ਕੈਨੇਡੀਅਨ ਖਪਤਕਾਰਾਂ ਸਿਰ ਕਰਜ਼ਾ 2.5 ਖਰਬ ਡਾਲਰ ਤੋਂ ਟੱਪਿਆ
ਕੈਨੇਡੀਅਨ ਖਪਤਕਾਰਾਂ ਸਿਰ ਚੜ੍ਹੇ ਕਰਜ਼ੇ ਦੀ ਰਕਮ ਢਾਈ ਖਰਬ ਡਾਲਰ ਤੋਂ ਟੱਪ ਗਈ ਹੈ ਅਤੇ ਕਰੈਡਿਟ ਕਾਰਡ ਕਰਜ਼ਾ 17 ਸਾਲ ਦੇ ਸਿਖਰਲੇ ਪੱਧਰ 122 ਅਰਬ ਡਾਲਰ ’ਤੇ ਪੁੱਜ ਗਿਆ ਹੈ।
By : Upjit Singh
ਟੋਰਾਂਟੋ : ਕੈਨੇਡੀਅਨ ਖਪਤਕਾਰਾਂ ਸਿਰ ਚੜ੍ਹੇ ਕਰਜ਼ੇ ਦੀ ਰਕਮ ਢਾਈ ਖਰਬ ਡਾਲਰ ਤੋਂ ਟੱਪ ਗਈ ਹੈ ਅਤੇ ਕਰੈਡਿਟ ਕਾਰਡ ਕਰਜ਼ਾ 17 ਸਾਲ ਦੇ ਸਿਖਰਲੇ ਪੱਧਰ 122 ਅਰਬ ਡਾਲਰ ’ਤੇ ਪੁੱਜ ਗਿਆ ਹੈ। ਦੂਜੇ ਪਾਸੇ ਅਮਰੀਕੀ ਪਰਵਾਰਾਂ ’ਤੇ ਚੜ੍ਹਿਆ ਕਰਜ਼ਾ 17.7 ਖਰਬ ਡਾਲਰ ’ਤੇ ਪੁੱਜ ਗਿਆ ਹੈ ਜਦਕਿ ਕਰੈਡਿਟ ਕਾਰਡ ਕਰਜ਼ੇ ਦੀ ਰਕਮ 1.14 ਖਰਬ ਡਾਲਰ ਦੱਸੀ ਜਾ ਰਹੀ ਹੈ। ਐਕੁਆਫੈਕਸ ਦੀ ਵਾਇਸ ਪ੍ਰੈਜ਼ੀਡੈਂਟ ਰਿਬੇਕਾ ਓਕਸ ਨੇ 2024 ਦੀ ਦੂਜੀ ਤਿਮਾਹੀ ਨਾਲ ਸਬੰਧਤ ਅੰਕੜੇ ਉਚੀਆਂ ਵਿਆਜ ਦਰਾਂ ਦੇ ਨਤੀਜਾ ਹਨ ਕਿਉਂਕਿ ਮਾਰਚ 2022 ਮਗਰੋਂ ਬੈਂਕ ਆਫ ਕੈਨੇਡਾ ਵੱਲੋਂ ਲਗਾਤਾਰ 10 ਵਾਰ ਵਿਆਜ ਦਰ ਵਿਚ ਵਾਧਾ ਕੀਤਾ ਗਿਆ। ਹੁਣ ਮਹਿੰਗਾਈ ਘਟਣ ਮਗਰੋਂ ਵਿਆਜ ਦਰਾਂ ਹੇਠਾਂ ਆਉਣ ਦਾ ਰੁਝਾਨ ਆਰੰਭ ਹੋਇਆ ਹੈ ਪਰ ਫਿਰ ਵੀ ਹਾਲਾਤ ਕਾਬੂ ਹੇਠ ਆਉਣ ਵਿਚ ਸਮਾਂ ਲੱਗ ਸਕਦਾ ਹੈ।
ਕਰੈਡਿਟ ਕਾਰਡ ਕਰਜ਼ਾ 17 ਸਾਲ ਦੇ ਸਿਖਰਲੇ ਪੱਧਰ ’ਤੇ ਪੁੱਜਾ
