ਕੈਨੇਡਾ ਦੇ ਨਿੱਜਰ ਕਤਲਕਾਂਡ ਦੀਆਂ ਤਾਰਾਂ ਯੂ.ਕੇ. ਨਾਲ ਜੁੜੀਆਂ
ਕੈਨੇਡਾ ਦੇ ਹਰਦੀਪ ਸਿੰਘ ਨਿੱਜਰ ਕਤਲਕਾਂਡ ਅਤੇ ਯੂ.ਕੇ. ਵਿਚ ਅਵਤਾਰ ਸਿੰਘ ਖੰਡਾ ਦੀ ਭੇਤਭਰੇ ਹਾਲਾਤ ਵਿਚ ਮੌਤ ਬਾਰੇ ਨਵੇਂ ਅਤੇ ਹੈਰਾਨਕੁੰਨ ਤੱਥ ਉਭਰ ਕੇ ਸਾਹਮਣੇ ਆਏ ਹਨ

By : Upjit Singh
ਟੋਰਾਂਟੋ : ਕੈਨੇਡਾ ਦੇ ਹਰਦੀਪ ਸਿੰਘ ਨਿੱਜਰ ਕਤਲਕਾਂਡ ਅਤੇ ਯੂ.ਕੇ. ਵਿਚ ਅਵਤਾਰ ਸਿੰਘ ਖੰਡਾ ਦੀ ਭੇਤਭਰੇ ਹਾਲਾਤ ਵਿਚ ਮੌਤ ਬਾਰੇ ਨਵੇਂ ਅਤੇ ਹੈਰਾਨਕੁੰਨ ਤੱਥ ਉਭਰ ਕੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁਢਲੇ ਤੌਰ ’ਤੇ ਕੈਨੇਡਾ ਸਰਕਾਰ ਨਿੱਜਰ ਕਤਲਕਾਂਡ ਨੂੰ ਗੈਂਗਸਟਰਾਂ ਨਾਲ ਜੋੜ ਕੇ ਵੇਖ ਰਹੀ ਸੀ ਪਰ ਯੂ.ਕੇ. ਸਰਕਾਰ ਵੱਲੋਂ ਭੇਜੇ ਖੁਫ਼ੀਆ ਦਸਤਾਵੇਜ਼ਾਂ ਨੇ ਉਸ ਵੇਲੇ ਦੀ ਟਰੂਡੋ ਸਰਕਾਰ ਨੂੰ ਝੰਜੋੜ ਕੇ ਰੱਖ ਦਿਤਾ। ਜੀ ਹਾਂ, ਬਲੂਮਬਰਗ ਦੀ ਰਿਪੋਰਟ ਮੁਤਾਬਕ ਯੂ.ਕੇ. ਦੀ ਖੁਫ਼ੀਆ ਏਜੰਸੀ ਵੱਲੋਂ ਅਜਿਹੀ ਗੱਲਬਾਤ ਰਿਕਾਰਡ ਕੀਤੀ ਗਈ ਜਿਸ ਰਾਹੀਂ ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ ਅਤੇ ਗੁਰਪਤਵੰਤ ਸਿੰਘ ਪੰਨੂ ਉਤੇ ਹਮਲੇ ਦੀ ਸਾਜ਼ਿਸ਼ ਬਾਰੇ ਪਤਾ ਲੱਗਾ। ਕੈਨੇਡਾ ਸਰਕਾਰ ਕੋਲ ਪੁੱਜੇ ਖੁਫੀਆ ਦਸਤਾਵੇਜ਼ ਵਿਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਮਿਲਦਾ ਕਿ ਗੱਲਬਾਤ ਕਰਨ ਵਾਲੇ ਕੌਣ ਸਨ ਪਰ ਵਿਸ਼ਲੇਸ਼ਕਾਂ ਨੂੰ ਮਕਸਦ ਸਮਝਣ ਵਿਚ ਦੇਰ ਨਾਲ ਲੱਗੀ।
