਾਰੀ ਨਵੇਂ ਇਸ਼ਤਿਹਾਰ ਵਿਚ ਕੁਝ ਬਜ਼ੁਰਗਾਂ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਕਿੰਨੀ ਔਖੀ ਹੋ ਚੁੱਕੀ ਹੈ। 30 ਸੈਕਿੰਡ ਦੀ ਐਡ ਵਿਚ ਇਕ ਬਜ਼ੁਰਗ ਆਪਣੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਾ ਸੁਣਿਆ ਜਾ ਸਕਦਾ ਹੈ ਜਦਕਿ ਦੂਜਾ ਉਸ ਨੂੰ ਕਹਿੰਦਾ ਹੈ ਕਿ ਇਹ ਸਮੱਸਿਆ ਮਾਰਕ ਕਾਰਨੀ ਹੱਲ ਨਹੀਂ ਕਰ ਸਕਦੇ। ਕੰਜ਼ਰਵੇਟਿਵ ਪਾਰਟੀ ਵੱਲੋਂ ਇਕ ਹੋਰ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਹੈ ਜਿਸ ਵਿਚ ਸਟੀਫ਼ਨ ਹਾਰਪਰ ਨਜ਼ਰ ਆਉਂਦੇ ਹਨ ਪਰ ਪਿਅਰੇ ਪੌਇਲੀਐਵ ਕਿਸੇ ਵੀ ਇਸ਼ਤਿਹਾਰ ਵਿਚ ਨਜ਼ਰ ਨਹੀਂ ਆਏ। ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਟੋਰੀਆਂ ਦੇ ਤਾਜ਼ਾ ਇਸ਼ਤਿਹਾਰ ਬਜ਼ੁਰਗਾਂ ਦੁਆਲੇ ਕੇਂਦਰਤ ਹਨ ਤਾਂ ਕਿ ਇਸ ਵਰਗ ਦੀਆਂ ਵੱਧ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਜਾ ਸਕਣ।
ਕੰਜ਼ਰਵੇਟਿਵ ਪਾਰਟੀ ਦੇ ਨਵੇਂ ਇਸ਼ਤਿਹਾਰ ਚਰਚਾ ਵਿਚ ਆਏ
ਦੂਜੇ ਪਾਸੇ ਗਰੇਟਰ ਟੋਰਾਂਟੋ ਏਰੀਆ ਵਿਚ ਵੋਟਰਾਂ ਨੂੰ ਕਥਿਤ ਤੌਰ ’ਤੇ ਪ੍ਰਭਾਵਤ ਕਰਨ ਦਾ ਯਤਨ ਕਰਨ ਵਾਲੇ ਇਕ ਵਰਕਰ ਨੂੰ ਇਲੈਕਸ਼ਨਜ਼ ਕੈਨੇਡਾ ਵੱਲੋਂ ਨਵੀਂ ਜ਼ਿੰਮੇਵਾਰੀ ਸੌਂਪੇ ਜਾਣ ’ਤੇ ਵਿਵਾਦ ਪੈਦਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਕਿੰਗ-ਵੌਅਨ ਰਾਈਡਿੰਗ ਵਿਚ ਟੈਸਟਨ ਵਿਲੇਜ ਪਬਲਿਕ ਸਕੂਲ ਵਿਖੇ ਇਕ ਪੋÇਲੰਗ ਕਾਮੇ ਵੱਲੋਂ ਵੋਟਰਾਂ ਨੂੰ ਕਥਿਤ ਤੌਰ ’ਤੇ ਕੰਜ਼ਰਵੇਟਿਵ ਉਮੀਦਵਾਰ ਐਨਾ ਰੌਬਰਟਸ ਦੇ ਹੱਕ ਵਿਚ ਭੁਗਤਣ ਲਈ ਆਖਿਆ ਗਿਆ। ਲਿਬਰਲ ਉਮੀਦਵਾਰ ਮੁਬਾਰਕ ਅਹਿਮਦ ਵੱਲੋਂ ਇਸ ਦੀ ਸ਼ਿਕਾਇਤ ਇਲੈਕਸ਼ਨਜ਼ ਕੈਨੇਡਾ ਨੂੰ ਕੀਤੀ ਗਈ ਜਿਸ ਮਗਰੋਂ ਵਰਕਰ ਨੂੰ ਭਾਵੇਂ ਪਹਿਲੀ ਡਿਊਟੀ ਤੋਂ ਹਟਾ ਦਿਤਾ ਗਿਆ ਪਰ ਇਕ ਹੋਰ ਪ੍ਰਸ਼ਾਸਕੀ ਜ਼ਿੰਮੇਵਾਰੀ ਸੌਂਪ ਦਿਤੀ ਗਈ। ਇਸੇ ਦੌਰਾਨ ਇਲੈਕਸ਼ਨਜ਼ ਕੈਨੇਡਾ ਨੇ ਕਿਹਾ ਕਿ ਪੱਖਪਾਤ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਮਾਮਲੇ ਦੀ ਫਾਈਲ ਕਮਿਸ਼ਨਰ ਆਫ਼ ਕੈਨੇਡਾ ਇਲੈਕਸ਼ਨਜ਼ ਕੋਲ ਭੇਜ ਦਿਤੀ ਗਈ ਹੈ। ਉਹ ਵਰਕਰ ਹੁਣ ਵੋਟਰਾਂ ਦੇ ਸੰਪਰਕ ਵਿਚ ਨਹੀਂ ਆਵੇਗਾ।


