ਕੈਨੇਡਾ ਦੀ ਅਦਾਲਤ ਵੱਲੋਂ ਪੰਜਾਬੀ ਨੌਜਵਾਨ ਨੂੰ ਜ਼ਮਾਨਤ ਤੋਂ ਨਾਂਹ
ਕੈਲੇਫੋਰਨੀਆ ਤੋਂ ਕੈਨੇਡਾ ਤੱਕ ਸੈਂਕੜੇ ਕਿਲੋ ਕੋਕੀਨ ਲਿਜਾਣ ਦੇ ਦੋਸ਼ਾਂ ਵਿਚ ਘਿਰੇ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਉਨਟਾਰੀਓ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿਤੀ ਹੈ।

By : Upjit Singh
ਟੋਰਾਂਟੋ : ਕੈਲੇਫੋਰਨੀਆ ਤੋਂ ਕੈਨੇਡਾ ਤੱਕ ਸੈਂਕੜੇ ਕਿਲੋ ਕੋਕੀਨ ਲਿਜਾਣ ਦੇ ਦੋਸ਼ਾਂ ਵਿਚ ਘਿਰੇ ਪੰਜਾਬੀ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਉਨਟਾਰੀਓ ਦੀ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾਂਹ ਕਰ ਦਿਤੀ ਹੈ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਸੁਪੀਰੀਅਰ ਕੋਰਟ ਆਫ਼ ਜਸਟਿਸ ਦੇ ਜੱਜ ਮਾਈਕਲ ਡਨੀਨ ਵੱਲੋਂ ਸਾਬਕਾ ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਦੇ ਫਰਾਰ ਹੋਣ ਦਾ ਖਦਸ਼ਾ ਜ਼ਾਹਰ ਕਰਦਿਆਂ ਜ਼ਮਾਨਤ ਅਰਜ਼ੀ ਰੱਦ ਕਰ ਦਿਤੀ ਗਈ। ਜਸਟਿਸ ਮਾਈਕਲ ਡਨੀਨ ਨੇ ਆਪਣੇ ਫੈਸਲੇ ਵਿਚ ਲਿਖਿਆ ਕਿ ਗੁਰਪ੍ਰੀਤ ਸਿੰਘ ਨੂੰ ਅਮਰੀਕਾ ਵਿਚ 20 ਸਾਲ ਤੋਂ ਵੱਧ ਸਮੇਂ ਲਈ ਜੇਲ ਭੇਜਿਆ ਜਾ ਸਕਦਾ ਹੈ ਜਿਸ ਦੇ ਮੱਦੇਨਜ਼ਰ ਜ਼ਮਾਨਤ ਮਿਲਣ ਮਗਰੋਂ ਉਸ ਦੇ ਫਰਾਰ ਹੋਣ ਦੇ ਆਸਾਰ ਬੇਹੱਦ ਵਧ ਜਾਂਦੇ ਹਨ।
ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਹੈ ਗੁਰਪ੍ਰੀਤ ਸਿੰਘ
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ‘ਅਪ੍ਰੇਸ਼ਨ ਜਾਇੰਟ ਸਲਾਲਮ’ ਅਧੀਨ ਕੀਤੀ ਪੜਤਾਲ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਨੂੰ ਮੈਕਸੀਕੋ, ਦੁਬਈ ਅਤੇ ਕੋਲੰਬੀਆ ਵਿਚ ਸਰਗਰਮ ਕੌਮਾਂਤਰੀ ਗਿਰੋਹਾਂ ਨਾਲ ਜੋੜਿਆ ਗਿਆ। ਉਧਰ ਬਚਾਅ ਪੱਖ ਦੇ ਵਕੀਲ ਵੱਲੋਂ ਦਲੀਲ ਦਿਤੀ ਗਈ ਕਿ ਗੁਰਪ੍ਰੀਤ ਸਿੰਘ ਨੂੰ ਉਸ ਦੇ ਮਾਪਿਆਂ ਦੇ ਘਰ ਨਜ਼ਰਬੰਦ ਕਰ ਦਿਤਾ ਜਾਵੇ ਅਤੇ ਇਸ ਦੌਰਾਨ ਜੀ.ਪੀ.ਐਸ. ਮੌਨੀਟ੍ਰਿੰਗ ਕੀਤੀ ਜਾ ਸਕਦੀ ਹੈ ਪਰ ਜਸਟਿਸ ਡਨੀਨ ਇਸ ਦਲੀਲ ਨਾਲ ਸਹਿਮਤ ਨਾ ਹੋਏ ਅਤੇ ਕਿਹਾ ਕਿ ਜੀ.ਪੀ.ਐਸ. ਮੌਨੀਟਰ ਨੂੰ ਕਿਸੇ ਵੀ ਵੇਲੇ ਬੰਦ ਕੀਤਾ ਜਾ ਸਕਦਾ ਹੈ ਅਤੇ ਲੋੜੀਂਦੇ ਸਰੋਤ ਮੌਜੂਦ ਹੋਣ ਦੀ ਸੂਰਤ ਵਿਚ ਮੁਲਜ਼ਮ ਦੇ ਫਰਾਰ ਹੋਣ ਦਾ ਖਤਰਾ ਬਣਿਆ ਰਹੇਗਾ। ਕੌਮਾਂਤਰੀ ਨਸ਼ਾ ਤਸਕਰ ਅਤੇ ਕੈਨੇਡੀਅਨ ਭਗੌੜੇ ਰਾਯਨ ਵੈਡਿੰਗ ਦੇ ਕਥਿਤ ਸਾਥੀ ਗੁਰਪ੍ਰੀਤ ਸਿੰਘ ਨੂੰ ਜ਼ਮਾਨਤ ਦਿਤੇ ਜਾਣ ਦਾ ਵਿਰੋਧ ਅਮਰੀਕਾ ਦੇ ਵਕੀਲ ਵੀ ਕਰ ਚੁੱਕੇ ਹਨ। ਉਨਟਾਰੀਓ ਦੀ ਅਦਾਲਤ ਵਿਚ ਇਕ ਦਸਤਾਵੇਜ਼ ਦਾਇਰ ਕਰਦਿਆਂ ਯੂ.