ਟਰੂਡੋ ਸਰਕਾਰ ਨੇ ਮੁਢਲੇ ਤੌਰ ’ਤੇ ਗੈਂਗਸਟਰਾਂ ਦੀ ਕਰਤੂਤ ਮੰਨਿਆ
ਸਿਰਫ਼ ਐਨਾ ਹੀ ਨਹੀਂ ਇਸ ਗੱਲ ਦੀ ਵੱਡੀ ਸੰਭਾਵਨਾ ਜ਼ਾਹਰ ਕੀਤੀ ਗਈ ਕਿ ਭਾਰਤ ਸਰਕਾਰ ਦੇ ਇਸ਼ਾਰੇ ’ਤੇ ਨਿੱਜਰ ਦਾ ਕਤਲ ਹੋਇਆ। ਯੂ.ਕੇ. ਦਾ ਖੁਫ਼ੀਆ ਦਸਤਾਵੇਜ਼ ਮਿਲਣ ਤੋਂ ਇਕ ਘੰਟੇ ਦੇ ਅੰਦਰ ਕੌਮੀ ਸੁਰੱਖਿਆ ਸਲਾਹਕਾਰ ਜੌਡੀ ਥੌਮਸ ਨੇ ਪੂਰਾ ਚਿੱਠਾ ਜਸਟਿਨ ਟਰੂਡੋ ਅੱਗੇ ਰੱਖ ਦਿਤਾ ਅਤੇ ਇਕ ਉਚ ਪੱਧਰੀ ਮੀਟਿੰਗ ਸ਼ੁਰੂ ਹੋ ਗਈ। ਅਗਲੇ ਕੁਝ ਦਿਨ ਤੱਕ ਕੈਨੇਡੀਅਨ ਸੁਰੱਖਿਆ ਏਜੰਸੀਆਂ ਪੜਤਾਲ ਵਿਚ ਰੁੱਝ ਗਈਆਂ ਅਤੇ ਇਸੇ ਦੌਰਾਨ ਯੂ.ਕੇ. ਤੋਂ ਖੁਫੀਆ ਜਾਣਕਾਰੀ ਦਾ ਇਕ ਹੋਰ ਦਸਤਾਵੇਜ਼ ਆ ਗਿਆ ਜਿਸ ਵਿਚ ਕੁਝ ਲੋਕਾਂ ਦੀ ਗੱਲਬਾਤ ਸ਼ਾਮਲ ਸੀ ਕਿ ਆਖਰਕਾਰ ਨਿੱਜਰ ਨੂੰ ਕਿਵੇਂ ਸਫ਼ਲਤਾ ਨਾਲ ਖ਼ਤਮ ਕੀਤਾ ਗਿਆ। ਬਲੂਮਬਰਗ ਦੀ ਰਿਪੋਰਟ ਕਹਿੰਦੀ ਹੈ ਕਿ ਟਰੂਡੋ ਸਰਕਾਰ ਨੇ ਭਾਰਤੀ ਅਧਿਕਾਰੀਆਂ ਕੋਲ ਮੁੱਦਾ ਉਠਾਇਆ ਅਤੇ ਸਾਂਝੀ ਜਾਂਚ ਕਮੇਟੀ ਗਠਤ ਕਰਨ ਦਾ ਸੁਝਾਅ ਦਿਤਾ ਪਰ ਸਹਿਮਤੀ ਨਾ ਬਣ ਸਕੀ ਅਤੇ ਆਖਰਕਾਰ ਜਸਟਿਨ ਟਰੂਡੋ ਨੂੰ ਸੰਸਦ ਵਿਚ ਖੜ੍ਹੇ ਹੋ ਕੇ ਦੋਸ਼ ਲਾਉਣੇ ਪਏ। ਇਥੇ ਦਸਣਾ ਬਣਦਾ ਹੈ ਕਿ 15 ਜੂਨ 2023 ਨੂੰ ਅਵਤਾਰ ਸਿੰਘ ਖੰਡਾ ਦੀ ਮੌਤ ਯੂ.ਕੇ. ਹਸਪਤਾਲ ਵਿਚ ਹੋਈ ਅਤੇ ਇਸ ਤੋਂ ਤਿੰਨ ਦਿਨ ਬਾਅਦ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ।