ਕਾਨਫਰੰਸ ਬੋਰਡ ਆਫ ਕੈਨੇਡਾ ਦੇ ਚੀਫ ਇਕੌਨੋਮਿਸਟ ਪੈਡਰੋ ਐਂਟਿਊਨਜ਼ ਦਾ ਕਹਿਣਾ ਸੀ ਕਿ ਲੋਕਾਂ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਕਿਸ਼ਤਾਂ ਦੀ ਅਦਾਇਗੀ ਵਿਚ ਜਾ ਰਿਹਾ ਹੈ ਅਤੇ ਮਹੀਨਾ ਖਤਮ ਹੋਣ ਵੇਲੇ ਉਨ੍ਹਾਂ ਦੀ ਜੇਬ ਵਿਚ ਕੁਝ ਨਹੀਂ ਬਚਦਾ। ਆਰਥਿਕ ਦਬਾਅ ਤਕਰੀਬਨ ਹਰ ਵਰਗ ’ਤੇ ਦੇਖਿਆ ਜਾ ਸਕਦਾ ਹੈ ਪਰ ਇਸ ਦੇ ਸਿੱਟੇ ਆਉਣ ਵਾਲੇ ਕੁਝ ਹਫਤਿਆਂ ਵਿਚ ਜ਼ਿਆਦਾ ਸਪੱਸ਼ਟ ਨਜ਼ਰ ਆਉਣਗੇ। ਦੱਸ ਦੇਈਏ ਕਿ ਅਮਰੀਕਾ ਵਿਚ ਇਕ ਪਰਵਾਰ ’ਤੇ ਔਸਤ ਕਰਜ਼ਾ 2023 ਵਿਚ ਇਕ ਲੱਖ 4 ਹਜ਼ਾਰ ਡਾਲਰ ਦਰਜ ਕੀਤਾ ਗਿਆ ਜਦਕਿ ਕਰੈਡਿਟ ਕਾਰਡ ਦਾ ਔਸਤ ਕਰਜ਼ਾ 6,500 ਡਾਲਰ ਰਿਹਾ। ਗੱਡੀਆਂ ਦੇ ਕਰਜ਼ੇ ਦਾ ਜ਼ਿਕਰ ਕੀਤਾ ਜਾਵੇ ਤਾਂ ਅਮਰੀਕਾ ਵਾਸੀਆਂ ’ਤੇ 1.6 ਖਰਬ ਡਾਲਰ ਦਾ ਕਰਜ਼ਾ ਦੱਸਿਆ ਜਾ ਰਿਹਾ ਹੈ।
ਅਮਰੀਕਾ ਦੇ ਪਰਵਾਰਾਂ ਸਿਰ 17.7 ਖਰਬ ਡਾਲਰ ਦਾ ਕਰਜ਼ਾ
ਆਟੋ ਲੋਨ ਦੀ ਔਸਤ ਕੱਢੀ ਜਾਵੇ ਤਾਂ ਹਰ ਅਮਰੀਕੀ ’ਤੇ 24 ਹਜ਼ਾਰ ਡਾਲਰ ਕਰਜ਼ਾ ਬਣਦਾ ਹੈ। ਪਰਸਨ ਫਾਇਨੈਂਸ ਐਕਸਪਰਟ ਰੂਬੀਨਾ ਅਹਿਮਦ ਹੱਕ ਨੇ ਦੱਸਿਆ ਕਿ ਸਿਰ ਚੜ੍ਹੇ ਕਰਜ਼ੇ ਨਾਲ ਨਜਿੱਠਣ ਲਈ ਕਈ ਸਖ਼ਤ ਫੈਸਲੇ ਲੈਣੇ ਹੋਣਗੇ। ਸਭ ਤੋਂ ਪਹਿਲਾਂ ਵਾਧੂ ਖਰੀਦਾਰੀ ਬੰਦ ਕਰ ਦਿਤੀ ਜਾਵੇ ਅਤੇ ਬੱਚਤ ਨੂੰ ਧਿਆਨ ਵਿਚ ਰਖਦਿਆਂ ਹੀ ਚੀਜ਼ਾ ਖਰੀਦੀਆਂ ਜਾਣ। ਜਿਹੜੀਆਂ ਚੀਜ਼ਾਂ ਦੀ ਲੋੜ ਨਾ ਹੋਵੇ, ਉਹ ਬਿਲਕੁਲ ਨਾ ਖਰੀਦੋ ਅਤੇ ਹਵਾਈ ਜਹਾਜ਼ ਰਾਹੀਂ ਸੈਰ ਸਪਾਟਾ ਕਰਨ ਦੀ ਬਜਾਏ ਸੜਕੀ ਰਸਤੇ ਜਾਣ ਦੀ ਯੋਜਨਾ ਬਣਾਉ।