ਕੈਨੇਡਾ ਦੀ ‘ਮਹਾਰਾਣੀ’ ਹੋਈ ਗ੍ਰਿਫ਼ਤਾਰ
ਕੈਨੇਡਾ ਦੀ ਆਪੂ ਬਣੀ ਮਹਾਰਾਣੀ ਅਤੇ ਉਸ ਦੇ ਅਖੌਤੀ ਦਰਬਾਰੀਆਂ ਨੂੰ ਪੁਲਿਸ ਨੇ ਕਾਬੂ ਕਰ ਕੇ ਜੇਲ ਵਿਚ ਡੱਕ ਦਿਤਾ ਹੈ

By : Upjit Singh
ਰਜੀਨਾ : ਕੈਨੇਡਾ ਦੀ ਆਪੂ ਬਣੀ ਮਹਾਰਾਣੀ ਅਤੇ ਉਸ ਦੇ ਅਖੌਤੀ ਦਰਬਾਰੀਆਂ ਨੂੰ ਪੁਲਿਸ ਨੇ ਕਾਬੂ ਕਰ ਕੇ ਜੇਲ ਵਿਚ ਡੱਕ ਦਿਤਾ ਹੈ। ਜੀ ਹਾਂ, ਸਸਕੈਚਵਨ ਆਰ.ਸੀ.ਐਮ.ਪੀ. ਦੀ ਕਾਰਵਾਈ ਦੌਰਾਨ 16 ਜਣੇ ਗ੍ਰਿਫ਼ਤਾਰ ਕੀਤੇ ਗਏ ਜਿਨ੍ਹਾਂ ਕੋਲੋਂ 4 ਨਕਲੀ ਬੰਦੂਕਾਂ ਬਰਾਮਦ ਹੋਈਆਂ। ਇਹ ਸਾਰੇ ਰਿਚਮਾਊਂਡ ਪਿੰਡ ਦੀ ਇਕ ਪੁਰਾਣੀ ਇਮਾਰਤ ਵਿਚ ਰਹਿ ਰਹੇ ਸਨ ਜਿਥੇ ਕਿਸੇ ਵੇਲੇ ਸਕੂਲ ਹੁੰਦਾ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸਸਕੈਚਵਨ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਰੋਮਾਨਾ ਡਿਡੂਲੋ ਅਤੇ ਉਸ ਦੇ ਪੈਰੋਕਾਰ ਸਤੰਬਰ 2023 ਤੋਂ ਇਸ ਇਮਾਰਤ ਵਿਚ ਰਹਿ ਰਹੇ ਸਨ। ਰੋਮਾਨਾ ਡਿਡੂਲੋ ਦਾ ਉਭਾਰ ਕੋਰੋਨਾ ਮਹਾਂਮਾਰੀ ਦੌਰਾਨ ਲੱਗੀਆਂ ਬੰਦਿਸ਼ਾਂ ਵਿਰੁੱਧ ਹੋਣ ਵਾਲੇ ਮੁਜ਼ਾਹਰਿਆਂ ਦੌਰਾਨ ਹੋਇਆ।
ਸਸਕੈਚਵਨ ਆਰ.ਸੀ.ਐਮ.ਪੀ. ਨੇ 16 ਜਣੇ ਕੀਤੇ ਕਾਬੂ
ਰਿਚਮਾਊਂਡ ਆਉਣ ਤੋਂ ਪਹਿਲਾਂ ਡਿਡੂਲੋ ਅਤੇ ਉਸ ਦੇ ਪੈਰੋਕਾਰ ਕੈਮਸੈਕ ਇਲਾਕੇ ਵਿਚ ਰਹਿੰਦੇ ਸਨ ਪਰ ਉਥੋਂ ਕੱਢ ਦਿਤੇ ਗਏ। ਦੂਜੇ ਪਾਸੇ ਰਿਚਮਾਊਂਡ ਦੀ ਇਮਾਰਤ ਦਾ ਮਾਲਕ ਰਿਕ ਮੈਨਜ਼ ਦੱਸਿਆ ਜਾ ਰਿਹਾ ਹੈ ਜਿਸ ਵਿਰੁੱਧ ਹਮਲਾ ਕਰਨ ਅਤੇ ਧਮਕਾਉਣ ਦੇ ਦੋਸ਼ ਲੱਗੇ ਚੁੱਕੇ ਹਨ। ਰਿਚਮਾਊਂਡ ਦੇ ਮੇਅਰ ਬਰੈਡ ਮਿਲਰ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ਰਾਹੀਂ ਕਈ ਤਸਵੀਰਾਂ ਸਾਂਝੀਆਂ ਕਰਦਿਆਂ ਸਕੂਲ ਦੇ ਮੈਦਾਨ ਵਿਚ ਗੰਦ ਸੁਟੇ ਜਾਣ ਦਾ ਦੋਸ਼ ਲਾਇਆ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਹਰ ਸ਼ੱਕੀ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਫ਼ਿਲਹਾਲ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ। ਦੱਸ ਦੇਈਏ ਕਿ ਰਿਚਮਾਊਂਡ, ਐਲਬਰਟਾ ਦੇ ਬਾਰਡਰ ਨੇੜੇ ਸਥਿਤ ਹੈ ਅਤੇ ਰਜੀਨਾ ਤੋਂ ਇਸ ਦਾ ਫਾਸਲਾ ਤਕਰੀਬਲ 445 ਕਿਲੋਮੀਟਰ ਬਣਦਾ ਹੈ। ਬੀਤੀ 25 ਅਗਸਤ ਨੂੰ ਕਿਸੇ ਨੇ ਸਕੂਲ ਵਿਚ ਮੌਜੂਦ ਸ਼ਖਸ ਕੋਲ ਹਥਿਆਰ ਦੇਖਿਆ ਅਤੇ ਪੁਲਿਸ ਨੂੰ ਇਤਲਾਹ ਦੇ ਦਿਤੀ। ਸਸਕੈਚਵਨ ਆਰ.ਸੀ.ਐਮ.ਪੀ. ਨੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਬੁੱਧਵਾਰ ਨੂੰ ਛਾਪਾ ਮਾਰਿਆ।
ਇਕ ਪੁਰਾਣੇ ਸਕੂਲ ਵਿਚ ਲਗਦੇ ਸਨ ‘ਮਹਾਰਾਣੀ’ ਦੇ ਦਰਬਾਰ
ਹਥਿਆਰਾਂ ਦੀ ਮੌਜੂਦਗੀ ਦਾ ਸ਼ੱਕ ਹੋਣ ਦੇ ਮੱਦੇਨਜ਼ਰ ਰਜੀਨਾ ਪੁਲਿਸ ਦੀ ਸਵੈਟ ਟੀਮ ਨੂੰ ਵੀ ਸਹਾਇਤਾ ਵਾਸਤੇ ਸੱਦਿਆ ਗਿਆ ਅਤੇ 30 ਤੋਂ ਵੱਧ ਗੱਡੀਆਂ ਨੇ ਸਕੂਲ ਦੀ ਇਮਾਰਤ ਨੂੰ ਘੇਰ ਲਿਆ। ਇੰਸਪੈਕਟਰ ਐਸ਼ਲੀ ਸੇਂਟ ਜਰਮੇਨ ਨੇ ਦੱਸਿਆ ਕਿ ਇਮਾਰਤ ਵਿਚ ਤਕਰੀਬਨ ਅੱਠ ਆਰ.ਵੀਜ਼ ਮੌਜੂਦ ਸਨ ਅਤੇ ਅਫ਼ਸਰਾਂ ਦੀ ਟੀਮ ਚੱਪੇ ਚੱਪੇ ਦੀ ਤਲਾਸ਼ੀ ਵਿਚ ਜੁਟ ਗਈ। ਟੈਲੀਗ੍ਰਾਮ ਰਾਹੀਂ ਪਾਏ ਪੋਸਟ ਵਿਚ ਡਿਡੂਲੋ ਨੇ ਕਿਹਾ ਕਿ ਕਾਰਪੋਰੇਸ਼ਨ ਦੀ ਪੁਲਿਸ ਅੰਦਰ ਦਾਖਲ ਹੋ ਚੁੱਕੇ ਹਨ। ਸਾਰੇ ਬਾਹਰ ਨਿਕਲ ਆਉ, ਤੁਹਾਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।


