ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਦੀਆਂ ਮੁਸ਼ਕਲਾਂ ਵਧੀਆਂ
ਅਤਿਵਾਦੀ ਜਥੇਬੰਦੀ ਦੇ ਮੈਂਬਰ ਨੂੰ ਕੈਨੇਡੀਅਨ ਵੀਜ਼ੇ ਦੀ ਸਿਫ਼ਾਰਸ਼ ਕਰਨ ਵਾਲੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ

By : Upjit Singh
ਟੋਰਾਂਟੋ : ਅਤਿਵਾਦੀ ਜਥੇਬੰਦੀ ਦੇ ਮੈਂਬਰ ਨੂੰ ਕੈਨੇਡੀਅਨ ਵੀਜ਼ੇ ਦੀ ਸਿਫ਼ਾਰਸ਼ ਕਰਨ ਵਾਲੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਜਦੋਂ ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਸੇਲਵਾਕੁਮਾਰਨ ਦੀ ਪਤਨੀ ਆਨੰਦਸੰਗਰੀ ਦੇ ਹਲਕੇ ਵਿਚ ਨਹੀਂ ਰਹਿੰਦੀ ਅਤੇ ਉਹ ਲੰਮੇ ਸਮੇਂ ਤੋਂ ਮਾਰਖਮ ਵਿਚ ਰਹਿ ਰਹੀ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਕਹਿੰਦੀ ਹੈ ਕਿ ਸੇਲਵਾਕੁਮਾਰਨ ਦੀ ਪਤਨੀ ਦੇ ਇੰਮੀਗ੍ਰੇਸ਼ਨ ਰਿਕਾਰਡ, ਟੈਕਸ ਰਿਟਰਨਾਂ ਅਤੇ ਹੋਰਨਾਂ ਰਸੀਦਾਂ ਵਿਚ ਮਾਰਖਮ ਦਾ ਪਤਾ ਲਿਖਿਆ ਹੋਇਆ ਹੈ। ਸੇਲਵਾਕੁਮਾਰਨ ਦੀ ਪਤਨੀ ਵੱਲੋਂ ਆਪਣੇ ਪਤੀ ਦੀ ਹਮਾਇਤ ਵਿਚ ਇੰਮੀਗ੍ਰੇਸ਼ਨ ਮੰਤਰਾਲੇ ਨੂੰ ਲਿਖਵਾਏ ਗਏ ਦੋ ਪੱਤਰ ਮਾਰਖਮ ਦੇ ਕੌਂਸਲਰ ਅਤੇ ਵਿਧਾਇਕ ਨੇ ਜਾਰੀ ਕੀਤੇ ਗਏ। ਸੇਲਵਾਕੁਮਾਰਨ ਦੀ ਪਤਨੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਆਪਣੇ ਵਕੀਲ ਦਾ ਨੰਬਰ ਦੇ ਦਿਤਾ ਅਤੇ ਵਕੀਲ ਨੇ ਤਸਦੀਕ ਕਰ ਦਿਤਾ ਕਿ ਉਸ ਦੀ ਮੁਵੱਕਲ 2016 ਤੋਂ ਮਾਰਖਮ ਵਿਖੇ ਰਹਿ ਰਹੀ ਹੈ।
ਗੈਰੀ ਆਨੰਦਸੰਗਰੀ ਦੇ ਹਲਕੇ ’ਚ ਨਹੀਂ ਰਹਿੰਦੀ ਸੇਲਵਾਕੁਮਾਰਨ ਦੀ ਪਤਨੀ
ਇਥੇ ਦਸਣਾ ਬਣਦਾ ਹੈ ਕਿ ਸੇਲਵਾਕੁਮਾਰਨ ਦੇ ਵਕੀਲ ਲੌਰਨ ਵਾਲਡਮੈਨ ਨੇ ਕਿਹਾ ਸੀ ਕਿ ਇਕ ਐਮ.ਪੀ. ਅਜਿਹੇ ਸਿਫ਼ਾਰਸ਼ੀ ਪੱਤਰ ਉਸ ਵੇਲੇ ਲਿਖਦਾ ਹੈ ਜਦੋਂ ਹਲਕੇ ਦੇ ਲੋਕਾਂ ਵੱਲੋਂ ਆਪਣੇ ਚੁਣੇ ਹੋਏ ਨੁਮਾਇੰਦੇ ਨਾਲ ਸੰਪਰਕ ਕਰਦਿਆਂ ਅਜਿਹਾ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਅਤੇ ਅਜਿਹਾ ਕਰਨ ਵਿਚ ਕੁਝ ਗਲਤ ਵੀ ਨਹੀਂ ਹੁੰਦਾ ਪਰ ਤਾਜ਼ਾ ਖੁਲਾਸੇ ਤੋਂ ਨਵਾਂ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਸੇਲਵਾਕੁਮਾਰਨ ਦੀ ਪਤਨੀ ਗੈਰ ਆਨੰਦਸੰਗਰੀ ਦੇ ਸਕਾਰਬ੍ਰੋਅ ਹਲਕੇ ਵਿਚ ਹੀ ਨਹੀਂ ਰਹਿੰਦੀ ਤਾਂ ਉਸ ਦੇ ਪਤੀ ਨੂੰ ਪੀ.