ਐਸ. ਪ੍ਰੌਸੀਕਿਊਟਰਜ਼ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੇ ਰਾਯਨ ਵੈਡਿੰਗ ਦੇ ਲੱਖਾਂ ਡਾਲਰ ਦੇਣੇ ਹਨ। ਉਨ੍ਹਾਂ ਦਾਅਵਾ ਕੀਤਾ ਕਿ 6 ਲੱਖ ਡਾਲਰ ਦੀ ਅਦਾਇਗੀ ਦੇ ਮੁੱਦੇ ’ਤੇ ਮੈਕਸੀਕੋ ਦੇ ਸਿਨਾਲੋਆ ਨਾਲ ਸਬੰਧਤ ਨਸ਼ਾ ਤਸਕਰਾਂ ਨੇ ਇਕ ਸਾਲ ਪਹਿਲਾਂ ਗੁਰਪ੍ਰੀਤ ਸਿੰਘ ਨੂੰ ਅਗਵਾ ਕਰ ਲਿਆ ਅਤੇ ਰਾਯਨ ਵੈਡਿੰਗ ਨੇ ਉਸ ਨੂੰ ਰਿਹਾਅ ਕਰਵਾਉਣ ਵਿਚ ਅਹਿਮ ਰੋਲ ਅਦਾ ਕੀਤਾ।
ਜੱਜ ਨੇ ਗੁਰਪ੍ਰੀਤ ਸਿੰਘ ਦੇ ਫਰਾਰ ਹੋਣ ਦਾ ਖਦਸ਼ਾ ਕੀਤਾ ਜ਼ਾਹਰ
ਦੂਜੇ ਪਾਸੇ ਕੈਲੇਫੋਰਨੀਆ ਦੇ ਕੇਂਦਰੀ ਜ਼ਿਲ੍ਹੇ ਦੇ ਅਟਾਰਨੀ ਦਫ਼ਤਰ ਵੱਲੋਂ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਕੋਕੀਨ ਤਸਕਰੀ ਦੇ ਧੰਦੇ ਵਿਚ 45 ਸਾਲ ਦਾ ਹਰਦੀਪ ਰੱਤੇ ਵੀ ਸ਼ਾਮਲ ਰਿਹਾ। ਮਾਮਲੇ ਦੀ ਪੜਤਾਲ ਦੌਰਾਨ ਆਰ.ਸੀ.ਐਮ.ਪੀ.ਵੱਲੋਂ ਵੀ ਪੂਰਾ ਸਹਿਯੋਗ ਦਿਤਾ ਗਿਆ ਜਦਕਿ ਨਿਆਗਰਾ ਰੀਜਨਲ ਪੁਲਿਸ, ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ, ਟੋਰਾਂਟੋ ਪੁਲਿਸ ਅਤੇ ਪੀਲ ਰੀਜਨਲ ਪੁਲਿਸ ਨੇ ਵੀ ਯੋਗਦਾਨ ਪਾਇਆ। ਇਥੇ ਦਸਣਾ ਬਣਦਾ ਹੈ ਕਿ ਨਸ਼ਾ ਤਸਕਰਾਂ ਦੇ ਇਸ ਨੈਟਵਰਕ ਨੇ ਹੀ ਕੈਲੇਡਨ ਰਹਿੰਦੇ ਸਿੱਖ ਪਰਵਾਰ ਦੇ ਦੋ ਜੀਆਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿਤਾ। ਅਮਰੀਕਾ ਦੇ ਅਟਾਰਨੀ ਦਫ਼ਤਰ ਮੁਤਾਬਕ ਰਾਯਨ ਵੈਡਿੰਗ ਅਤੇ ਐਂਡਰਿਊ ਕਲਾਰਕ ਦੀਆਂ ਹਦਾਇਤਾਂ ’ਤੇ 20 ਨਵੰਬਰ 2023 ਨੂੰ ਕੈਲੇਡਨ ਦੇ ਇਕ ਘਰ ਵਿਚ ਸਿੱਖ ਪਰਵਾਰ ਦੇ ਤਿੰਨ ਜੀਆਂ ਨੂੰ ਗੋਲੀਆਂ ਨਾਲ ਵਿੰਨ ਦਿਤਾ ਗਿਆ। ਇਨ੍ਹਾਂ ਵਿਚੋਂ 57 ਸਾਲ ਦੇ ਜਗਤਾਰ ਸਿੰਘ ਅਤੇ 55 ਸਾਲ ਦੀ ਹਰਭਜਨ ਕੌਰ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਬੇਟੀ ਕਈ ਹਫ਼ਤੇ ਹਸਪਤਾਲ ਵਿਚ ਦਾਖਲ ਰਹੀ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਵਿਚ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਡਿਪਟੀ ਕਮਿਸ਼ਨਰ ਮਾਰਟੀ ਕਿਅਰਨਜ਼ ਦੇ ਹਵਾਲੇ ਨੇ ਦੱਸਿਆ ਕਿ ਸਿੱਖ ਪਰਵਾਰ ਬਿਲਕੁਲ ਬੇਕਸੂਰ ਸੀ ਅਤੇ ਉਹ ਪਛਾਣ ਦੀ ਗਲਤੀ ਦਾ ਸ਼ਿਕਾਰ ਬਣਿਆ।