ਯੂ.ਕੇ. ਤੋਂ ਆਏ ਖੁਫੀਆ ਦਸਤਾਵੇਜ਼ ਨੇ ਖੋਲਿ੍ਹਆ ਭੇਤ
ਤੀਜਾ ਨਿਸ਼ਾਨਾ ਗੁਰਪਤਵੰਤ ਪੰਨੂ ਸੀ ਜਿਸ ਦੀਆਂ ਰੋਜ਼ਾਨਾ ਸਰਗਰਮੀਆਂ ਨਾਲ ਸਬੰਧਤ ਤਸਵੀਰਾਂ ਖਿੱਚਣ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਸੁਰੱਖਿਆ ਬੰਦੋਬਸਤ ਸਖ਼ਤ ਕਰ ਦਿਤੇ ਗਏ। ਦੂਜੇ ਪਾਸੇ ਅਮਰੀਕਾ ਦੀ ਜੇਲ ਵਿਚ ਬੰਦ ਨਿਖਿਲ ਗੁਪਤਾ ਵਿਰੁੱਧ ਮੁਕੱਦਮੇ ਦੀ ਸੁਣਵਾਈ ਫ਼ਿਲਹਾਲ ਲਟਕ ਗਈ ਹੈ। ਨਿਊ ਯਾਰਕ ਸ਼ਹਿਰ ਦੀ ਅਦਾਲਤ ਵਿਚ 4 ਨਵੰਬਰ ਤੋਂ ਸੁਣਵਾਈ ਸ਼ੁਰੂ ਹੋਣੀ ਸੀ ਪਰ ਨਿਖਿਲ ਗੁਪਤਾ ਨੇ ਅਦਾਲਤ ਵੱਲੋਂ ਮੁਹੱਈਆ ਵਕੀਲ ਦੀਆਂ ਸੇਵਾਵਾਂ ਲੈਣ ਦੀ ਬਜਾਏ ਆਪਣਾ ਪੱਖ ਨਿਜੀ ਵਕੀਲ ਰਾਹੀਂ ਪੇਸ਼ ਕਰਨ ਦੀ ਦਲੀਲ ਦਿਤੀ। ਗੁਪਤਾ ਨੇ ਦੋਸ਼ ਲਾਇਆ ਕਿ ਅਦਾਲਤ ਵੱਲੋਂ ਮੁਹੱਈਆ ਵਕੀਲ ਜ਼ੋਰਦਾਰ ਤਰੀਕੇ ਨਾਲ ਉਸ ਦਾ ਪੱਖ ਰੱਖਣ ਦੇ ਰੌਂਅ ਵਿਚ ਨਜ਼ਰ ਨਹੀਂ ਆਉਂਦਾ। ਜ਼ਿਲ੍ਹਾ ਜੱਜ ਨੇ ਨਿਖਿਲ ਗੁਪਤਾ ਦੀ ਦਲੀਲ ਪ੍ਰਵਾਨ ਕਰਦਿਆਂ ਪ੍ਰੀ ਟ੍ਰਾਇਲ ਕਾਨਫ਼ਰੰਸ ਵਾਸਤੇ 14 ਨਵੰਬਰ ਦਾ ਦਿਨ ਤੈਅ ਕਰ ਦਿਤਾ। ਦੱਸ ਦੇਈਏ ਕਿ ਨਿਖਿਲ ਗੁਪਤਾ ਨੇ ਇਕ ਅੰਡਰ ਕਵਰ ਏਜੰਟ ਨੂੰ ਭਾੜੇ ਦਾ ਕਾਤਲ ਸਮਝ ਕੇ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਵੀਡੀਓ ਦਿਖਾਈ ਸੀ ਅਤੇ ਅਮਰੀਕਾ ਵਿਚ ਅਜਿਹੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਕ ਲੱਖ ਡਾਲਰ ਦੀ ਪੇਸ਼ਕਸ਼ ਕੀਤੀ।