ਆਰ. ਦੀ ਸਿਫ਼ਾਰਸ਼ ਕਿਉਂ ਕੀਤੀ ਗਈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਦਫ਼ਤਰ ਨੇ ਤਾਜ਼ਾ ਸਬੂਤਾਂ ਬਾਰੇ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਪਰ ਲੋਕ ਸੁਰੱਖਿਆ ਮੰਤਰੀ ਦੇ ਦਫ਼ਤਰ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ, ‘‘ਮੈਂਬਰ ਪਾਰਲੀਮੈਂਟ ਵੱਲੋਂ ਆਪਣੇ ਹਲਕੇ ਤੋਂ ਬਾਹਰ ਰਹਿੰਦੇ ਕੈਨੇਡੀਅਨ ਨਾਗਰਿਕਾਂ ਦੀ ਮਦਦ ਕਰਨਾ ਕੋਈ ਨਵੀਂ ਗੱਲ ਨਹੀਂ, ਖਾਸ ਤੌਰ ’ਤੇ ਉਨ੍ਹਾਂ ਹਾਲਾਤ ਵਿਚ ਜਦੋਂ ਸਥਾਨਕ ਐਮ.ਪੀ. ਮੰਤਰੀ ਹੋਣ ਕਰ ਕੇ ਅਜਿਹਾ ਕਰਨ ਤੋਂ ਅਸਮਰੱਥ ਹੋਵੇ।’’ ਇਥੇ ਦਸਣਾ ਬਣਦਾ ਹੈ ਕਿ ਸ੍ਰੀਲੰਕਾ ਦੀ ਲਿਬਰੇਸ਼ਨ ਟਾਇਗਰਜ਼ ਆਫ਼ ਤਾਮਿਲ ਇਲਮ ਦੇ ਇਕ ਕਥਿਤ ਮੈਂਬਰ ਨੂੰ ਕੈਨੇਡੀਅਨ ਪੀ.ਆਰ. ਦਿਤੇ ਜਾਣ ਦੀ ਵਕਾਲਤ ਕਰਦਿਆਂ ਗੈਰੀ ਆਨੰਦਸੰਗਰੀ ਨੇ 2016 ਅਤੇ 2023 ਵਿਚ ਸਿਫ਼ਾਰਸ਼ੀ ਪੱਤਰ ਲਿਖੇ। ਉਸ ਵੇਲੇ ਉਹ ਮੰਤਰੀ ਮੰਡਲ ਵਿਚ ਸ਼ਾਮਲ ਨਹੀਂ ਸਨ।
ਅਤਿਵਾਦੀ ਜਥੇਬੰਦੀ ਦੇ ਮੈਂਬਰ ਨੂੰ ਪੀ.ਆਰ. ਦੀ ਕੀਤੀ ਸੀ ਸਿਫ਼ਾਰਸ਼
ਆਨੰਦਸੰਗਰੀ ਦੀਆਂ ਚਿੱਠੀਆਂ ਵਿਚ ਵਰਤੀ ਸ਼ਬਦਾਵਲੀ ਨੂੰ ਗੌਰ ਨਾਲ ਪੜ੍ਹਿਆ ਜਾਵੇ ਤਾਂ ਇਨ੍ਹਾਂ ਵਿਚ ਲਿਖਿਆ ਹੈ ਕਿ ਸੇਲਵਾਕੁਮਾਰਨ ਬਾਰੇ ਸੀ.ਬੀ.ਐਸ.ਏ. ਦੀਆਂ ਚਿੰਤਾਵਾਂ ਬੇਤੁਕੀਆਂ ਹਨ। ਲੋਕ ਸੁਰੱਖਿਆ ਮੰਤਰੀ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਸੇਲਵਾਕੁਮਾਰਨ ਨੂੰ ਕੈਨੇਡਾ ਆਉਣ ਦੇ ਅਯੋਗ ਮੰਨਣ ਦਾ ਕੋਈ ਆਧਾਰ ਨਹੀਂ ਜਦਕਿ ਸੀ.ਬੀ.ਐਸ.ਏ. ਵੱਲੋਂ ਆਪਣੇ ਫੈਸਲੇ ਦੇ ਹੱਕ ਵਿਚ ਵਿਸਤਾਤਰ ਰਿਪੋਰਟ ਨੱਥੀ ਕੀਤੀ ਗਈ ਜਿਸ ਵਿਚ ਸਾਫ਼ ਤੌਰ ’ਤੇ ਲਿਖਿਆ ਕਿ ਸੇਲਵਾਕੁਮਾਰਨ ਨੇ 1992 ਵਿਚ ਲਿੱਟੇ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ 1998 ਤੱਕ ਜਾਰੀ ਰੱਖਿਆ। ਚੇਤੇ ਰਹੇ ਕਿ ਲਿੱਟੇ ਦਾ ਮਈ 2009 ਵਿਚ ਸ੍ਰੀਲੰਕਾ ਦੀ ਫੌਜ ਵੱਲੋਂ ਖਾਤਮਾ ਕਰ ਦਿਤਾ ਗਿਆ ਸੀ।


